ਧੀ ਨੇ ਹੌਂਸਲਾ ਕਰਕੇ ਪੁਲਸ ਨੂੰ ਦੱਸੀ ਮਾਂ ਤੇ ਤਾਂਤਰਿਕ ਦੀ ਕਰਤੂਤ, ਸਾਹਮਣੇ ਲਿਆਂਦਾ ਗੰਦਾ ਸੱਚ

01/05/2020 2:15:56 PM

ਮੋਰਿੰਡਾ (ਅਰਨੌਲੀ) : ਮੋਰਿੰਡਾ ਪੁਲਸ ਨੇ ਇਕ ਲੜਕੀ ਨਾਲ ਜਬਰ-ਜ਼ਨਾਹ ਦੀ ਕੋਸ਼ਿਸ਼ ਕਰਨ ਦੇ ਦੋਸ਼ ਵਿਚ ਇਕ ਤਾਂਤਰਿਕ ਅਤੇ ਇਸ ਮਾਮਲੇ ਵਿਚ ਕਥਿਤ ਦੋਸ਼ੀ ਦਾ ਸਾਥ ਦੇਣ ਬਦਲੇ ਪੀੜਤ ਲੜਕੀ ਦੀ ਮਾਂ ਵਿਰੁੱਧ ਮਾਮਲਾ ਦਰਜ ਕਰਕੇ ਦੋਵਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਐੱਸ. ਐੱਚ. ਓ. ਸਿਟੀ ਪੁਲਸ ਇੰਸਪੈਕਟਰ ਸੁਨੀਲ ਕੁਮਾਰ ਨੇ ਦੱਸਿਆ ਕਿ ਇਕ ਲੜਕੀ ਨੇ ਪੁਲਸ ਕੋਲ ਸ਼ਿਕਾਇਤ ਦਿੱਤੀ ਸੀ ਕਿ ਉਹ ਮੋਰਿੰਡਾ ਵਿਖੇ ਆਪਣੀ ਮਾਂ ਅਤੇ ਛੋਟੇ ਭਰਾ ਨਾਲ ਸ਼ਾਮ ਲਾਲ ਨਾਮਕ ਵਿਅਕਤੀ ਨਾਲ ਰਹਿੰਦੀ ਸੀ, ਸਾਡੇ ਘਰ ਇਕ ਰਮੇਸ਼ ਕੁਮਾਰ ਨਾਮ ਦਾ ਤਾਂਤਰਿਕ ਆਉਂਦਾ ਸੀ ਜੋ ਮੇਰੀ ਮਾਂ ਨੂੰ ਹਵਨ ਕਰਨ ਦੇ ਬਹਾਨੇ ਘਰ ਦੇ ਉਪਰ ਬਣੇ ਕਮਰੇ ਵਿਚ ਲੈ ਜਾਂਦਾ ਸੀ ਅਤੇ ਉਸਦੇ ਨਾਲ ਗਲਤ ਕੰਮ ਕਰਦਾ ਸੀ। ਉਸਨੇ ਮੇਰੀ ਮਾਸੀ ਨੂੰ ਵੀ ਹਵਨ ਕਰਨ ਦੇ ਬਹਾਨੇ ਘਰ ਦੇ ਉਪਰਲੇ ਕਮਰੇ ਵਿਚ ਲਿਜਾ ਕੇ ਉਸ ਨਾਲ ਗਲਤ ਕੰਮ ਕੀਤਾ।

ਤਾਂਤਰਿਕ ਨੇ ਮੇਰੀ ਮਾਂ ਨੂੰ ਦੱਸਿਆ ਕਿ ਤੇਰੀ ਲੜਕੀ (ਮੇਰੇ) ਦੇ ਪੇਟ ਵਿਚ ਕੋਈ ਚੀਜ਼ ਹੈ, ਜੋ ਹਵਨ ਦੇ ਨਾਲ ਹੀ ਠੀਕ ਹੋਵੇਗੀ। ਉਹ ਮੇਰੇ ਨਾਲ ਵੀ ਅਸ਼ਲੀਲ ਹਰਕਤਾਂ ਕਰਨ ਲੱਗ ਪਿਆ ਅਤੇ ਉਸਨੇ ਮੇਰੇ ਨਾਲ ਜਬਰ-ਜ਼ਨਾਹ ਕਰਨ ਦੀ ਕੋਸ਼ਿਸ਼ ਕੀਤੀ। ਮੈਂ ਉੱਥੋਂ ਭੱਜ ਕੇ ਆਪਣੀ ਮਾਂ ਨੂੰ ਦੱਸਿਆ ਤਾਂ ਮੇਰੀ ਮਾਂ ਨੇ ਮੈਨੂੰ ਇਸ ਗਲਤ ਕੰਮ ਲਈ ਬਹੁਤ ਟਾਰਚਰ ਕੀਤਾ। ਮੈਂ ਉਸ ਤਾਂਤਰਿਕ ਦਾ ਘਰ ਆਉਣ ਦਾ ਵਿਰੋਧ ਕਰਨ ਲੱਗੀ ਤਾਂ ਮੇਰੀ ਮਾਂ ਅਤੇ ਸ਼ਾਮ ਲਾਲ ਨੇ ਮੈਨੂੰ ਕੁੱਟਣਾ-ਮਾਰਨਾ ਸ਼ੁਰੂ ਕਰ ਦਿੱਤਾ। ਮੇਰੀ ਮਾਂ ਦੇ ਸ਼ਾਮ ਲਾਲ ਨਾਲ ਨਜਾਇਜ਼ ਸਬੰਧ ਹਨ, ਜਿਸ ਕਾਰਣ ਉਹ ਮੇਰੇ ਪਿਤਾ ਨੂੰ ਛੱਡ ਕੇ ਸ਼ਾਮ ਲਾਲ ਨਾਲ ਮੋਰਿੰਡਾ ਰਹਿ ਰਹੀ ਹੈ। ਉਸਨੇ ਦੱਸਿਆ ਕਿ ਮੈਂ ਕਾਲਜ ਵਿਚ ਪੜ੍ਹਦੀ ਹਾਂ ਤੇ ਇਸ ਘਟਨਾ ਸਬੰਧੀ ਮੈਂ ਕਾਲਜ ਦੇ ਸਟਾਫ ਨੂੰ ਦੱਸਿਆ ਜਿਨ੍ਹਾਂ ਨੇ ਮੈਨੂੰ ਪੁਲਸ ਕੋਲ ਸ਼ਿਕਾਇਤ ਦੇਣ ਲਈ ਕਿਹਾ। ਇਸ ਤੋਂ ਬਾਅਦ ਮੈਂ ਐੱਸ. ਐੱਸ. ਪੀ. ਰੂਪਨਗਰ ਕੋਲ ਸ਼ਿਕਾਇਤ ਦਿੱਤੀ, ਜਿਸ 'ਤੇ ਪੁਲਸ ਨੇ ਤਾਂਤਰਿਕ ਰਮੇਸ਼ ਕੁਮਾਰ ਅਤੇ ਲੜਕੀ ਦੀ ਮਾਂ ਵਿਰੁੱਧ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ।


Gurminder Singh

Content Editor

Related News