ਅੰਧਵਿਸ਼ਵਾਸ ਦੇ ਚੱਕਰ ''ਚ ਬੱਚਿਆਂ ਦੀ ਜਾਨ ਨੂੰ ਖਤਰੇ ''ਚ ਪਾਉਣ ਲੱਗੇ ਲੋਕ
Sunday, Apr 01, 2018 - 08:34 AM (IST)

ਨਿਹਾਲ ਸਿੰਘ ਵਾਲਾ/ਬਿਲਾਸਪੁਰ (ਬਾਵਾ/ਜਗਸੀਰ) - ਸਾਡੇ ਦੇਸ਼ ਅੰਦਰ ਬੇਸ਼ੱਕ ਅੰਧਵਿਸ਼ਵਾਸ ਨੂੰ ਸਖਤੀ ਨਾਲ ਰੋਕਣ ਅਤੇ ਅਖੌਤੀ ਬਾਬਿਆਂ 'ਤੇ ਨਕੇਲ ਪਾਉਣ ਲਈ ਅਨੇਕਾਂ ਕਾਨੂੰਨ ਹੋਂਦ ਵਿਚ ਆਏ ਹਨ ਪਰ ਦੇਸ਼ ਦੇ ਲੋਕਾਂ ਦੀ ਬਦਕਿਸਮਤੀ ਹੈ ਕਿ ਲੋਕ ਪੱਖੀ ਕਾਨੂੰਨ ਨੂੰ ਤਾਂ ਲਾਗੂ ਕਰਵਾਉਣ ਲਈ ਲੋਕਾਂ ਨੂੰ ਸੰਘਰਸ਼ ਕਰਨਾ ਪੈਂਦਾ ਹੈ ਅਤੇ ਲੋਕ ਵਿਰੋਧੀ ਕਾਨੂੰਨ ਧੱਕੇ ਨਾਲ ਲਾਗੂ ਕੀਤੇ ਜਾਂਦੇ ਹਨ। ਪਿੰਡ ਹਿੰਮਤਪੁਰਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਅੱਗੇ ਕਿਸੇ ਤਾਂਤਰਿਕ ਬਾਬੇ ਦੇ ਕਹਿਣ 'ਤੇ ਖੂਹ ਦੀ ਪੁਟਾਈ ਕੀਤੀ ਜਾ ਰਹੀ ਹੈ, ਜਦਕਿ ਸਰਕਾਰੀ ਤੌਰ 'ਤੇ ਮਨਜ਼ੂਰੀ ਤੋਂ ਬਗੈਰ ਖੂਹਾਂ ਦੀ ਪੁਟਾਈ ਕਰਨ 'ਤੇ ਪੂਰਨ ਰੂਪ ਵਿਚ ਪਾਬੰਦੀ ਹੈ। ਸਰਕਾਰੀ ਪ੍ਰਾਇਮਰੀ ਸਕੂਲ ਹਿੰਮਤਪੁਰਾ ਜਿੱਥੇ 150 ਦੇ ਕਰੀਬ ਬੱਚੇ ਸਿੱਖਿਆ ਪ੍ਰਾਪਤ ਕਰਨ ਲਈ ਜਾਂਦੇ ਹਨ ਪਰ ਇਹ ਪੁੱਟਿਆ ਜਾ ਰਿਹਾ ਖੂਹ ਕਿਸੇ ਵੀ ਘਰ ਦਾ ਚਿਰਾਗ ਬੁਝਾਅ ਸਕਦਾ ਹੈ। ਪਿੰਡ ਵਾਸੀਆਂ ਤੋਂ ਪਤਾ ਲੱਗਾ ਹੈ ਕਿ ਇਸ ਸਕੂਲ ਕੋਲ ਪੁਰਾਣਾ ਖੂਹ ਸੀ, ਜਿਸ ਨੂੰ ਲੰਬਾ ਸਮਾਂ ਪਹਿਲਾਂ ਪੂਰ ਦਿੱਤਾ ਗਿਆ ਸੀ ਪਰ ਹੁਣ ਇਸ ਖੂਹ ਨੂੰ ਕਿਸੇ ਸੰਤਾਂ ਦੇ ਕਹਿਣ 'ਤੇ ਦੁਬਾਰਾ ਪੁੱਟਿਆ ਜਾ ਰਿਹਾ ਹੈ, ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇਕਰ ਇਸ ਖੂਹ 'ਚ ਡਿੱਗ ਕੇ ਕੋਈ ਬੱਚਾ ਮਰ ਜਾਵੇ ਤਾਂ ਇਸ ਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਵੇਗਾ ਜਾਂ ਖੂਹ ਨੂੰ ਪੁਟਵਾ ਕੇ ਡੂੰਘਾ ਕਰਨ ਵਾਲੇ?
