''ਚਿਸ਼ਤੀ ਦਰਬਾਰ'' ਨੂੰ ਬੰਦ ਕਰਵਾਉਣ ਦੇ ਮਾਮਲੇ ''ਤੇ ਸਥਿਤੀ ਬਣੀ ਤਣਾਅਪੂਰਨ
Friday, Jul 28, 2017 - 07:51 AM (IST)
ਮੋਗਾ (ਪਵਨ ਗਰੋਵਰ/ਗੋਪੀ ਰਾਊਕੇ) - ਜ਼ੀਰਾ ਰੋਡ ਸਥਿਤ 'ਚਿਸ਼ਤੀ ਦਰਬਾਰ' ਨੂੰ ਬੰਦ ਕਰਵਾਉਣ ਦੇ ਮਾਮਲੇ ਨੂੰ ਲੈ ਕੇ ਸਥਿਤੀ ਤਣਾਅਪੂਰਨ ਬਣ ਗਈ ਹੈ। ਦਰਅਸਲ ਇਸ ਚਿਸ਼ਤੀ ਦਰਬਾਰ ਦਾ ਮਾਮਲਾ ਕੁਝ ਦਿਨ ਪਹਿਲਾਂ ਉਸ ਸਮੇਂ ਸਾਹਮਣੇ ਆਇਆ ਸੀ, ਜਦੋਂ ਮੋਗਾ ਦੇ ਇਕ ਡਾਕਟਰ ਨਾਲ ਦਰਬਾਰ ਦੇ ਪ੍ਰਬੰਧਕਾਂ ਦਾ ਆਪਸੀ ਝਗੜਾ ਹੋ ਗਿਆ ਸੀ ਅਤੇ ਇਸ ਸਬੰਧੀ ਪੁਲਸ ਮੁਕੱਦਮਾ ਵੀ ਦਰਜ ਹੈ। ਉਸੇ ਦਿਨ ਤੋਂ 'ਚਿਸ਼ਤੀ ਦਰਬਾਰ' ਨੂੰ ਬੰਦ ਕਰਵਾਉਣ ਲਈ ਸਿੱਖ, ਮੁਸਲਿਮ ਅਤੇ ਈਸਾਈ ਭਾਈਚਾਰੇ ਸਮੇਤ ਹੋਰ ਧਰਮਾਂ ਨਾਲ ਸੰਬੰਧ ਰੱਖਣ ਵਾਲੇ ਆਗੂਆਂ ਵੱਲੋਂ ਦਰਬਾਰ ਨੂੰ ਬੰਦ ਕਰਵਾਉਣ ਲਈ ਸੰਘਰਸ਼ ਕੀਤਾ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਕੁਝ ਦਿਨ ਦਰਬਾਰ ਦੇ ਬੰਦ ਰਹਿਣ ਮਗਰੋਂ ਹੁਣ ਖੁੱਲ੍ਹਣ ਦਾ ਜਿਉਂ ਹੀ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਚਿਸ਼ਤੀ ਦਰਬਾਰ ਅੱਗੇ ਇਕੱਤਰ ਹੋ ਕੇ ਇਸ ਦਾ ਵਿਰੋਧ ਕੀਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਆਗੂਆਂ ਤੋਂ ਇਲਾਵਾ ਮੁਸਲਿਮ ਅਤੇ ਹੋਰ ਧਰਮਾਂ ਦੇ ਆਗੂਆਂ ਨੇ ਦੋਸ਼ ਲਾਉਂਦਿਆਂ ਦਰਬਾਰ ਨੂੰ ਬੰਦ ਕਰਵਾਉਣ ਦੀ ਪ੍ਰਸ਼ਾਸਨ ਤੋਂ ਅਪੀਲ ਕੀਤੀ ਕਿ 'ਚਿਸ਼ਤੀ ਦਰਬਾਰ' ਦੇ ਪੈਰੋਕਾਰਾਂ ਵੱਲੋਂ ਕਥਿਤ ਤੌਰ 