ਪੰਜਾਬ ਦੀਆਂ ਧੀਆਂ ਨੇ ਰਚਿਆ ਇਤਿਹਾਸ, ਏਸ਼ੀਅਨ ਰੋਇੰਗ ਚੈਂਪੀਅਨਸ਼ਿਪ ''ਚ ਜਿੱਤਿਆ ਚਾਂਦੀ ਤਗਮਾ
Saturday, Oct 18, 2025 - 08:18 PM (IST)

ਹਲਵਾਰਾ, (ਲਾਡੀ)- ਵੀਅਤਨਾਮ ਵਿੱਚ ਹੋਈ ਏਸ਼ੀਅਨ ਰੋਇੰਗ ਚੈਂਪੀਅਨਸ਼ਿਪ 2025 ਵਿੱਚ ਪਹਿਲੀ ਵਾਰ ਪੰਜਾਬ ਦੀਆਂ ਧੀਆਂ ਨੇ ਇਤਿਹਾਸ ਰਚ ਦਿੱਤਾ ਹੈ। ਲੁਧਿਆਣਾ ਜ਼ਿਲ੍ਹੇ ਦੇ ਗੁਰੂਸਰ ਸੁਧਾਰ ਨੇੜਲੇ ਪਿੰਡ ਅੱਬੂਵਾਲ ਦੀ ਗੁਰਬਾਣੀ ਕੌਰ ਅਤੇ ਤਰਨਤਾਰਨ ਦੀ ਦਿਲਜੋਤ ਕੌਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਚਾਂਦੀ ਦਾ ਤਗਮਾ ਜਿੱਤ ਕੇ ਭਾਰਤ ਦਾ ਮਾਣ ਵਧਾਇਆ ਹੈ।
ਇਹ ਪਹਿਲੀ ਵਾਰ ਹੈ ਕਿ ਕਿਸੇ ਭਾਰਤੀ ਮਹਿਲਾ ਜੋੜੇ ਨੇ ਇਸ ਮੁਕਾਬਲੇ ਵਿੱਚ ਤਗਮਾ ਜਿੱਤਿਆ ਹੈ। ਖਾਸ ਗੱਲ ਇਹ ਹੈ ਕਿ ਪਿਛਲੇ 16 ਸਾਲਾਂ ਵਿੱਚ ਇਹ ਭਾਰਤ ਲਈ ਪਹਿਲੀ ਜਿੱਤ ਹੈ, ਜਿਸ ਕਾਰਨ ਖੇਡ ਪ੍ਰੇਮੀਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ।
ਵੀਅਤਨਾਮ ਦੇ ਹੈ ਫੋਂਗ ਰੋਇੰਗ ਟ੍ਰੇਨਿੰਗ ਸੈਂਟਰ ਵਿੱਚ ਹੋਏ ਇਸ ਚੈਂਪੀਅਨਸ਼ਿਪ ਦਾ ਆਯੋਜਨ ਏਸ਼ੀਅਨ ਰੋਇੰਗ ਫੈਡਰੇਸ਼ਨ (ਏ.ਆਰ.ਐੱਫ.) ਵੱਲੋਂ ਕੀਤਾ ਗਿਆ ਸੀ। ਇਸ ਵਿੱਚ ਵੀਅਤਨਾਮ ਦੇ ਸੱਭਿਆਚਾਰ, ਖੇਡ ਅਤੇ ਸੈਰ-ਸਪਾਟਾ ਮੰਤਰਾਲੇ ਸਮੇਤ ਸਥਾਨਕ ਪ੍ਰਸ਼ਾਸਨ ਦਾ ਸਹਿਯੋਗ ਰਿਹਾ।
ਇਸ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲੇ ਵਿੱਚ 18 ਦੇਸ਼ਾਂ ਅਤੇ ਪ੍ਰਦੇਸ਼ਾਂ ਤੋਂ 668 ਖਿਡਾਰੀਆਂ ਅਤੇ ਕੋਚਾਂ ਨੇ ਹਿੱਸਾ ਲਿਆ, ਜਿਨ੍ਹਾਂ ਵਿੱਚ ਵੀਅਤਨਾਮ, ਈਰਾਨ, ਭਾਰਤ, ਜਾਪਾਨ, ਕੋਰੀਆ ਗਣਰਾਜ, ਥਾਈਲੈਂਡ ਅਤੇ ਸਿੰਗਾਪੁਰ ਦੇ ਖਿਡਾਰੀ ਵੀ ਸ਼ਾਮਲ ਸਨ।
ਭਾਰਤ ਦੀਆਂ ਦੋਹਾਂ ਖਿਡਾਰਣਾਂ ਦੇ ਇਸ ਪ੍ਰਦਰਸ਼ਨ ਨੇ ਨਾ ਸਿਰਫ਼ ਪੰਜਾਬ ਦਾ ਸਿਰ ਗੌਰਵ ਨਾਲ ਉੱਚਾ ਕੀਤਾ ਹੈ, ਸਗੋਂ ਦੇਸ਼ ਦੇ ਰੋਇੰਗ ਖੇਡ ਇਤਿਹਾਸ ਵਿੱਚ ਇੱਕ ਨਵਾਂ ਸੋਹਣਾ ਪੰਨਾ ਜੋੜ ਦਿੱਤਾ ਹੈ।