8 ਸਾਲਾਂ ਬਾਅਦ ਦਲਿਤ ਕਾਮੇ ਨੂੰ ਮਿਲਿਆ ਇਨਸਾਫ਼

06/01/2020 1:05:59 PM

ਸੰਗਰੂਰ, (ਵਿਵੇਕ ਸਿੰਧਵਾਨੀ, ਯਾਦਵਿੰਦਰ)- ਪਿਛਲੇ ਕਰੀਬ ਅੱਠ ਸਾਲਾਂ ਤੋਂ ਇਨਸਾਫ਼ ਲਈ ਭਟਕਦੇ ਆ ਰਹੇ ਨਗਰ ਕੌਂਸਲ ਸੰਗਰੂਰ ਦੇ ਦਲਿਤ ਕਾਮੇ ਨੂੰ ਪੂਨਮ ਕਾਂਗੜਾ ਮੈਂਬਰ ਐੱਸ. ਸੀ. ਕਮਿਸ਼ਨ ਪੰਜਾਬ ਦੇ ਉੱਦਮ ਸਦਕਾ ਆਖਿਰਕਾਰ ਇਨਸਾਫ਼ ਮਿਲ ਹੀ ਗਿਆ। ਗੌਰਤਲਬ ਹੈ ਕਿ ਨਗਰ ਕੌਂਸਲ ਸੰਗਰੂਰ ਵਿਚ ਬਤੌਰ ਚੌਂਕੀਦਾਰ ਆਪਣੀਆਂ ਸੇਵਾਵਾਂ ਦੇ ਰਹੇ ਘਨਸ਼ਾਮ ਬੋਹਤ, ਜਿਨ੍ਹਾਂ ਦੀ ਅੱਜ ਤੋਂ ਕਰੀਬ ਅੱਠ ਸਾਲ ਪਹਿਲਾਂ ਮੈਰਿਟ ਦੇ ਆਧਾਰ ’ਤੇ ਬਤੌਰ ਕਲਰਕ ਦੀ ਤਰੱਕੀ ਬਣਦੀ ਸੀ, ਪਰ ਉਸ ਦੀ ਜਗ੍ਹਾ ਜਨਰਲ ਵਰਗ ਨਾਲ ਸਬੰਧਤ ਵਿਅਕਤੀ ਨੂੰ ਤਰੱਕੀ ਦਿੱਤੀ ਗਈ। ਇਸ ਕਾਰਣ ਘਨਸ਼ਾਮ ਵੱਲੋ ਪਹਿਲਾਂ ਸਬੰਧਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਬਾਰ-ਬਾਰ ਬਣਦੀ ਤਰੱਕੀ ਲਈ ਫ਼ਰਿਆਦ ਕੀਤੀ ਗਈ ਪਰ ਇਨਸਾਫ਼ ਨਾ ਮਿਲਦਿਆਂ ਉਨ੍ਹਾਂ ਵੱਲੋਂ ਇਨਸਾਫ ਲਈ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦਾ ਦਰਵਾਜ਼ਾ ਖੜਕਾਇਆ ਗਿਆ। ਕਮਿਸ਼ਨ ਦੇ ਦਖ਼ਲ ਤੋਂ ਬਾਅਦ ਅਤੇ ਪੂਨਮ ਕਾਂਗੜਾ ਮੈਂਬਰ ਐੱਸ. ਸੀ. ਕਮਿਸ਼ਨ ਪੰਜਾਬ ਦੇ ਉੱਦਮ ਸਦਕਾ ਆਖਿਰਕਾਰ ਘਨਸ਼ਾਮ ਨੂੰ ਤਰੱਕੀ ਦਿੱਤੀ ਗਈ; ਜਿਨ੍ਹਾਂ ਬੀਤੇ ਦਿਨੀਂ ਨਗਰ ਕੌਂਸਲ ਸੰਗਰੂਰ ਵਿਖੇ ਬਤੌਰ ਕਲਰਕ ਅਪਣਾ ਚਾਰਜ ਸੰਭਾਲ ਲਿਆ ਹੈ। ਇਸ ਦੀ ਪੁਸ਼ਟੀ ਕਰਦਿਆਂ ਘਨਸ਼ਾਮ ਨੇ ਕਿਹਾ ਕਿ ਉਨ੍ਹਾਂ ਨੂੰ ਹਰ ਪਾਸੇ ਨਿਰਾਸ਼ਾ ਮਿਲਣ ਤੋਂ ਬਾਅਦ, ਉਨ੍ਹਾਂ ਮਾਣਯੋਗ ਐੱਸ. ਸੀ. ਕਮਿਸ਼ਨ ਪੰਜਾਬ ਕੋਲ ਫ਼ਰਿਆਦ ਕੀਤੀ, ਜਿਨ੍ਹਾਂ ਦੀ ਬਦੌਲਤ ਉਨ੍ਹਾਂ ਨੂੰ ਉਨ੍ਹਾਂ ਦਾ ਬਣਦਾ ਹਕ ਮਿਲਿਆ ਹੈ। ਉਨ੍ਹਾਂ ਐੱਸ. ਸੀ. ਕਮਿਸ਼ਨ ਪੰਜਾਬ ਨੂੰ ਇਨਸਾਫ਼ ਦਾ ਮੰਦਰ ਦਸਦਿਆਂ ਮਿਲੇ ਇਨਸਾਫ਼ ਲਈ ਐੱਸ. ਸੀ. ਕਮਿਸ਼ਨ ਪੰਜਾਬ ਦੇ ਚੇਅਰਪਰਸਨ ਤੇਜਿੰਦਰ ਕੌਰ (ਰਿਟਾਇਰਡ ਆਈ. ਏ. ਐੱਸ.) ਅਤੇ ਪੂਨਮ ਕਾਂਗੜਾ ਮੈਂਬਰ ਐੱਸ. ਸੀ. ਕਮਿਸ਼ਨ ਪੰਜਾਬ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ।

ਇਸ ਸਬੰਧੀ ਪੂਨਮ ਕਾਂਗੜਾ ਨੇ ਕਿਹਾ ਕਿ ਅਨੁਸੂਚਿਤ ਜਾਤੀ ਵਰਗ ਨੂੰ ਇਨਸਾਫ਼ ਦਿਵਾਉਣ ਲਈ ਐੱਸ. ਸੀ. ਕਮਿਸ਼ਨ ਪੰਜਾਬ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਐੱਸ. ਸੀ. ਵਰਗ ਨਾਲ ਸਬੰਧਤ ਕੋਈ ਵੀ ਵਿਅਕਤੀ ਆਪਣੇ ਨਾਲ ਕਿਸੇ ਵੀ ਤਰ੍ਹਾਂ ਦੀ ਧੱਕੇਸ਼ਾਹੀ ਅਤੇ ਸਮੱਸਿਆ ਨੂੰ ਲੈ ਕੇ ਐੱਸ. ਸੀ. ਕਮਿਸ਼ਨ ਪੰਜਾਬ ਦੇ ਦਫ਼ਤਰ ਜਾ ਉਨ੍ਹਾਂ (ਪੂਨਮ ਕਾਂਗੜਾ ਨਾਲ) ਬੇਝਿਜਕ ਸੰਪਰਕ ਕਰ ਸਕਦਾ ਹੈ ।ਹਰ ਇਕ ਨੂੰ ਇਨਸਾਫ਼ ਦਿਵਾਉਣ ਲਈ ਉਹ ਯਤਨਸ਼ੀਲ ਹਨ।


Bharat Thapa

Content Editor

Related News