ਪੁਲਸ ਐਨਕਾਊਂਟਰ ''ਚ ਮਾਰੇ ਗਏ ਗੈਂਗਸਟਰ ਦਵਿੰਦਰ ਬੰਬੀਹਾ ਦੇ ਸਾਥੀ ਨੇ ਕੀਤਾ ਵੱਡਾ ਖੁਲਾਸਾ, ਖੋਲ੍ਹੇ ਕਈ ਰਾਜ਼

Saturday, Nov 19, 2016 - 07:20 PM (IST)

ਪੁਲਸ ਐਨਕਾਊਂਟਰ ''ਚ ਮਾਰੇ ਗਏ ਗੈਂਗਸਟਰ ਦਵਿੰਦਰ ਬੰਬੀਹਾ ਦੇ ਸਾਥੀ ਨੇ ਕੀਤਾ ਵੱਡਾ ਖੁਲਾਸਾ, ਖੋਲ੍ਹੇ ਕਈ ਰਾਜ਼

ਲੁਧਿਆਣਾ (ਪੰਕਜ)— ਬਠਿੰਡਾ ਪੁਲਸ ਵੱਲੋਂ ਬੀਤੇ ਦਿਨ ਰਾਮਪੁਰਾਫੂਲ ਵਿਚ ਹੋਈ ਮੁੱਠਭੇੜ ਦੌਰਾਨ ਮਾਰ ਮੁਕਾਏ ਗਏ ਨਾਮੀ ਸ਼ੂਟਰ ਅਤੇ ਕਾਂਗਰਸੀ ਸਰਪੰਚ ਰਵੀ ਖਵਾਜਕੇ ਦੇ ਕਤਲ ਕਰਨ ਵਾਲੇ ਦਵਿੰਦਰ ਬੰਬੀਹਾ ਦੇ ਸਾਥੀ ਅਤਵਾਰ ਸਿੰਘ ਉਰਫ ਤਾਰੀ, ਜਿਸ ਨੂੰ ਮੁਕਾਬਲੇ ਦੌਰਾਨ ਕਾਬੂ ਕੀਤਾ ਗਿਆ ਸੀ, ਨੇ ਪੁਲਸ ਦੇ ਸਾਹਮਣੇ ਕਈ ਅਹਿਮ ਖੁਲਾਸੇ ਕੀਤੇ ਹਨ।
ਬਠਿੰਡਾ ਪੁਲਸ ਵੱਲੋਂ ਖਤਰਨਾਕ ਅਪਰਾਧੀ ਤਾਰੀ ਨੂੰ ਜ਼ਖਮੀ ਹਾਲਤ ''ਚ ਗ੍ਰਿਫਤਾਰ ਕੀਤਾ ਗਿਆ ਸੀ। ਉਹ ਅੱਜ ਕੱਲ ਮਾਨਸਾ ਜੇਲ ਵਿਚ ਬੰਦ ਸੀ, ਜਿਥੋਂ ਉਸ ਨੂੰ ਲੁਧਿਆਣਾ ਪੁਲਸ ਖਵਾਜਕੇ ਕਤਲਕਾਂਡ ਵਿਚ ਪੁੱਛਗਿੱਛ ਹਿੱਤ ਪ੍ਰੋਡਕਸ਼ਨ ਵਾਰੰਟ ''ਤੇ ਲਿਆਈ ਹੈ। ਪੁਲਸ ਸਾਹਮਣੇ ਦੋਸ਼ੀ ਨੇ ਕਬੂਲਿਆ ਕਿ ਰਵੀ ਖਵਾਜਕੇ ਕਤਲਕਾਂਡ ਦੀ ਸਾਜ਼ਿਸ਼ ਲੁਧਿਆਣਾ ਜੇਲ ਵਿਚ ਰਚੀ ਗਈ ਸੀ ਅਤੇ ਬੰਬੀਹਾ ਅਤੇ ਜੇਲ ਵਿਚ ਬੰਦ ਗੁਗਨੀ, ਜਿਸ ਦੇ ਨਾਲ ਰਵੀ ਦੀ ਪੁਰਾਣੀ ਦੁਸ਼ਮਣੀ ਸੀ, ਨੇ ਇਸ ਕਤਲਕਾਂਡ ਦੀ ਰੂਪ-ਰੇਖਾ ਤਿਆਰ ਕੀਤੀ, ਜਿਸ ਨੂੰ ਸਾਥੀਆਂ ਸਮੇਤ ਅੰਜਾਮ ਦਿੱਤਾ।
