ਦਾਖਾ ਜ਼ਿਮਨੀ ਚੋਣ : 220 ਪੋਲਿੰਗ ਬੂਥਾਂ ''ਤੇ 2 ਲੱਖ ਦੇ ਕਰੀਬ ਵੋਟਰ ਪਾਉਣਗੇ ਵੋਟਾਂ

09/23/2019 1:24:40 PM

ਲੁਧਿਆਣਾ (ਸ਼ਾਰਦਾ, ਕਾਲੀਆ) : ਚੋਣ ਕਮਿਸ਼ਨ ਦੇ ਹੁਕਮਾਂ ਉਪਰੰਤ ਦਾਖਾ ਵਿਧਾਨ ਸਭਾ ਸੀਟ 'ਤੇ ਚੋਣ ਬਿਗੁਲ ਵੱਜ ਗਿਆ ਹੈ। ਇਹ ਸੀਟ 'ਆਪ' ਦੇ ਵਿਧਾਇਕ ਫੂਲਕਾ ਦੇ ਅਸਤੀਫੇ ਕਾਰਨ ਖਾਲੀ ਹੋਈ ਸੀ। ਇਸ ਵਿਧਾਨ ਸਭਾ ਸੀਟ 'ਤੇ ਨਵਾਂ ਵਿਧਾਇਕ ਚੁਣਨ ਲਈ 1 ਲੱਖ, 84 ਹਜ਼ਾਰ, 306 ਵੋਟਰ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਨਗੇ, ਜਿਸ ਲਈ 220 ਪੋਲਿੰਗ ਬੂਥ ਬਣਾਏ ਗਏ ਹਨ। ਜ਼ਿਲਾ ਚੋਣ ਅਧਿਕਾਰੀ ਅਤੇ ਡਿਪਟੀ ਕਮਿਸ਼ਨਰ ਪਰਦੀਪ ਅਗਰਵਾਲ ਨੇ ਨਿਰਪੱਖ ਚੋਣ ਕਰਾਉਣ ਦਾ ਯਕੀਨ ਦਿਵਾਉਂਦੇ ਹੋਏ ਵੋਟਰਾਂ ਨੂੰ ਬਿਨਾਂ ਕਿਸੇ ਲਾਲਚ ਜਾਂ ਦੇਰ ਦੇ ਵੋਟਾਂ ਪਾਉਣ ਦੀ ਅਪੀਲ ਕੀਤੀ ਹੈ। 23 ਤੋਂ 30 ਸਤੰਬਰ ਤੱਕ ਚੋਣ ਲੜਨ ਦੇ ਇਛੁੱਕ ਆਪਣੇ ਨਾਮਜ਼ਦਗੀ ਕਾਗਜ਼ ਦਾਖਲ ਕਰ ਸਕਦੇ ਹਨ। ਇਨ੍ਹਾਂ ਦੀ ਜਾਂਚ ਦਾ ਕੰਮ 1 ਅਕਤੂਬਰ ਨੂੰ ਹੋਵੇਗਾ, ਜਦੋਂ ਕਿ 3 ਅਕਤੂਬਰ ਨੂੰ ਨਾਮ ਵਾਪਸ ਲੈਣ ਦੀ ਪ੍ਰਕਿਰਿਆ ਚੱਲੇਗੀ। ਉਨ੍ਹਾਂ ਦੱਸਿਆ ਕਿ ਵੋਟਾਂ 21 ਅਕਤੂਬਰ ਨੂੰ ਪੈਣਗੀਆਂ ਅਤੇ ਗਿਣਤੀ ਦਾ ਕੰਮ 24 ਅਕਤੂਬਰ ਨੂੰ ਮੁਕੰਮਲ ਕੀਤਾ ਜਾਵੇਗਾ। ਚੋਣ ਜ਼ਾਬਤਾ ਲਾਉਣ ਤੋਂ ਬਾਅਦ ਪ੍ਰਾਪਰਟੀ 'ਤੇ ਕਿਸੇ ਤਰ੍ਹਾਂ ਦੀ ਪੋਸਟਰਬਾਜ਼ੀ, ਨਾਅਰੇ ਜਾਂ ਬੈਨਰ ਨਹੀਂ ਲਾਉਣ ਦਿੱਤੇ ਜਾਣਗੇ। ਇਸ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
28 ਲੱਖ ਤੱਕ ਖਰਚ ਕਰ ਸਕੇਗਾ ਉਮੀਦਵਾਰ
ਉਨ੍ਹਾਂ ਦੱਸਿਆ ਕਿ ਚੋਣਾਂ 'ਚ ਖੜ੍ਹਾ ਉਮੀਦਵਾਰ 28 ਲੱਖ ਰੁਪਏ ਦੀ ਰਕਮ ਚੋਣ ਪ੍ਰਚਾਰ 'ਚ ਖਰਚ ਕਰ ਸਕੇਗਾ। ਚੋਣ ਪ੍ਰਬੰਧਾਂ ਲਈ ਜ਼ਿਲਾ ਅਤੇ ਖੇਤਰ 'ਚ ਸੈੱਲ ਗਠਿਤ ਕੀਤੇ ਜਾਣਗੇ, ਜੋ ਉਮੀਦਵਾਰ ਦੇ ਖਰਚ ਅਤੇ ਗਤੀਵਿਧੀਆਂ 'ਤੇ ਨਜ਼ਰ ਰੱਖਣਗੇ। ਪ੍ਰਿੰਟਿੰਗ ਪ੍ਰੈਸ ਨੂੰ ਉਮੀਦਵਾਰ ਵਲੋਂ ਛਪਾਈ ਜਾਣ ਵਾਲੀ ਸਮੱਗਰੀ ਦੀ ਮਾਤਰਾ ਦਾ ਰਿਕਾਰਡ ਰੱਖਣ ਅਤੇ ਪ੍ਰਸ਼ਾਸਨ ਨੂੰ ਦੇਣ ਦੇ ਹੁਕਮ ਦਿੱਤੇ ਗਏ ਹਨ।
ਅਗਰਵਾਲ ਨੇ ਸਪੱਸ਼ਟ ਕੀਤਾ ਕਿ ਸਾਰੀਆਂ ਸਿਆਸੀ ਪਾਰਟੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਚੋਣ ਪ੍ਰਚਾਰ ਲਈ ਪਲਾਸਟਿਕ ਸਮੱਗਰੀ ਦਾ ਇਸਤੇਮਾਲ ਨਾ ਕਰਨ। ਉਨ੍ਹਾਂ ਇਹ ਵੀ ਅਪੀਲ ਕੀਤੀ ਜੇਕਰ ਕੋਈ ਉਮੀਦਵਾਰ ਕਿਸੇ ਤਰ੍ਹਾਂ ਦਾ ਨਸ਼ਾਂ ਜਾਂ ਹੋਰ ਲਾਲਚ ਦਿੰਦਾ ਹੈ ਤਾਂ ਇਸ ਦੀ ਸੂਚਨਾ ਪ੍ਰਸ਼ਾਸਨ ਨੂੰ ਦਿੱਤੀ ਜਾਵੇ।


Babita

Content Editor

Related News