ਦੋ ਦਹਾਕਿਆਂ ਤੋਂ ਸਿਰੇ ਨਹੀਂ ਚਡ਼੍ਹ ਸਕਿਆ ਡੇਅਰੀ ਪ੍ਰਾਜੈਕਟ
Friday, Jul 27, 2018 - 12:41 AM (IST)
ਪਟਿਆਲਾ(ਜੋਸਨ)-ਸ਼ਾਹੀ ਸਹਿਰ ਵਿਚ ਪਿਛਲੇ 2 ਦਹਾਕਿਆਂ ਤੋਂ ਅੱਜ ਤੱਕ ਡੇਅਰੀਆਂ ਸ਼ਹਿਰ ਦੇ ਅੰਦਰੂਨੀ ਖੇਤਰਾਂ ਵਿਚੋਂ ਨਿਕਲ ਕੇ ਬਾਹਰੀ ਖੇਤਰ ਅਬਲੋਵਾਲ ਵਿਖੇ ਤਬਦੀਲ ਨਹੀਂ ਹੋ ਸਕੀਆਂ ਹਨ। ਇਸ ਕਾਰਨ ਪਸ਼ੂਆਂ ਦਾ ਸਾਰਾ ਮਲ-ਮੂਤਰ ਸੀਵਰੇਜ ਸਿਸਟਮ ਵਿਚ ਜਾਂਦਾ ਹੈ ਅਤੇ ਸੀਵਰੇਜ ਪ੍ਰਣਾਲੀ ਜਾਮ ਰਹਿੰਦੀ ਹੈ। ਇਸ ਵਕਤ ਸੀਵਰੇਜ ਜਾਮ ਕਾਰਨ ਪਟਿਆਲਾ ਨਰਕ ਬਣਿਆ ਪਿਆ ਹੈ। ਇਹ ਡੇਅਰੀ ਪ੍ਰਾਜੈਕਟ ਕਿਸੇ ਹੋਰ ਦੇ ਨਹੀਂ ਬਲਕਿ ਪੰਜਾਬ ਦੀ 2002 ਤੋਂ 2007 ਵਿਚ ਰਹੀ ਕਾਂਗਰਸ ਸਰਕਾਰ ਦੇ ਸਮੇਂ ਵਿਚ ਹੀ ਸ਼ੁਰੂ ਕੀਤਾ ਜਾਣਾ ਸੀ ਪਰ ਅੱਜ 17 ਸਾਲ ਦਾ ਸਮਾਂ ਬੀਤ ਚੁੱਕਾ ਹੈ। ਪੰਜਾਬ ਦੀ ਸਿਆਸਤ ਵਿਚ ਰਾਜ ਕਰ ਰਹੀਆਂ ਦੋਵੇਂ ਪਾਰਟੀਆਂ ਕਾਂਗਰਸ ਤੇ ਅਕਾਲੀ ਦਲ ਨੇ ਇਸ ਸਮੱਸਿਆ ਦਾ ਹੱਲ ਕਰਨ ਦੀ ਥਾਂ ’ਤੇ ਸਿਰਫ਼ ਗੱਲਾਂ ਹੀ ਕੀਤੀਆਂ, ਜਿਸ ਕਾਰਨ ਅੱਜ ਹਾਲਾਤ ਇਹ ਹਨ ਕਿ ਸੀਵਰੇਜ ਸਿਸਟਮ ਰੋਜ਼ਾਨਾ ਹੀ ਜਾਮ ਰਹਿੰਦੇ ਹਨ। ਜਿਨ੍ਹਾਂ ਘਰਾਂ ਵਿਚ ਪਸ਼ੂ ਰੱਖੇ ਹੋਏ ਹਨ, ਵੱਲੋਂ ਸਾਰਾ ਮਲ-ਮੂਤਰ ਸਬਮਰਸੀਬਲ ਚਲਾ ਕੇ ਸਿੱਧੇ ਹੀ ਸੀਵਰੇਜ ਤੇ ਨਾਲਿਆਂ ਆਦਿ ਵਿਚ ਸੁੱਟ ਦਿੱਤਾ ਜਾਂਦਾ ਹੈ। ਡੇਅਰੀਆਂ ਕਾਰਨ ਸਿਰਫ਼ ਸੀਵਰੇਜ ਸਿਸਟਮ ਹੀ ਪ੍ਰਭਾਵਿਤ ਨਹੀਂ ਹੁੰਦਾ ਬਲਕਿ ਪੀਣ ਵਾਲਾ ਪਾਣੀ ਵੀ ਧਰਤੀ ਵਿਚੋਂ ਵੱਡੀ ਮਾਤਰਾ ਵਿਚ ਸਬਮਰਸੀਬਲਾਂ ਰਾਹੀਂ ਕੱਢ ਕੇ ਉਸ ਨੂੰ ਵਹਾਇਆ ਜਾ ਰਿਹਾ ਹੈ। ਹੈਰਾਨੀ ਹੈ ਕਿ ਜਿਹਡ਼ੇ ਵਿਅਕਤੀ ਸ਼ਹਿਰ ਦੀ ਭਲਾਈ ਲਈ ਜ਼ਿੰਮੇਵਾਰੀਆਂ ਲੈ ਕੇ ਵੱਡੇ-ਵੱਡੇ ਅਹੁਦੇ ਪ੍ਰਾਪਤ ਕਰ ਲੈਂਦੇ ਹਨ, ਓਹੀ ਵਿਅਕਤੀ ਬਾਅਦ ਵਿਚ ਗੈਰ-ਜ਼ਿੰਮੇਵਾਰ ਬਣ ਜਾਂਦੇ ਹਨ। ਇਨ੍ਹਾਂ ਨੂੰ ਰੋਕਣ-ਟੋਕਣ ਵਾਲਾ ਕੋਈ ਵੀ ਨਹੀਂ।
ਗੱਲਾਂ ਹੀ ਗੱਲਾਂ ’ਚ ਪੂਰਾ ਹੋ ਜਾਂਦੈ ਪ੍ਰਾਜੈਕਟ
ਮੁੱਖ ਮੰਤਰੀ ਦੇ ਆਪਣੇ ਜੱਦੀ ਸ਼ਹਿਰ ’ਚ ਡੇਅਰੀ ਪ੍ਰਾਜੈਕਟ 17 ਸਾਲਾਂ ਵਿਚ ਸਿਰਫ਼ ਗੱਲਾਂ ਹੀ ਗੱਲਾਂ ਵਿਚ ਪੂਰਾ ਹੋ ਜਾਂਦਾ ਹੈ। ਨਤੀਜਾ ਇਹ ਨਿਕਲਦਾ ਹੈ ਕਿ ਇੰਨੇ ਵਿਚ ਜਿਸ ਸਰਕਾਰ ਦਾ ਕਾਰਜ-ਕਾਲ ਚੱਲ ਰਿਹਾ ਹੁੰਦਾ ਹੈ, ਉਹ ਖ਼ਤਮ ਹੋ ਜਾਂਦਾ ਹੈ। ਫਿਰ ਇਹ ਗੱਲ ਅਧਵਾਟੇ ਹੀ ਰਹਿ ਜਾਂਦੀ ਹੈ। ਜਨਤਾ ਅੌਖੀ ਹੁੰਦੀ ਰਹਿੰਦੀ ਹੈ। ਹੁਣ ਦੇਖਣਾ ਇਹ ਹੈ ਕਿ ਇਸ ਪ੍ਰਾਜੈਕਟ ਦੀ ਕਦੋਂ ਸੁਣਵਾਈ ਹੁੰਦੀ ਹੈ?
