ਰਾਤ ਸਮੇਂ ਸੀ. ਐੱਮ. ਸਿਟੀ ਦੀਆਂ ਸੜਕਾਂ ''ਤੇ ਨਿਕਲਣਾ ਖਤਰੇ ਤੋਂ ਖਾਲੀ ਨਹੀਂ!

Wednesday, Aug 09, 2017 - 08:05 AM (IST)

ਰਾਤ ਸਮੇਂ ਸੀ. ਐੱਮ. ਸਿਟੀ ਦੀਆਂ ਸੜਕਾਂ ''ਤੇ ਨਿਕਲਣਾ ਖਤਰੇ ਤੋਂ ਖਾਲੀ ਨਹੀਂ!

ਬਾਰਨ  (ਇੰਦਰਪ੍ਰੀਤ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪਟਿਆਲਾ ਜ਼ਿਲਾ ਹੋਣ 'ਤੇ ਵੀ ਰਾਤ ਸਮੇਂ ਸ਼ਾਹੀ ਸ਼ਹਿਰ ਦੀਆਂ ਸੜਕਾਂ 'ਤੇ ਨਿਕਲਣਾ ਖਤਰੇ ਤੋਂ ਖਾਲੀ ਨਹੀਂ। ਵੀ. ਆਈ. ਪੀ. ਲੋਕਾਂ ਤੋਂ ਇਲਾਵਾ ਸੂਬੇ ਭਰ ਦੇ ਸੀਨੀਅਰ ਅਧਿਕਾਰੀਆਂ ਦੀ ਆਮਦ ਹਰ ਰੋਜ਼ ਸ਼ਹਿਰ ਵਿਚ ਰਹਿਣ ਦੇ ਬਾਵਜੂਦ ਵੀ ਜ਼ਿਲਾ ਪ੍ਰਸ਼ਾਸਨ ਵੱਲੋਂ ਕਿਸੇ ਵੀ ਤਰ੍ਹਾਂ ਦੇ ਕੋਈ ਪੁਖਤਾ ਇੰਤਜ਼ਾਮ ਨਹੀਂ ਕੀਤੇ ਹੋਏ। ਚਾਹੇ ਉਹ ਟ੍ਰੈਫਿਕ ਵਿਵਸਥਾ ਹੋਵੇ ਜਾਂ ਸੜਕਾਂ ਦੀ ਮਾੜੀ ਹਾਲਤ, ਹਰ ਥਾਂ-ਥਾਂ 'ਤੇ ਫੈਲੀ ਗੰਦਗੀ ਤੇ ਸੜਕਾਂ 'ਤੇ ਘੁੰਮਦੇ ਆਵਾਰਾ ਪਸ਼ੂਆਂ ਦੇ ਝੁੰਡ ਜੋ ਗੰਦਗੀ ਫੈਲਾਉਣ ਦੇ ਨਾਲ-ਨਾਲ ਵਾਹਨ ਚਾਲਕਾਂ ਨੂੰ ਜ਼ਖ਼ਮੀ ਕਰ ਰਹੇ ਹਨ। ਹਰ ਰੋਜ਼ ਸੜਕੀ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ। ਨਗਰ ਨਿਗਮ, ਜ਼ਿਲਾ ਪ੍ਰਸ਼ਾਸਨ ਅਤੇ ਗਊ-ਰੱਖਿਅਕ ਚੁੱਪ ਬੈਠੇ ਹਨ।
ਦਿਨ ਸਮੇਂ ਇਹ ਆਵਾਰਾ ਪਸ਼ੂ ਸੜਕਾਂ 'ਤੇ ਘੁੰਮਦੇ ਹੀ ਰਹਿੰਦੇ ਹਨ। ਹੁਣ ਰਾਤ ਨੂੰ ਵੀ ਇਹ ਪਸ਼ੂ ਸੜਕਾਂ 'ਤੇ ਫਿਰਦੇ ਜਾਂ ਬੈਠੇ ਵਾਹਨ ਚਾਲਕਾਂ ਲਈ ਸਿਰਦਰਦੀ ਬਣੇ ਹੋਏ ਹਨ। ਰਾਤ ਦੇ ਹਨੇਰੇ ਵਿਚ ਇਹ ਪਸ਼ੂ ਦੋਪਹੀਆ, ਵਾਹਨ ਚਾਲਕਾਂ ਨੂੰ ਨਾ ਦਿਸਣ ਕਾਰਨ ਹਾਦਸੇ ਦਾ ਕਾਰਨ ਬਣ ਰਹੇ ਹਨ। ਬੀਤੇ 2 ਦਿਨਾਂ ਦੌਰਾਨ ਇਕ ਦਰਜਨ ਤੋਂ ਵੱਧ ਵਾਹਨ ਚਾਲਕ ਆਵਾਰਾ ਪਸ਼ੂਆਂ ਕਾਰਨ ਜ਼ਖਮੀ ਹੋ ਚੁੱਕੇ ਹਨ। ਜ਼ਖਮੀਆਂ ਵਿਚ ਪ੍ਰਦੀਪ ਕੁਮਾਰ ਘੁੰਮਣ ਨਗਰ, ਬਿਕਰਮਜੀਤ ਸਿੰਘ, ਤਲਜਿੰਦਰ ਸਿੰਘ, ਤਰਸੇਮ ਲਾਲ ਅਤੇ ਦਲਜਿੰਦਰ ਸਿੰਘ ਆਦਿ ਨੂੰ ਸਰਕਾਰੀ ਰਜਿੰਦਰਾ ਹਸਪਤਾਲ ਦਾਖਲ ਕਰਵਾਇਆ ਗਿਆ। ਕੁੱਝ ਨਿੱਜੀ ਹਸਪਤਾਲ 'ਚ ਵੀ ਦਾਖਲ ਕਰਵਾਏ ਗਏ। ਆਵਾਰਾ ਪਸ਼ੂਆਂ ਦੀ ਵਧ ਰਹੀ ਲਗਾਤਾਰ ਗਿਣਤੀ ਜਿੱਥੇ ਆਮ ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣੀ ਹੋਈ ਹੈ, ਉਥੇ ਹੀ ਕਿਸਾਨਾਂ ਦੀਆਂ ਫਸਲਾਂ ਦਾ ਲਗਾਤਾਰ ਉਜਾੜਾ ਹੋਣ ਕਾਰਨ ਉਨ੍ਹਾਂ ਨੂੰ ਆਪਣੇ ਖੇਤਾਂ ਦੀ ਰਾਖੀ ਲਈ ਰਾਤ ਨੂੰ ਜਾਗਣਾ ਪੈ ਰਿਹਾ ਹੈ। 


Related News