ਸੂਤਰਾਂ ਦੀ ਮੰਨੀਏ ਤਾਂ ਦੋਸ਼ੀ ਨੇ ਇਸ ਦੌਰਾਨ ਤਰਨਤਾਰਨ ਵਿਚ ਦੋ ਗੈਂਗਸਟਰ ਗੁੱਟਾਂ ਵਿਚ ਹੋਈ ਤਾਬੜਤੋੜ ਫਾਇਰਿੰਗ ਅਤੇ ਖਤਰਨਾਕ ਅਪਰਾਧੀ ਲੰਬਾ ਪੱਟੀ, ਜਿਸ ਦਾ ਉਨ੍ਹਾਂ ਨੇ ਅਗਵਾ ਕਰ ਕੇ ਕਤਲ ਕਰ ਦਿੱਤਾ ਸੀ, ਸਬੰਧੀ ਕੇਸ ਵਿਚ ਵੀ ਕਈ ਭੇਤ ਖੋਲ੍ਹੇ ਹਨ। ਬੰਬੀਹਾ ਦਾ ਸੱਜਾ ਹੱਥ ਮੰਨੇ ਜਾਣ ਵਾਲੇ ਇਸ ਖਤਰਨਾਕ ਅਪਰਾਧੀ ਨੇ ਰਾਜ ਦੇ ਵੱਖ-ਵੱਖ ਜ਼ਿਲਿਆਂ ਵਿਚ ਉਨ੍ਹਾਂ ਦੇ ਗਿਰੋਹ ਵੱਲੋਂ ਕੀਤੀਆਂ ਦਰਜਨਾਂ ਵਾਰਦਾਤਾਂ ਸਬੰਧੀ ਵੀ ਪੁਲਸ ਨੂੰ ਜਾਣਕਾਰੀ ਦਿੱਤੀ।
ਪੱਟੀ ਦੇ ਕਤਲ ਸਬੰਧੀ ਵੀਡੀਓ ਸੋਸ਼ਲ ਮੀਡੀਆ ''ਤੇ
ਉਧਰ, ਬੰਬੀਹਾ ਦੇ ਕਤਲ ਤੋਂ ਬਾਅਦ ਅਕਤੂਬਰ ਮਹੀਨੇ ਵਿਚ ਸੋਸ਼ਲ ਮੀਡੀਆ ''ਤੇ ਪਾਈ ਗਈ ਵੀਡੀਓ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਜੋ ਕਿ ਮੁਕਾਬਲੇ ਤੋਂ ਪਹਿਲਾਂ ਦੀ ਹੈ, ਜਿਸ ਵਿਚ ਬੰਬੀਹਾ ਨੇ ਆਪਣੇ ਕੋਲ ਪੱਟੀ ਨੂੰ ਬਿਠਾਇਆ ਹੋਇਆ ਹੈ ਅਤੇ ਉਸ ਦੇ ਹੱਥ ਬੰਨ੍ਹੇ ਹੋਏ ਹਨ। ਵੀਡੀਓ ਵਿਚ ਬੰਬੀਹਾ ਜੇਲ ਵਿਚ ਬੰਦ ਆਪਣੇ ਕਿਸੇ ਦੋਸਤ ਨੂੰ ਕੁੱਟਣ ਲਈ ਆਏ ਨੌਜਵਾਨਾਂ ਸਬੰਧੀ ਪੱਟੀ ਤੋਂ ਪੁੱਛਦਾ ਹੈ ਕਿ ਉਹ ਨੌਜਵਾਨ ਉਸ ਨੇ ਭੇਜੇ ਸਨ। ਹਾਲਾਂਕਿ ਲੰਬਾ ਪੱਟੀ ਇਸ ਤੋਂ ਇਨਕਾਰ ਕਰਦਾ ਹੈ ਪਰ ਬੰਬੀਹਾ ਅਤੇ ਉਸ ਦੇ ਸਾਥੀ ਉਸ ਦੀ ਕੁੱਟਮਾਰ ਕਰਦੇ ਹਨ। ਚਰਚਾ ਹੈ ਕਿ ਇਹ ਵੀਡੀਓ ਉਸ ਸਮੇਂ ਦੀ ਹੈ, ਜਦੋਂ ਬੰਬੀਹਾ ਧੜੇ ਵੱਲੋਂ ਅਕੁਲ ਖੱਤਰੀ ਅਤੇ ਲੰਬਾ ਪੱਟੀ ਨੂੰ ਅਗਵਾ ਕੀਤਾ ਗਿਆ ਸੀ ਅਤੇ ਉਨ੍ਹਾਂ ਨੂੰ ਛੁਡਾਉਣ ਲਈ ਉਨ੍ਹਾਂ ਦੇ ਹਮਾਇਤੀਆਂ ਅਤੇ ਬੰਬੀਹਾ ਧੜੇ ਵਿਚ ਤਰਨਤਾਰਨ ਵਿਚ ਖੂਨੀ ਮੁਕਾਬਲਾ ਹੋਇਆ ਸੀ।


author

Gurminder Singh

Content Editor

Related News