ਭਗਵੰਤ ਮਾਨ ਵਲੋਂ ਪੱਤਰਕਾਰ ਨਾਲ ਕੀਤੇ ਦੁਰਵਿਵਹਾਰ ਦੀ ਅਕਾਲੀ ਦਲ ਵਲੋਂ ਨਿਖੇਧੀ

Wednesday, Dec 25, 2019 - 11:03 AM (IST)

ਭਗਵੰਤ ਮਾਨ ਵਲੋਂ ਪੱਤਰਕਾਰ ਨਾਲ ਕੀਤੇ ਦੁਰਵਿਵਹਾਰ ਦੀ ਅਕਾਲੀ ਦਲ ਵਲੋਂ ਨਿਖੇਧੀ

ਚੰਡੀਗੜ੍ਹ (ਅਸ਼ਵਨੀ) : ਸ਼੍ਰੋਮਣੀ ਅਕਾਲੀ ਦਲ ਨੇ ਬੀਤੇ ਦਿਨ 'ਆਪ' ਦੇ ਪੰਜਾਬ ਕਨਵੀਨਰ ਅਤੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਭਗਵੰਤ ਮਾਨ ਵਲੋਂ ਪੱਤਰਕਾਰਾਂ ਨਾਲ ਕੀਤੇ ਦੁਰਵਿਵਹਾਰ ਦੀ ਸਖ਼ਤ ਨਿਖੇਧੀ ਕੀਤੀ ਹੈ ਅਤੇ ਪੱਤਰਕਾਰਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਹਰ ਵਾਰ ਮਾਨ ਕੋਲੋਂ ਤਾਜ਼ਾ ਡੋਪ ਟੈਸਟ ਦੀ ਰਿਪੋਰਟ ਜ਼ਰੂਰ ਮੰਗਿਆ ਕਰਨ। ਇਕ ਪੱਤਰਕਾਰ ਵਲੋਂ ਮਾਨ ਕੋਲੋਂ ਇਕ ਮੁੱਖ ਵਿਰੋਧੀ ਪਾਰਟੀ ਵਜੋਂ 'ਆਪ' ਦੀ ਭੂਮਿਕਾ ਬਾਰੇ ਸੁਆਲ ਪੁੱਛਣ 'ਤੇ 'ਆਪ' ਸੰਸਦ ਮੈਂਬਰ ਵਲੋਂ ਕੀਤੇ ਸ਼ਰਮਨਾਕ ਵਿਵਹਾਰ ਦੀ ਸ਼ਿਕਾਇਤ ਕਰਨ ਵਾਲੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਚੀਮਾ ਨੇ ਕਿਹਾ ਕਿ ਭਗਵੰਤ ਮਾਨ ਦਾ ਵਿਵਹਾਰ ਨਿੰਦਣਯੋਗ ਸੀ।

ਉਨ੍ਹਾਂ ਪੱਤਰਕਾਰਾਂ ਨੂੰ ਅਪੀਲ ਕੀਤੀ ਕਿ ਅਗਲੀ ਵਾਰ ਉਹ ਜਦ ਵੀ ਮਾਨ ਨੂੰ ਮਿਲਣ ਤਾਂ ਉਸ ਕੋਲੋ ਤਾਜ਼ਾ ਡੋਪ ਟੈਸਟ ਦੀਆਂ ਰਿਪੋਰਟਾਂ ਮੰਗਣ। ਉਨ੍ਹਾਂ ਨੇ ਪੱਤਰਕਾਰਾਂ ਨੂੰ ਆਪਣੇ ਨਾਲ ਐਲਕੋਮੀਟਰ ਲੈ ਕੇ ਜਾਣ ਲਈ ਵੀ ਆਖਿਆ ਤਾਂ ਕਿ ਇਹ ਪਤਾ ਲਾਇਆ ਜਾ ਸਕੇ ਕਿ ਮਾਨ ਨੂੰ ਸੰਜੀਦਾ ਗੱਲਬਾਤ ਕਰਨ ਜਿੰਨੀ ਹੋਸ਼ ਵੀ ਹੈ ਜਾਂ ਨਹੀਂ।
ਡਾ. ਚੀਮਾ ਨੇ ਕਿਹਾ ਕਿ ਭਗਵੰਤ ਨਾਲ ਸੰਸਦ 'ਚ ਵੀ ਪੰਜਾਬ ਦਾ ਨਾਂ ਖਰਾਬ ਕਰ ਚੁੱਕਿਆ ਹੈ, ਜਿਥੇ ਸੰਸਦ ਮੈਂਬਰ ਉਸ ਨਾਲ ਗੱਲ ਕਰਨ ਤੋਂ ਪਹਿਲਾਂ ਉਸ ਦਾ ਸਾਹ ਸੁੰਘਦੇ ਹਨ ਕਿ ਉਸ ਨੇ ਕੋਈ ਨਸ਼ਾ ਤਾਂ ਨਹੀਂ ਕੀਤਾ ਹੋਇਆ। ਉਨ੍ਹਾਂ ਕਿਹਾ ਕਿ ਹੁਣ ਮਾਨ ਅਜਿਹੀਆਂ ਸਥਿਤੀਆਂ ਪੈਦਾ ਕਰ ਰਿਹਾ ਹੈ ਕਿ ਹੁਣ ਪੰਜਾਬ 'ਚ ਵੀ ਗੱਲਬਾਤ ਕਰਨ ਤੋਂ ਪਹਿਲਾਂ ਲੋਕਾਂ ਨੂੰ ਉਸ ਵਲੋਂ ਕੀਤੇ ਨਸ਼ੇ ਦੀ ਮਾਤਰਾ ਨੂੰ ਚੈੱਕ ਕਰਨਾ ਪਵੇਗਾ।


author

Babita

Content Editor

Related News