ਚੰਦੂਮਾਜਰਾ ਦਾ ਵੱਡਾ ਬਿਆਨ, ਕਿਹਾ ਸੁਪਰੀਮ ਕੋਰਟ ਦੇ 3 ਜੱਜਾਂ ਤੋਂ ਕਰਵਾਈ ਜਾਵੇ ਦਰਬਾਰ ਸਾਹਿਬ ਹਮਲੇ ਦੀ ਜਾਂਚ
Monday, Jun 07, 2021 - 06:34 PM (IST)
ਪਟਿਆਲਾ (ਬਲਜਿੰਦਰ) : ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਪੱਤਰ ਲਿਖ ਕੇ ਮੰਗ ਕੀਤੀ ਕਿ 1984 ’ਚ ਕੇਂਦਰ ਦੀ ਕਾਂਗਰਸ ਸਰਕਾਰ ਵੱਲੋਂ ਜਿਹੜਾ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ’ਤੇ ਹਮਲਾ ਕਰਨ ਦਾ ਬੱਜਰ ਪਾਪ ਕੀਤਾ ਗਿਆ ਸੀ, ਉਸ ਦੀ ਨਿਆਂਇਕ ਜਾਂਚ ਮਾਣਯੋਗ ਸੁਪਰੀਮ ਕੋਰਟ ਦੇ 3 ਸੀਟਿੰਗ ਜਾਂ ਫਿਰ ਰਿਟਾਇਰਡ ਜੱਜਾਂ ਦੇ ਪੈਨਲ ਤੋਂ ਕਰਵਾਈ ਜਾਵੇ ਤਾਂ ਜੋ ਸਾਰੀ ਸੱਚਾਈ ਸਾਹਮਣੇ ਆ ਸਕੇ। ਉਹ ਇਥੇ ਸਾਕਾ ਨੀਲਾ ਤਾਰਾ ਦੀ ਬਰਸੀ ਮੌਕੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ ’ਚ ਕਿਹਾ ਕਿ ਕਾਂਗਰਸ ਦੀ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਇਹ ਹਮਲਾ ਦੇਸ਼ ਨੂੰ ਆਜ਼ਾਦ ਕਰਵਾਉਣ ਅਤੇ ਆਜ਼ਾਦੀ ਤੋਂ ਬਾਅਦ ਦੇਸ਼ ਦਾ ਪੇਟ ਭਰਨ ’ਚ ਅਹਿਮ ਯੋਗਦਾਨ ਪਾਉਣ ਵਾਲੀ ਸਿੱਖ ਕੌਮ ਨੂੰ ਬਦਨਾਮ ਕਰਨ ਦੀ ਵੱਡੀ ਸਾਜ਼ਿਸ਼ ਤਹਿਤ ਕੀਤਾ ਸੀ, ਜਿਸ ’ਚ ਹਜ਼ਾਰਾਂ ਨਿਰਦੋਸ਼ ਸਿੱਖ ਮਾਰੇ ਗਏ ਅਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ-ਢੇਰੀ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ : ਕੋਰੋਨਾ ਮਹਾਮਾਰੀ ਦੀ ਔਖੀ ਘੜੀ ਵਿਚਾਲੇ ਪੰਜਾਬ ਵਾਸੀਆਂ ਲਈ ਰਾਹਤ ਭਰੀ ਖ਼ਬਰ
ਚੰਦੂਮਾਜਰਾ ਨੇ ਮੰਗ ਕੀਤੀ ਕਿ ਬ੍ਰਿਟੇਨ ਦੇ ਆਰਕਾਈਵ ’ਚ ਪਏ ਇਸ ਹਮਲੇ ਨਾਲ ਸਬੰਧਤ ਜਿਹੜੇ ਦਸਤਾਵੇਜ਼ ਪਏ ਹਨ, ਉਨ੍ਹਾਂ ਨੂੰ ਜਨਤਕ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਹਮਲੇ ’ਚ ਕਿਸੇ ਦੂਜੇ ਦੇਸ਼ ਨੂੰ ਸ਼ਾਮਲ ਕਰਨਾ ਦੇਸ਼ ਦੀ ਪ੍ਰਭੂਸੱਤਾ ’ਚ ਸਿੱਧੀ ਦਖਲਅੰਦਾਜ਼ੀ ਹੈ, ਇਸ ਲਈ ਜਾਂਚ ਤੋਂ ਬਾਅਦ ਜਿਹੜੇ ਨਾਂ ਸਾਹਮਣੇ ਆਉਣ, ਉਨ੍ਹਾਂ ਖ਼ਿਲਾਫ਼ ਦੇਸ਼ ਧ੍ਰੋਹ ਦਾ ਮੁਕੱਦਮਾ ਵੀ ਚਲਾਇਆ ਜਾਵੇ ਅਤੇ ਉਨ੍ਹਾਂ ਨੂੰ ਸਖ਼ਤ ਸ਼ਜਾਵਾਂ ਦਿੱਤੀਆਂ ਜਾਣ। ਪ੍ਰੋ. ਚੰਦੂਮਾਜਰਾ ਨੇ ਇਹ ਵੀ ਮੰਗ ਕੀਤੀ ਕਿ ਹੁਣ ਤੱਕ ਕੇਂਦਰ ਸਰਕਾਰ ਨੇ ਇਹ ਡਾਟਾ ਜਨਤਕ ਨਹੀਂ ਕੀਤਾ ਕਿ 3 ਤੋਂ 7 ਜੂਨ 1984 ਦੌਰਾਨ ਚੱਲੇ ਫੌਜੀ ਹਮਲੇ ’ਚ ਕਿੰਨੇ ਨਿਰਦੋਸ਼ ਸਿੱਖ ਮਾਰੇ ਗਏ ਸਨ, ਇਹ ਵੀ ਜਨਤਕ ਕੀਤਾ ਜਾਵੇ।
