ਸਰਕਾਰ ਸਿੱਧੂ ਮੂਸੇਵਾਲਾ ਦੇ ਗੀਤ ''ਤੇ ਤੁਰੰਤ ਪਾਬੰਦੀ ਲਾਏ : ਡਾ. ਚੀਮਾ

Saturday, Sep 21, 2019 - 04:00 PM (IST)

ਸਰਕਾਰ ਸਿੱਧੂ ਮੂਸੇਵਾਲਾ ਦੇ ਗੀਤ ''ਤੇ ਤੁਰੰਤ ਪਾਬੰਦੀ ਲਾਏ : ਡਾ. ਚੀਮਾ

ਚੰਡੀਗੜ੍ਹ (ਅਸ਼ਵਨੀ) : ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਇਕ ਗੀਤ, ਜਿਸ 'ਚ ਸਿੱਖ ਕੌਮ ਦੀ ਮਹਾਨ ਸ਼ਹੀਦ ਮਾਈ ਭਾਗੋ ਨੂੰ ਬਹੁਤ ਘਟੀਆ ਅੰਦਾਜ਼ 'ਚ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਦੀ ਸਖਤ ਲਫਜ਼ਾਂ 'ਚ ਨਿਖੇਧੀ ਕੀਤੀ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਗੀਤ ਗੀਤ 'ਤੇ ਤੁਰੰਤ ਪਾਬੰਦੀ ਲਾਈ ਜਾਵੇ ਅਤੇ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਸਤੇ ਸਿੱਧੂ ਮੂਸੇਵਾਲਾ ਖਿਲਾਫ ਕਾਰਵਾਈ ਕੀਤੀ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਗੀਤ ਦੇ ਲਿਖਾਰੀ ਅਤੇ ਇਸ ਵੀਡੀਓ ਨੂੰ ਜਾਰੀ ਕਰਨ ਵਾਲੀ ਕੰਪਨੀ ਖਿਲਾਫ ਤੁਰੰਤ ਕੇਸ ਦਰਜ ਕੀਤਾ ਜਾਵੇ ਅਤੇ ਇਨ੍ਹਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ। ਇਹ ਮੰਗ ਪਾਰਟੀ ਦੇ ਮੁੱਖ ਦਫ਼ਤਰ ਤੋਂ ਜਾਰੀ ਇਕ ਬਿਆਨ 'ਚ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕੀਤੀ।

ਦੱਸ ਦਈਏ ਕਿ ਇਸ ਗੀਤ 'ਚ ਸਿੱਖ ਜਰਨੈਲ ਮਾਈ ਭਾਗੋ ਦੇ ਨਾਂ ਦੀ ਦੁਰਵਰਤੋਂ ਕਰਨ, ਅਪਮਾਨਿਤ ਸ਼ਬਦਾਵਲੀ ਦੀ ਵਰਤੋਂ ਕਰਨ ਅਤੇ ਸਿੱਖੀ ਭਾਵਨਾ ਨੂੰ ਠੇਸ ਪਹੁੰਚਾਉਣ ਸਬੰਧੀ ਕਾਨੂੰਨੀ ਕਾਰਵਾਈ ਕਰਵਾਉਣ ਲਈ ਜ਼ਿਲਾ ਮਾਨਸਾ ਦੀ ਥਾਣਾ ਸਦਰ ਵਿਖੇ ਸ਼੍ਰੋਮਣੀ ਅਕਾਲੀ ਦਲ (ਅ) ਦੇ ਆਗੂ ਸੁਖਚੈਨ ਸਿੰਘ ਅਤਲਾ ਅਤੇ ਗਿਆਨੀ ਹਰਜਿੰਦਰ ਸਿੰਘ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ (ਅ) ਦੇ ਸੀਨੀਅਰ ਆਗੂ ਸੁਖਚੈਨ ਸਿੰਘ ਅਤਲਾ, ਜੋਗਿੰਦਰ ਸਿੰਘ ਬੋਹਾ, ਮੱਖਣ ਸਿੰਘ ਅਤਲਾ, ਹਰਵਿੰਦਰ ਸਿੰਘ ਢੈਪਈ, ਗਿਆਨੀ ਹਰਜਿੰਦਰ ਸਿੰਘ ਆਦਿ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਹਾਲ ਹੀ 'ਚ ਇਕ ਫਿਲਮ 'ਅੜਬ ਮੁਟਿਆਰਾਂ' ਆ ਰਹੀ ਹੈ, ਜਿਸ 'ਚ ਸਿੱਧੂ ਮੂਸੇਵਾਲਾ ਦਾ ਗੀਤ 'ਜੱਟੀ ਜਿਊਣੇ ਮੌੜ ਦੀ ਬੰਦੂਕ ਵਰਗੀ ' ਆ ਰਿਹਾ ਹੈ। ਫਿਲਹਾਲ ਇਸ ਗੀਤ ਨੂੰ ਡਿਲੀਟ ਕਰ ਦਿੱਤਾ ਗਿਆ ਹੈ।

ਮਾਮਲੇ ਦੀ ਬਾਰੀਕੀ ਨਾਲ ਕਰ ਰਹੇ ਹਾਂ ਜਾਂਚ : ਐੱਸ. ਐੱਸ. ਪੀ.
ਇਸ ਮਾਮਲੇ ਨੂੰ ਲੈ ਕੇ ਜਦੋਂ ਐੱਸ. ਐੱਸ. ਪੀ. ਡਾ. ਨਰਿੰਦਰ ਭਾਰਗਵ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਬੜੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਵਿਵਾਦਿਤ ਗਾਣੇ ਦੀ ਸੀ. ਡੀ. ਮੰਗਵਾਈ ਗਈ ਹੈ। ਜੇਕਰ ਕੋਈ ਅਜਿਹਾ ਮਾਮਲਾ ਪ੍ਰਤੱਖ ਰੂਪ ਵਿਚ ਸਾਹਮਣੇ ਆਇਆ ਤਾਂ ਤੁਰੰਤ ਬਣਦੀ ਕਾਰਵਾਈ ਕਰਨ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ।


author

Anuradha

Content Editor

Related News