'ਤੇ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ। ਉਨ੍ਹਾਂ ਇੱਥੇ ਕਥਿਤ ਤੌਰ 'ਤੇ ਨਸ਼ੇ ਦੀ ਵਿਕਰੀ ਹੋਣ ਦੀ ਗੱਲ ਵੀ ਜ਼ੋਰ-ਸ਼ੋਰ ਨਾਲ ਉਠਾਈ। ਇਸ ਤਰ੍ਹਾਂ ਦੀ ਬਣੀ ਸਥਿਤੀ ਮਗਰੋਂ ਵੱਡੀ ਗਿਣਤੀ 'ਚ ਪੁਲਸ ਪ੍ਰਸ਼ਾਸਨ ਦੇ ਅਧਿਕਾਰੀ ਤੇ ਮੁਲਾਜ਼ਮ ਦਰਬਾਰ ਅੱਗੇ ਤਾਇਨਾਤ ਹੋ ਗਏ। ਇਸ ਦੌਰਾਨ ਡੇਰੇ ਨਾਲ ਸੰਬੰਧ ਰੱਖਦੇ ਇਕ ਪੈਰੋਕਾਰ ਦੀ ਸਿੱਖ ਆਗੂਆਂ ਨਾਲ ਕਾਫ਼ੀ ਤਲਖ-ਕਲਾਮੀ ਹੋਈ, ਜਿਸ 'ਤੇ ਪੁਲਸ ਅਧਿਕਾਰੀਆਂ ਨੇ ਕਾਬੂ ਪਾਇਆ। ਚਿਸ਼ਤੀ ਦਰਬਾਰ ਦੇ ਪੈਰੋਕਾਰ ਦਰਬਾਰ ਅੰਦਰ ਹੀ ਦਰਵਾਜ਼ੇ ਬੰਦ ਕਰ ਕੇ ਬੈਠੇ ਸਨ, ਜਦਕਿ ਸਿੱਖ ਜਥੇਬੰਦੀਆਂ ਦੇ ਆਗੂ ਇਨ੍ਹਾਂ ਨੂੰ ਬਾਹਰ ਕੱਢਣ ਲਈ ਪੁਲਸ ਅਧਿਕਾਰੀਆਂ ਨੂੰ ਕਹਿ ਰਹੇ ਸਨ।
ਸ੍ਰੀ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਆਗੂ ਪ੍ਰਗਟ ਸਿੰਘ ਦਾ ਕਹਿਣਾ ਸੀ ਕਿ ਉਨ੍ਹਾਂ ਪ੍ਰਸ਼ਾਸਨ ਨੂੰ ਪਹਿਲਾਂ ਵੀ ਕਈ ਵਾਰ ਬੇਨਤੀ ਕੀਤੀ ਹੈ ਕਿ ਇਸ ਦਰਬਾਰ ਨੂੰ ਬੰਦ ਕਰਵਾਇਆ ਜਾਵੇ ਕਿਉਂਕਿ ਇੱਥੇ ਲੁੱਟ-ਖੋਹ ਅਤੇ ਕਈ ਹੋਰ ਵਾਰਦਾਤਾਂ ਪਹਿਲਾਂ ਵੀ ਵਾਪਰ ਚੁੱਕੀਆਂ ਹਨ ਪਰ ਪ੍ਰਸ਼ਾਸਨ ਨੇ ਇਸ ਵੱਲ ਧਿਆਨ ਨਹੀਂ ਦਿੱਤਾ, ਜਿਸ ਕਾਰਨ ਹੁਣ ਵੱਖ-ਵੱਖ ਧਰਮਾਂ ਦੇ ਆਗੂਆਂ ਨੇ ਇਸ ਦਾ ਵਿਰੋਧ ਸ਼ੁਰੂ ਕੀਤਾ ਹੈ ਅਤੇ ਇਹ ਦਰਬਾਰ ਬੰਦ ਹੋਣ ਤੱਕ ਜਾਰੀ ਰਹੇਗਾ। ਦੂਜੇ ਪਾਸੇ ਥਾਣਾ ਸਿਟੀ ਦੇ ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਵਾਂ ਧਿਰਾਂ ਦੇ ਮਾਮਲੇ ਸਬੰਧੀ ਥਾਣੇ ਵਿਖੇ ਗੱਲਬਾਤ ਕੀਤੀ ਜਾਵੇਗੀ।