ਇਹ ਵੀ ਪੜ੍ਹੋ : ਕਾਂਗਰਸ ’ਚ ਬਗਾਵਤ ਨੂੰ ਹੋਰ ਹਵਾ ਮਿਲਣ ਲੱਗੀ ਹੈ, ਖਹਿਰਾ ਦੀ ਐਂਟਰੀ ਨਾਲ ਫਾਇਦਾ ਘੱਟ, ਨੁਕਸਾਨ ਵੱਧ
ਉਨ੍ਹਾਂ ਇਸ ਮੌਕੇ ਕੋਰੋਨਾ ਦਵਾਈਆਂ ਦੀ ਬਲੈਕ ਦੀ ਖੁੱਲ੍ਹ ਕੇ ਨਿੰਦਾ ਕਰਦਿਆਂ ਕਿਹਾ ਕਿ ਜਿਹੜੇ ਅਧਿਕਾਰੀਆਂ ਜਾਂ ਫਿਰ ਹੋਰ ਸਬੰਧਤ ਵਿਅਕਤੀਆਂ ਵੱਲੋਂ ਕੋਰੋਨਾ ਮਹਾਮਾਰੀ ਦੌਰਾਨ ਜਦੋਂ ਜ਼ਿੰਦਗੀ ਮੌਤ ਦੀ ਲੜਾਈ ਲੜੀ ਜਾ ਰਹੀ ਸੀ ਤਾਂ ਕਿਸ ਨੇ ਉਨ੍ਹਾਂ ਨੂੰ ਲਾਸ਼ਾਂ ਦੀਆਂ ਜੇਬਾਂ ’ਚੋਂ ਪੈਸੇ ਕੱਢਣ ਦੀ ਇਜ਼ਾਜਤ ਦਿੱਤੀ। ਜਿਹੜੇ ਇਨਜੈਕਸ਼ਨ 400 ਰੁਪਏ ਦਾ ਖਰੀਦਿਆ ਗਿਆ, ਉਹ ਇੰਜੈਕਸ਼ਨ 4 ਹਜ਼ਾਰ ਰੁਪਏ ਤੱਕ ਦਾ ਵੇਚਿਆ ਗਿਆ। ਕੋਰੋਨਾ ਮਹਾਮਾਰੀ ਦੌਰਾਨ ਇਸ ਲੁੱਟ ਲਈ ਜ਼ਿੰਮੇਵਾਰੀ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਅਸਤੀਫ਼ਾ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਇਸ ਮਾਮਲੇ ’ਚ ਸਿਹਤ ਮੰਤਰੀ ਦੇ ਘਰ ਦਾ ਘਿਰਾਓ ਕਰੇਗੀ।
ਇਹ ਵੀ ਪੜ੍ਹੋ : ਕੈਪਟਨ-ਸਿੱਧੂ ਦੀ ਲੜਾਈ, ਇਕ ਪਾਸੇ ਖੂਹ, ਦੂਜੇ ਪਾਸੇ ਖੱਡ
ਇਸ ਮੌਕੇ ਬਾਬਾ ਮਨਮੋਹਨ ਸਿੰਘ ਜੀ ਬਾਰਨ ਵਾਲੇ, ਸਾਬਕਾ ਹੈੱਡ ਗ੍ਰੰਥੀ ਗਿਆਨੀ ਸੁਖਦੇਵ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਇੰਦਰਮੋਹਨ ਸਿੰਘ ਬਜਾਜ, ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ, ਮੈਂਬਰ ਪੀ. ਏ. ਸੀ. ਸੁਖਵਿੰਦਰਪਾਲ ਸਿੰਘ ਮਿੰਟਾ ਤੇ ਲਖਬੀਰ ਸਿੰਘ ਲੋਟ, ਸ਼੍ਰੋਮਣੀ ਕਮੇਟੀ ਮੈਂਬਰ ਜਰਨੈਲ ਸਿੰਘ ਕਰਤਾਰਪੁਰ, ਯੂਥ ਅਕਾਲੀ ਦਲ ਪਟਿਆਲਾ ਦਿਹਾਤੀ ਦੇ ਪ੍ਰਧਾਨ ਸਤਨਾਮ ਸਿੰਘ ਸੱਤਾ, ਬਾਜ਼ੀਗਰ ਵਿੰਗ ਦੇ ਸਕੱਤਰ ਜਨਰਲ ਸੁਖਬੀਰ ਸਿੰਘ ਅਬਲੋਵਾਲ, ਜਸਵਿੰਦਰਪਾਲ ਸਿੰਘ ਚੱਢਾ ਆਦਿ ਵਿਸ਼ੇਸ ਤੌਰ ’ਤੇ ਮੌਜੂਦ ਸਨ।
ਇਹ ਵੀ ਪੜ੍ਹੋ : ਪੈਨਸ਼ਨ ਧਾਰਕਾਂ ਲਈ ਚੰਗੀ ਖ਼ਬਰ, ਪੰਜਾਬ ਸਰਕਾਰ ਵਲੋਂ ਪੈਨਸ਼ਨ ਦੁੱਗਣੀ ਕਰਨ ਨੂੰ ਮਨਜ਼ੂਰੀ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?