ਨੌਜਵਾਨ ਨਾਲ ਝਗੜਾ ਹੋਣ ਤੋਂ ਬਾਅਦ ਡਾਂਸਰ ਨੇ ਫਾਹਾ ਲਗਾ ਕੇ ਕੀਤੀ ਖੁਦਕੁਸ਼ੀ (ਵੀਡੀਓ)
Tuesday, Aug 14, 2018 - 01:44 PM (IST)
ਜਲੰਧਰ (ਰਾਜੇਸ਼)— ਆਰਕੈਸਟਰਾ ਦਾ ਕੰਮ ਕਰਨ ਵਾਲੀ 25 ਸਾਲਾ ਲੜਕੀ ਨੇ ਸ਼ੱਕੀ ਹਾਲਾਤ 'ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਖੁਦਕੁਸ਼ੀ ਦੇ ਕਾਰਨਾਂ ਦਾ ਫਿਲਹਾਲ ਪਤਾ ਨਹੀਂ ਚਲ ਸਕਿਆ ਹੈ ਪਰ ਖੁਦਕੁਸ਼ੀ ਕਰਨ ਤੋਂ ਪਹਿਲਾਂ ਇਕ ਡੀ. ਜੇ. ਵਾਲਾ ਨੌਜਵਾਨ ਦੀਪਾ ਉਸ ਨੂੰ ਘਰ ਮਿਲਣ ਆਇਆ ਸੀ। ਮ੍ਰਿਤਕ ਲੜਕੀ ਦੀ ਪਛਾਣ ਆਰਤੀ ਪੁੱਤਰੀ ਮਦਨ ਲਾਲ ਵਾਸੀ ਭਗਤ ਸਿੰਘ ਕਾਲੋਨੀ ਵਜੋਂ ਹੋਈ ਹੈ। ਥਾਣਾ ਨੰ. 1 ਦੀ ਪੁਲਸ ਨੇ ਸੂਚਨਾ ਮਿਲਣ ਤੋਂ ਬਾਅਦ ਲਾਸ਼ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ।ਪੁਲਸ ਵੱਲੋਂ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਆਰਤੀ ਦੇ ਮੋਬਾਇਲ 'ਤੇ ਆਇਆ ਦੀਪੂ ਦਾ ਫੋਨ, ਪੁਲਸ ਨੇ ਚੁੱਕਿਆ
ਆਰਕੈਸਟਰਾ ਦਾ ਕੰਮ ਕਰਨ ਵਾਲੀ ਆਰਤੀ ਦੀ ਲਾਸ਼ ਕੋਲ ਪੁਲਸ ਜਾਂਚ ਕਰ ਰਹੀ ਸੀ ਕਿ ਇਸੇ ਦੌਰਾਨ ਉਸ ਦੇ ਮੋਬਾਇਲ 'ਤੇ ਇਕ ਫੋਨ ਆਇਆ ਜੋ ਪੁਲਸ ਨੇ ਉਠਾਇਆ ਤਾਂ ਫੋਨ ਕਰਨ ਵਾਲਾ ਨੌਜਵਾਨ ਦੀਪੂ ਸੀ। ਪੁਲਸ ਨੇ ਫੋਨ ਚੁੱਕ ਕੇ ਦੀਪੂ ਨਾਲ ਗੱਲ ਕੀਤੀ ਅਤੇ ਉਸ ਨੂੰ ਉਥੇ ਪਹੁੰਚਣ ਨੂੰ ਕਿਹਾ ਪਰ ਉਹ ਨਹੀਂ ਆਇਆ। ਦੱਸਿਆ ਜਾ ਰਿਹਾ ਹੈ ਕਿ ਫਾਹਾ ਲਗਾਉਣ ਤੋਂ ਪਹਿਲਾਂ ਆਰਤੀ ਦਾ ਦੀਪੂ ਨਾਲ ਝਗੜਾ ਵੀ ਹੋਇਆ ਸੀ।
