ਨੂੰਹ-ਪੁੱਤਰ ਦੀ ਲੜਾਈ ਤੋਂ ਦੁਖੀ ਸੱਸ ਨੇ ਸੱਤ ਮਹੀਨੇ ਦੀ ਪੋਤਰੀ ਸਣੇ ਨਹਿਰ ’ਚ ਮਾਰੀ ਛਾਲ

Wednesday, Jun 01, 2022 - 04:49 PM (IST)

ਨੂੰਹ-ਪੁੱਤਰ ਦੀ ਲੜਾਈ ਤੋਂ ਦੁਖੀ ਸੱਸ ਨੇ ਸੱਤ ਮਹੀਨੇ ਦੀ ਪੋਤਰੀ ਸਣੇ ਨਹਿਰ ’ਚ ਮਾਰੀ ਛਾਲ

ਫਿਰੋਜ਼ਪੁਰ (ਪਰਮਜੀਤ ਸੋਢੀ) : ਕੋਠੀ ਰਾਏ ਸਾਹਿਬ ਵਿਖੇ ਨੂੰਹ ਅਤੇ ਪੁੱਤਰ ਦੀ ਲੜਾਈ ਤੋਂ ਤੰਗ ਆ ਕੇ ਸੱਸ ਨੇ 7 ਮਹੀਨੇ ਦੀ ਪੋਤਰੀ ਨੂੰ ਲੈ ਕੇ ਨਹਿਰ ਵਿਚ ਛਾਲ ਮਾਰ ਦਿੱਤੀ। ਇਸ ਸਬੰਧ ਵਿਚ ਥਾਣਾ ਸਦਰ ਫਿਰੋਜ਼ਪੁਰ ਦੀ ਪੁਲਸ ਨੇ ਤਿੰਨ ਵਿਅਕਤੀਆਂ ਖ਼ਿਲਾਫ 306, 34 ਆਈ. ਪੀ. ਸੀ. ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਸੁਨੀਲ ਕੁਮਾਰੀ ਪੁੱਤਰੀ ਸੋਨਾ ਰਾਤ ਵਾਸੀ ਗਾਂਧੀ ਨਗਰ ਸਿਟੀ ਫਿਰੋਜ਼ਪੁਰ ਨੇ ਦੱਸਿਆ ਕਿ ਉਸ ਦਾ ਵਿਆਹ ਕਰੀਬ 4 ਸਾਲ ਪਹਿਲਾਂ ਮਨਦੀਪ ਉਰਫ ਮੋਨੂੰ ਪੁੱਤਰ ਅਨਵਰ ਭੱਟੀ ਨਾਲ ਹੋਇਆ ਸੀ। ਜਿਸ ਵਿਚੋਂ ਉਸ ਦੀ ਇਕ 7 ਮਹੀਨੇ ਦੀ ਬੇਟੀ ਬਲਨੂਰ ਭੱਟੀ ਹੈ। ਸੁਨੀਲ ਕੁਮਾਰੀ ਨੇ ਦੱਸਿਆ ਕਿ ਦੋਸ਼ੀ ਮਨਦੀਪ ਉਸ ਨਾਲ ਕੁੱਟਮਾਰ ਕਰਕੇ ਉਸ ਨੂੰ ਘਰੋਂ ਕੱਢ ਦਿੰਦੇ ਸੀ ਜਿਸ ਸਬੰਧੀ ਉਸ ਦੀ ਸੱਸ ਊਸ਼ਾ ਜੋ ਇਨ੍ਹਾਂ ਨੂੰ ਕੁੱਟਮਾਰ ਕਰਨ ਤੋਂ ਰੋਕਦੀ ਰਹਿੰਦੀ ਸੀ। ਮਿਤੀ 8 ਮਈ 2022 ਨੂੰ ਉਕਤ ਨੇ ਉਸ ਨੂੰ ਸਮੇਤ ਉਸ ਦੀ 7 ਮਹੀਨੇ ਦੀ ਬੇਟੀ ਨਾਲ ਘਰੋਂ ਕੱਢ ਦਿੱਤਾ ਸੀ ਜੋ ਉਹ ਆਪਣੇ ਭਰਾ ਦੇ ਘਰ ਗਾਂਧੀ ਨਗਰ ਆ ਗਈ ਜਿਸ ਦੇ ਮਗਰ ਹੀ ਦੋਸ਼ੀ ਮਨਦੀਪ ਉਰਫ ਮੋਨੂੰ ਆ ਕੇ ਉਸ ਕੋਲੋਂ ਉਸ ਦੀ ਬੇਟੀ ਨੂੰ ਧੱਕੇ ਨਾਲ ਲੈ ਗਿਆ।

ਇਸ ਸਬੰਧੀ ਉਸ ਨੇ ਕਈ ਵਾਰੀ ਆਪਣੀ ਬੱਚੀ ਵਾਪਸ ਲੈਣ ਦੀ ਮੰਗ ਕੀਤੀ ਪਰ ਬੱਚੀ ਵਾਪਸ ਨਹੀਂ ਭੇਜੀ। ਜਿਸ ਸਬੰਧੀ ਉਸ ਦੀ ਸੱਸ ਊਸ਼ਾ ਪ੍ਰੇਸ਼ਾਨ ਰਹਿਣ ਲੱਗ ਪਈ। ਇਸੇ ਪ੍ਰੇਸ਼ਾਨੀ ਨੂੰ ਲੈ ਕੇ ਉਸ ਦੀ ਸੱਸ ਊਸ਼ਾ ਰਾਣੀ ਨੇ ਸਮੇਤ ਉਸ ਦੀ ਧੀ ਬਲਨੂਰ ਭੱਟੀ ਦੇ ਮਿਤੀ 26 ਮਈ 2022 ਨੂੰ ਕੋਠੀ ਰਾਏ ਸਾਹਿਬ ਤੋਂ ਝੋਕ ਹਰੀਹਰ ਨੇੜੇ ਬੁੱਕਣ ਖਾਂ ਨਹਿਰ ਵਿਚ ਛਾਲ ਮਾਰ ਦਿੱਤੀ। ਇਸ ਮਾਮਲੇ ਦੀ ਜਾਂਚ ਕਰ ਰਹੇ ਏ. ਐੱਸ. ਆਈ. ਕਰਮ ਸਿੰਘ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਦੋਸ਼ੀ ਮਨਦੀਪ, ਸੰਦੀਪ ਉਰਫ ਸੋਨੂੰ ਪੁੱਤਰ ਅਨਵਰ ਭੱਟੀ, ਅਨਵਰ ਭੱਟੀ ਪੁੱਤਰ ਸਫੀ ਵਾਸੀਅਨ ਕੋਠੀ ਰਾਏ ਸਾਹਿਬ ਖ਼ਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Gurminder Singh

Content Editor

Related News