ਪੰਜਾਬ ''ਚ ਚਾਰ ਥਾਵਾਂ ''ਤੇ ਹੋਵੇਗੀ ਜ਼ਿਮਨੀ ਚੋਣ, ਹਾਟ ਸੀਟ ਹੋਵੇਗੀ ਦਾਖਾ
Thursday, Sep 12, 2019 - 09:51 AM (IST)
ਲੁਧਿਆਣਾ (ਮੁੱਲਾਂਪੁਰੀ) : ਪੰਜਾਬ ਵਿਚ ਆਉਣ ਵਾਲੇ ਮਹੀਨੇ 4 ਵਿਧਾਨ ਸਭਾ ਹਲਕਿਆਂ ਵਿਚ ਜ਼ਿਮਨੀ ਚੋਣਾਂ ਹੋਣ ਜਾ ਰਹੀਆਂ ਹਨ ਕਿਉਂਕਿ ਇਹ ਗੱਲ ਤਾਂ ਸਾਫ ਹੋ ਗਈ ਹੈ ਕਿ ਇਨ੍ਹਾਂ ਚਾਰ ਹਲਕਿਆਂ ਦਾਖਾ, ਜਲਾਲਾਬਾਦ, ਫਗਵਾੜਾ ਅਤੇ ਮੁਕੇਰੀਆਂ ਦੀ ਚੋਣ ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਨਾਲ ਹੀ ਹੋਵੇਗੀ। ਇਨ੍ਹਾਂ ਹਲਕਿਆਂ ਵਿਚ ਚਹਿਲ-ਪਹਿਲ , ਹਿਲਜੁਲ ਤੇ ਘੁਸਰ-ਮੁਸਰ ਹੋਣੀ ਸ਼ੁਰੂ ਹੋ ਗਈ ਹੈ। ਸੂਤਰਾਂ ਮੁਤਾਬਕ ਪੰਜਾਬ ਦੀ ਸਭ ਤੋਂ ਹਾਟ ਸੀਟ ਲੁਧਿਆਣਾ ਜ਼ਿਲੇ ਦੇ ਦਾਖਾ ਵਿਧਾਨ ਸਭਾ ਦੀ ਹੀ ਹੋਵੇਗੀ ਕਿਉਂਕਿ ਇਸ ਸੀਟ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਦੇ ਨੇਤਾ ਬਿਕਰਮ ਸਿੰਘ ਮਜੀਠੀਆ ਆਪ ਖੜ੍ਹ ਸਕਦੇ ਹਨ, ਜਿਸ ਦਾ ਸੰਕੇਤ ਅਕਾਲੀ ਨੇਤਾਵਾਂ ਦੀ ਫੌਜ ਵੱਲੋਂ ਹੁਣ ਤੋਂ ਗੇੜੇ 'ਤੇ ਗੇੜਾ ਲਾਉਣਾ ਦੱਸਿਆ ਜਾ ਰਿਹਾ ਹੈ।
ਜਦੋਂਕਿ ਇਸ ਸੀਟ 'ਤੇ ਸੱਤਾਧਾਰੀ ਕਾਂਗਰਸ ਜਿੱਤ ਦਰਜ ਕਰਨ ਲਈ ਟਿੱਲ ਦਾ ਜ਼ੋਰ ਲਾਉਣ ਅਤੇ ਜਿੱਤ ਹਾਸਲ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ। ਇਸ ਸੀਟ 'ਤੇ ਆਲੀਵਾਲ, ਮੋਹੀ ਦੀ ਚਰਚਾ ਹੈ, ਜਦੋਂਕਿ ਸ਼ੈਂਪੀ ਭਨੋਹੜ ਵੀ ਦਾਅਵਾ ਕਰ ਰਿਹਾ ਹੈ। ਇਸ ਹਲਕੇ 'ਚ ਚੋਣ ਦੌਰਾਨ, ਜਿਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਅੱਧੀ ਦਰਜਨ ਦੇ ਕਰੀਬ ਮੰਤਰੀ ਤੇ 2 ਦਰਜਨ ਵਿਧਾਇਕ ਇਸ ਹਲਕੇ 'ਤੇ ਬਾਜ਼ ਦੀ ਅੱਖ ਰੱਖ ਕੇ ਕੁੱਦ ਸਕਦੇ ਹਨ, ਉਥੇ ਤੀਜੀ ਧਿਰ ਬੈਂਸ ਧੜਾ ਤੇ 'ਆਪ' ਵਾਲੇ ਵੀ ਆਪਣੀ ਵੋਟ ਬੈਂਕ ਲਈ ਪੂਰੀ ਤਾਕਤ ਝੋਕ ਦੇਣਗੇ। ਭਾਵੇਂ ਫਿਰੋਜ਼ਪੁਰ ਦੀ ਜਲਾਲਾਬਾਦ ਸੀਟ ਜੋ ਸੁਖਬੀਰ ਦੇ ਐੱਮ. ਪੀ. ਬਣਨ ਤੋਂ ਬਾਅਦ ਖਾਲੀ ਹੋਈ ਹੈ, ਨੂੰ ਹਾਟ ਮੰਨਦੇ ਸੀ ਪਰ ਹੁਣ ਦਾਖਾ ਸੀਟ ਹਾਟ ਬਣੇਗੀ, ਜਦੋਂਕਿ ਫਗਵਾੜਾ ਤੇ ਮੁਕੇਰੀਆਂ 'ਚ ਕਾਂਗਰਸ ਦਾ ਭਾਜਪਾ ਨਾਲ ਜੱਫਾ ਲੱਗੇਗਾ, ਜਿਥੇ ਭਾਜਪਾ ਦਾ ਭਵਿੱਖ ਅਤੇ ਕਾਂਗਰਸ ਦੀ ਪਕੜ ਦੇ ਦਰਸ਼ਨ ਹੋ ਜਾਣਗੇ।