ਦੋ ਧਿਰਾਂ ’ਚ ਹੋਈ ਲੜਾਈ ਦੌਰਾਨ ਚੱਲੀਆਂ ਗੋਲੀਆਂ, 2 ਗੰਭੀਰ ਜ਼ਖਮੀ
Thursday, Oct 01, 2026 - 12:38 PM (IST)
ਗੋਨਿਆਣਾ ਮੰਡੀ (ਗੋਰਾ ਲਾਲ) : ਸਥਾਨਕ ਸ਼ਹਿਰ ਤੋਂ ਤਕਰੀਬਨ 10 ਕਿਲੋਮੀਟਰ ਦੀ ਦੂਰੀ ’ਤੇ ਪਿੰਡ ਜੰਡਾਂਵਾਲਾ ਵਿੰਝੂ ਕਾ ਵਿਖੇ ਆਪਸੀ ਰੰਜ਼ਿਸ ਨੂੰ ਲੈ ਕੇ ਹਥਿਆਰਾਂ ਦੀ ਨੋਕ ’ਤੇ ਹੋਈ ਲੜਾਈ ’ਚ ਚੱਲੀਆਂ ਗੋਲੀਆਂ ਦੌਰਾਨ ਦੋ ਵਿਅਕਤੀ ਗੰਭੀਰ ਰੂਪ ’ਚ ਜ਼ਖਮੀ ਹੋ ਗਏ। ਥਾਣਾ ਨੇਹੀਆਂਵਾਲਾ ਨੇ ਉਕਤ ਮਾਮਲੇ ’ਚ ਇਕ ਦਰਜਨ ਦੇ ਕਰੀਬ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੂਰੂ ਕਰ ਦਿੱਤੀ ਹੈ। ਮਿਲੀ ਜਾਣਕਾਰੀ ਬੀਤੀ ਰਾਤ ਪਿੰਡ ਜੰਡਾਂਵਾਲਾ ਵਿੰਝੂ ਕਾ ਦੀ ਅਨਾਜ ਮੰਡੀ ’ਚ ਪਿੰਡ ਦੇ ਹੀ ਦੋ ਧਿਰਾਂ ਦੇ ਇਕ ਦਰਜਨ ਦੇ ਕਰੀਬ ਨੌਜਵਾਨਾਂ ਦੀ ਕਿਸੇ ਰੰਜ਼ਿਸ ਨੂੰ ਲੈ ਕੇ ਹੋਈ ਲੜਾਈ ’ਚ ਗੋਲੀਆਂ ਚੱਲੀਆਂ। ਇਸ ਦੌਰਾਨ ਦੋ ਵਿਅਕਤੀ ਪ੍ਰਭਦੀਪ ਸਿੰਘ (25) ਅਤੇ ਗੁਰਪਿਆਰ ਸਿੰਘ (50) ਵਾਸੀਆਨ ਜੰਡਾਂਵਾਲਾ ਗੰਭੀਰ ਰੂਪ ’ਚ ਜ਼ਖਮੀ ਹੋ ਗਏ।
ਉਕਤ ਘਟਨਾ ਤੋਂ ਬਾਅਦ ਗੋਲੀ ਚਲਾਉਣ ਵਾਲੇ ਹਮਲਾਵਾਰ ਭੱਜਣ ’ਚ ਸਫ਼ਲ ਹੋ ਗਏ। ਪਿੰਡ ਵਾਲਿਆਂ ਨੇ ਦੋਵਾਂ ਜ਼ਖਮੀਆਂ ਨੂੰ ਤਰੁੰਤ ਸਿਵਲ ਹਸਪਤਾਲ ਬਠਿੰਡਾ ਵਿਖੇ ਦਾਖ਼ਲ ਕਰਵਾਇਆ ਗਿਆ। ਜਿਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਸੂਚਨਾ ਮਿਲਣ ’ਤੇ ਥਾਣਾ ਨੇਹੀਆਂਵਾਲਾ ਦੀ ਪੁਲਸ ਵੀ ਪਹੁੰਚ ਗਈ। ਪੁਲਸ ਵੱਲੋਂ ਸਾਰੀ ਕਾਨੂੰਨੀ ਕਾਰਵਾਈ ਕਰਦਿਆਂ ਦੋਵਾਂ ਧਿਰਾਂ ਦੇ ਇਕ ਦਰਜਨ ਦੇ ਕਰੀਬ ਹਮਲਾਵਾਰਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ। ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਅਮਰਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਸਮੂਹ ਹਮਲਾਵਾਰਾਂ ਨੂੰ ਕਾਬੂ ਕਰਨ ਲਈ ਛਾਪਾਮਾਰੀ ਜਾਰੀ ਹੈ, ਉਨ੍ਹਾਂ ਕਿਹਾ ਕਿ ਜਲਦੀ ਹੀ ਸਾਰੇ ਹਮਲਾਵਾਰ ਫੜ੍ਹ ਕੇ ਜੇਲ੍ਹ ਭੇਜੇ ਜਾਣਗੇ।