ਬਾਬੇ ਦਾ ਭਗਤ ਕਹਿੰਦਾ ਖਬਰ ਲਾਉਣ 'ਤੇ ਹੋਣਗੇ ਬਾਬੇ ਨਾਰਾਜ਼ : ਖੂਹ ਦੀ ਪੁਟਾਈ ਕਰਵਾ ਰਹੇ ਸੰਤਾਂ ਦੇ ਇਕ ਸੇਵਾਦਾਰ ਨਾਲ ਫੋਨ 'ਤੇ ਗੱਲਬਾਤ ਕਰਨ 'ਤੇ ਉਨ੍ਹਾਂ ਕਿਹਾ ਕਿ ਉਹ ਖੂਹ ਪੁੱਟਣ ਦਾ ਮਤਲਬ ਨਹੀਂ ਦੱਸ ਸਕਦੇ ਪਰ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਇਸ ਖੂਹ ਦੀ ਖਬਰ ਪ੍ਰਕਾਸ਼ਿਤ ਨਾ ਕਰਵਾਉਣ ਕਿਉਂਕਿ ਇਸ ਨਾਲ ਬਾਬੇ ਨਾਰਾਜ਼ ਹੋ ਸਕਦੇ ਹਨ। ਉਨ੍ਹਾਂ ਦਾ ਇਹ ਵੀ ਕਹਿਣਾ ਸੀ ਕਿ ਇਸ ਦਾ ਮਤਲਬ ਜਾਣਨ ਲਈ ਤੁਹਾਨੂੰ ਬਾਬਾ ਜੀ ਦੀਆਂ ਚੌਂਕੀਆਂ ਭਰਨੀਆਂ ਪੈਣਗੀਆਂ।
ਕੀ ਕਹਿਣੈ ਕਾਨੂੰਨੀ ਮਾਹਿਰਾਂ ਦਾ : ਇਸ ਸਬੰਧੀ ਲੀਗਲ ਏਡ ਕਲੀਨਿਕ ਮਾਛੀਕੇ ਦੇ ਇੰਚਾਰਜ ਐਡਵੋਕੇਟ ਰਾਜੇਸ਼ ਸ਼ਰਮਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਹ ਮਾਮਲਾ ਬੱਚਿਆਂ ਦੀ ਜ਼ਿੰਦਗੀ ਨਾਲ ਜੁੜਿਆ ਹੋਇਆ ਹੈ, ਇਸ ਲਈ ਜ਼ਿਲਾ ਪ੍ਰਸ਼ਾਸਨ ਨੂੰ ਤੁਰੰਤ ਹਰਕਤ ਵਿਚ ਆ ਕੇ ਲੋੜੀਂਦੀ ਕਾਰਵਾਈ ਅਮਲ ਵਿਚ ਲਿਆਉਣੀ ਚਾਹੀਦੀ ਹੈ। ਇਸ ਸਬੰਧੀ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਕੁਲਦੀਪ ਕੌਰ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਕਿਹਾ ਕਿ ਮੇਰੇ ਧਿਆਨ ਵਿਚ ਅਜਿਹਾ ਕੋਈ ਮਾਮਲਾ ਨਹੀਂ ਆਇਆ ਅਤੇ ਉਹ ਤੁਰੰਤ ਇਸ ਮਾਮਲੇ ਨੂੰ ਐੱਸ. ਡੀ. ਐੱਮ. ਦੇ ਧਿਆਨ ਵਿਚ ਲਿਆ ਰਹੇ ਹਨ।
ਕੀ ਕਹਿਣੈ ਐੱਸ. ਡੀ. ਐੱਮ. ਦਾ : ਇਸ ਸਬੰਧੀ ਐੱਸ. ਡੀ. ਐੱਮ. ਨਿਹਾਲ ਸਿੰਘ ਵਾਲਾ ਅਮਰਵੀਰ ਸਿੰਘ ਸਿੱਧੂ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਕਿਹਾ ਕਿ ਉਹ ਤੁਰੰਤ ਇਸ ਮਾਮਲੇ ਦੀ ਜਾਂਚ ਕਰਵਾ ਕੇ ਅਗਲੇਰੀ ਕਾਰਵਾਈ ਅਮਲ 'ਚ ਲਿਆ ਰਹੇ ਹਨ।