ਜ਼ਿਕਰਯੋਗ ਹੈ ਕਿ ਆਰਤੀ ਦੇ ਪਿਤਾ ਮਦਨ ਲਾਲ ਦੀ ਕਈ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ। ਆਰਤੀ ਘਰ 'ਚ ਆਪਣੀ ਮਾਂ ਨੀਰੂ ਅਤੇ ਭਤੀਜੀ ਸਾਨਿਆ ਨਾਲ ਰਹਿੰਦੀ ਸੀ। ਮਾਂ ਨੀਰੂ ਨੇ ਦੱਸਿਆ ਕਿ ਉਸ ਦਾ ਬੇਟਾ ਪਤਨੀ ਦੇ ਨਾਲ ਕਾਲੋਨੀ 'ਚ ਹੀ ਰਹਿੰਦਾ ਹੈ। ਉਹ ਇੰਡਸਟ੍ਰੀਅਲ ਏਰੀਆ 'ਚ ਡੱਬੇ ਬਣਾਉਣ ਵਾਲੇ ਫੈਕਟਰੀ 'ਚ ਕੰਮ ਕਰਦੀ ਹੈ ਜਦਕਿ ਆਰਤੀ ਆਰਕੈਸਟਰਾ 'ਚ ਡਾਂਸਰ ਸੀ। ਨੀਰੂ ਮੁਤਾਬਕ ਕਰੀਬ 3 ਵਜੇ ਉਹ ਲੰਚ ਦੌਰਾਨ ਘਰ ਆਈ ਸੀ, ਉਦੋਂ ਆਰਤੀ ਨੇ ਖੁਦ ਖਾਣਾ ਬਣਾ ਕੇ ਦਿੱਤਾ ਸੀ। ਇਸ ਦੇ ਬਾਅਦ ਉਹ ਵਾਪਸ ਫੈਕਟਰੀ ਚਲੀ ਗਈ। ਸ਼ਾਮ 5 ਵਜੇ ਫੈਕਟਰੀ 'ਚੋਂ ਨਿਕਲ ਕੇ ਉਹ ਕਿਸੇ ਰਿਸ਼ਤੇਦਾਰ ਦਾ ਪਤਾ ਕਰਨ ਲਈ ਚਲੀ ਗਈ ਸੀ। ਰਾਤ ਕਰੀਬ 8 ਵਜੇ ਉਹ ਘਰ ਪਹੁੰਚੀ ਤਾਂ ਪੋਤੀ ਸਾਨਿਆ ਨੇ ਦੱਸਿਆ ਕਿ ਆਰਤੀ ਦਰਵਾਜ਼ਾ ਨਹੀਂ ਖੋਲ੍ਹ ਰਹੀ ਹੈ। ਇਸ 'ਤੇ ਉਨ੍ਹਾਂ ਨੇ ਕਈ ਆਵਾਜ਼ਾਂ ਲਗਾਈਆਂ ਪਰ ਜਦੋਂ ਦਰਵਾਜ਼ਾ ਨਾ ਖੁੱਲ੍ਹਿਆ ਤਾਂ ਅਣਹੋਣੀ ਦਾ ਸ਼ੱਕ ਹੋਣ 'ਤੇ ਲੋਕਾਂ ਦੀ ਮਦਦ ਨਾਲ ਦਰਵਾਜ਼ਾ ਖੁੱਲ੍ਹਵਾਇਆ ਤਾਂ ਅੰਦਰ ਦੇਖਿਆ ਕਿ ਆਰਤੀ ਚੁੰਨੀ ਦੇ ਫਾਹੇ ਨਾਲ ਲਟਕੀ ਹੋਈ ਸੀ।
ਪੁਲਸ ਨੇ ਕਮਰੇ ਦੀ ਜਾਂਚ ਕੀਤੀ ਪਰ ਕੋਈ ਵੀ ਸੁਸਾਈਡ ਨੋਟ ਨਹੀਂ ਮਿਲਿਆ ਹੈ। ਉਥੇ ਹੀ 10 ਸਾਲ ਸਾਨੀਆ ਨੇ ਦੱਸਿਆ ਕਿ ਸ਼ਾਮ ਨੂੰ ਘਰ 'ਚ ਦੀਪੂ ਆਇਆ ਸੀ ਉਦੋਂ ਆਰਤੀ ਦਾ ਦੀਪੂ ਦੇ ਨਾਲ ਝਗੜਾ ਹੋਇਆ ਸੀ। ਇਸ ਦੌਰਾਨ ਉਸ ਨੂੰ ਖੇਡਣ ਲਈ ਬਾਹਰ ਭੇਜ ਦਿੱਤਾ ਗਿਆ। ਪੁਲਸ ਜਾਂਚ 'ਚ ਪਤਾ ਲੱਗਾ ਹੈ ਕਿ ਆਰਤੀ ਪਿਛਲੇ 3 ਦਿਨਾਂ ਤੋਂ ਕੰਮ 'ਤੇ ਨਹੀਂ ਆ ਰਹੀ ਸੀ ਅਤੇ ਕਾਫੀ ਪਰੇਸ਼ਾਨ ਸੀ। ਦੀਪੂ ਪਿੰਡ ਧੀਨਾ ਦਾ ਰਹਿਣ ਵਾਲਾ ਹੈ ਅਤੇ ਡੀ. ਜੇ. ਸੰਚਾਲਕ ਦੇ ਕੋਲ ਕੰਮ ਕਰਦਾ ਹੈ।