ਸਿੱਖ ਜਥੇਬੰਦੀਆਂ ਬੇਇਨਸਾਫੀ ਵਿਰੁੱਧ 15 ਅਗਸਤ ਨੂੰ ਪੰਜਾਬ ਭਰ ''ਚ ਕਰਨਗੀਆਂ ਰੋਸ ਮੁਜ਼ਾਹਰੇ : ਦਲ ਖਾਲਸਾ
Saturday, Aug 03, 2019 - 05:58 PM (IST)
ਜਲੰਧਰ (ਚਾਵਲਾ) : ਬੇਇਨਸਾਫੀ ਵਿਰੁੱਧ ਲੜਨ ਦੇ ਆਪਣੇ ਸੰਕਲਪ ਨੂੰ ਜਾਰੀ ਰੱਖਦੇ ਹੋਏ ਦਲ ਖਾਲਸਾ, ਅਕਾਲੀ ਦਲ ਅੰਮ੍ਰਿਤਸਰ ਅਤੇ ਯੂਨਾਈਟਿਡ ਅਕਾਲੀ ਦਲ ਨੇ 15 ਅਗਸਤ ਨੂੰ ਸਾਂਝੇ ਤੌਰ 'ਤੇ ਰੋਸ ਮੁਜ਼ਾਹਰੇ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਮੁਜ਼ਾਹਰੇ ਦਰਿਆਈ ਪਾਣੀਆਂ ਦੀ ਨਿਰੰਤਰ ਲੁੱਟ, ਯੂ. ਏ. ਪੀ. ਏ. ਨੂੰ ਹੋਰ ਸਖਤ ਬਣਾਉਣ, ਐੱਨ. ਆਈ. ਏ. ਨੂੰ ਵਾਧੂ ਅਧਿਕਾਰ ਦੇਣ, ਦੇਸ਼-ਧ੍ਰੋਹੀ ਕਾਨੂੰਨ ਦੀ ਦੁਰਵਰਤੋਂ ਕਰਨ, 4 ਪੁਲਸ ਦੋਸ਼ੀਆਂ ਦੀ ਰਿਹਾਈ, ਸਿੱਖ ਨਜ਼ਰਬੰਦੀਆਂ ਨੂੰ ਰਿਹਾਅ ਨਾ ਕਰਨ ਅਤੇ ਬਰਗਾੜੀ ਕੇਸ ਬਾਰੇ ਸੀ. ਬੀ. ਆਈ. ਦੀ ਕਲੋਜ਼ਰ ਰਿਪੋਰਟ ਅਤੇ ਪੰਜਾਬ ਨੂੰ ਸਵੈ-ਨਿਰਣੇ ਦਾ ਅਧਿਕਾਰ ਨਾ ਦੇਣ ਵਿਰੁੱਧ ਕੀਤਾ ਜਾਵੇਗਾ। ਇਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਕਿਹਾ ਕਿ ਇਹ ਪ੍ਰੋਗਰਾਮ ਪੰਜਾਬ ਦੇ ਲੋਕਾਂ ਦੇ ਸਵੈ-ਨਿਰਣੇ ਦੇ ਅਧਿਕਾਰ ਸਮੇਤ ਜਾਇਜ਼ ਅਧਿਕਾਰਾਂ ਦੀ ਮੰਗ ਦਾ ਪ੍ਰਗਟਾਵਾ ਹੋਵੇਗਾ। ਉਨ੍ਹਾਂ ਦੱਸਿਆ ਕਿ ਗੁਰਦਾਸਪੁਰ, ਅੰਮ੍ਰਿਤਸਰ, ਜਲੰਧਰ, ਹੁਸ਼ਿਆਰਪੁਰ, ਲੁਧਿਆਣਾ, ਸੰਗਰੂਰ, ਬਠਿੰਡਾ, ਮਾਨਸਾ, ਫਿਰੋਜ਼ਪੁਰ, ਫਰੀਦਕੋਟ, ਪਟਿਆਲਾ, ਫਤਿਹਗੜ੍ਹ ਸਾਹਿਬ, ਚੰਡੀਗੜ੍ਹ, ਮੋਗਾ, ਬਰਨਾਲਾ ਅਤੇ ਤਰਨਤਾਰਨ ਸਾਹਿਬ ਆਦਿ ਜ਼ਿਲਿਆਂ 'ਚ 15 ਅਗਸਤ ਨੂੰ ਰੋਸ ਮੁਜ਼ਾਹਰੇ ਕੀਤੇ ਜਾਣਗੇ।
ਉਨ੍ਹਾਂ ਨੇ ਪੰਜਾਬ ਸਰਕਾਰ 'ਤੇ ਵਰ੍ਹਦਿਆਂ ਕਿਹਾ ਕਿ ਮੁੱਖ ਮੰਤਰੀ ਕੋਲ ਇਸ ਕੇਸ ਨੂੰ ਹੱਲ ਕਰਨ ਅਤੇ ਅਸਲ ਸਾਜ਼ਿਸ਼ਕਰਤਾਵਾਂ ਨੂੰ ਬੇਨਕਾਬ ਕਰਨ ਦੀ ਇੱਛਾ ਸ਼ਕਤੀ ਅਤੇ ਸੰਜੀਦਗੀ ਦੀ ਘਾਟ ਹੈ। ਇਥੋਂ ਤਕ ਕਿ ਮੌੜ ਬੰਬ ਧਮਾਕੇ ਦੇ ਪੀੜਤ ਇਨਸਾਫ ਲਈ ਕੁਰਲਾ ਰਹੇ ਹਨ ਪਰ ਮੁੱਖ ਮੰਤਰੀ ਨੇ ਉਨ੍ਹਾਂ ਤੋਂ ਮੂੰਹ ਮੋੜ ਲਿਆ ਕਿਉਂਕਿ ਉਹ ਜਾਣਦੇ ਹਨ ਕਿ ਧਮਾਕੇ ਦੀ ਡੋਰ ਦਿੱਲੀ ਦੇ ਰਸਤੇ ਸਿਰਸਾ ਤੱਕ ਪਹੁੰਚਦੀ ਹੈ। ਉਨ੍ਹਾਂ ਡੇਰਾ ਮੁਖੀ ਨੂੰ ਬੇਅਦਬੀ ਅਤੇ ਮੌੜ ਬੰਬ ਧਮਾਕੇ ਦੇ ਕੇਸ 'ਚ ਨਾਮਜ਼ਦ ਕਰਨ ਦੀ ਮੰਗ ਕੀਤੀ। ਇਸ ਦੌਰਾਨ ਉਨ੍ਹਾਂ ਦਲਿਤ ਭਾਈਚਾਰੇ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੀ-ਆਪਣੀ ਪਾਰਟੀ ਦੀ ਵਿਚਾਰਧਾਰਾ ਤੋਂ ਉੱਪਰ ਉੱਠ ਕੇ ਵਿਰੋਧ ਪ੍ਰਦਰਸ਼ਨ ਵਿਚ ਸ਼ਾਮਲ ਹੋਣ।