ਰਿਹਾਇਸ਼ੀ ਕਾਲੋਨੀਆਂ ''ਚ ਖੁੱਲ੍ਹੇ ਡੇਅਰੀ ਫਾਰਮ ; ਮੁਹੱਲਾ ਵਾਸੀ ਪ੍ਰੇਸ਼ਾਨ
Wednesday, Sep 13, 2017 - 05:33 AM (IST)
ਰਾਜਪੁਰਾ, (ਪ. ਪ.)- ਪੰਜਾਬ ਭਰ ਵਿਚ ਡੇਂਗੂ, ਚਿਕਨਗੁਨੀਆ ਤੇ ਮਲੇਰੀਆ ਵਰਗੀਆਂ ਭਿਆਨਕ ਬੀਮਾਰੀਆਂ ਨੇ ਕਈ ਘਰਾਂ ਦੇ ਚਿਰਾਗ ਬੁਝਾ ਦਿੱਤੇ ਹਨ। ਪ੍ਰਸ਼ਾਸਨ ਵੱਲੋਂ ਹਰ ਰੋਜ਼ ਇਸ ਨਾਲ ਨਜਿੱਠਣ ਦੇ ਕਈ ਪ੍ਰਕਾਰ ਦੇ ਦਾਅਵੇ ਕੀਤੇ ਜਾ ਰਹੇ ਹਨ। ਇਨ੍ਹਾਂ ਬੀਮਾਰੀਆਂ ਨਾਲ ਨਜਿੱਠਣ ਲਈ ਪ੍ਰਸ਼ਾਸਨ ਲੱਖਾਂ ਰੁਪਏ ਤਾਂ ਖਰਚ ਕਰ ਸਕਦਾ ਹੈ ਪਰ ਬੀਮਾਰੀਆਂ ਨੂੰ ਜਨਮ ਦੇਣ ਵਾਲੇ ਕਾਰਨਾਂ ਨੂੰ ਖਤਮ ਕਰਨਾ ਉਹ ਸ਼ਾਇਦ ਆਪਣਾ ਫਰਜ਼ ਨਹੀਂ ਸਮਝਦਾ। ਸ਼ਹਿਰ ਵਿਚ ਕਈ ਥਾਵਾਂ 'ਤੇ ਕੂੜੇ ਆਦਿ ਦੇ ਢੇਰ ਲੱਗਣੇ ਤਾਂ ਆਮ ਗੱਲ ਹੋ ਗਈ ਹੈ।
ਇਸ ਤੋਂ ਇਲਾਵਾ ਕਾਲੋਨੀਆਂ ਵਿਚ ਘਰਾਂ ਦੇ ਸਾਹਮਣੇ ਗੋਹੇ ਦੇ ਗੰਦੇ ਪਾਣੀ ਤੋਂ ਲੋਕ ਕਾਫੀ ਪ੍ਰੇਸ਼ਾਨ ਹਨ। ਨਗਰ ਕੌਂਸਲ ਅਧੀਨ ਪੈਂਦੀਆਂ ਦਰਜਨਾਂ ਰਿਹਾਇਸ਼ੀ ਕਾਲੋਨੀਆਂ ਬਾਬਾ ਦੀਪ ਸਿੰਘ ਕਾਲੋਨੀ, ਏਕਤਾ ਕਾਲੋਨੀ ਅਤੇ ਵਾਰਡ ਨੰਬਰ 11 ਅਧੀਨ ਪੈਂਦੀ ਗੁਰੂ ਅਰਜਨ ਦੇਵ ਕਾਲੋਨੀ ਦੇ ਵਸਨੀਕ ਜਥੇਦਾਰ ਅਵਤਾਰ ਸਿੰਘ, ਗੁਰਬਚਨ ਸਿੰਘ, ਅਮੀਰ ਸਿੰਘ, ਦਇਆ ਸਿੰਘ, ਡਿੰਪਲ ਸਿੰਘ, ਗੁਰਜੀਤ ਸਿੰਘ ਤੇ ਭੋਲਾ ਸਿੰਘ ਸਮੇਤ ਹੋਰਨਾਂ ਨੇ ਦੱਸਿਆ ਕਿ ਉਨ੍ਹਾਂ ਦੇ ਮੁਹੱਲੇ ਵਿਚ ਖੁੱਲ੍ਹੇ ਡੇਅਰੀ ਫਾਰਮ ਕਾਰਨ ਕਾਲੋਨੀ ਵਸਨੀਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰਿਹਾਇਸ਼ੀ ਏਰੀਏ ਵਿਚ ਖੁੱਲ੍ਹੇ ਡੇਅਰੀ ਫਾਰਮਾਂ ਦੇ ਮਾਲਕਾਂ ਵੱਲੋਂ ਗੋਹੇ ਵਾਲਾ ਪਾਣੀ ਸੀਵਰੇਜ ਪਾਈਪਾਂ ਵਿਚ ਵਹਾਅ ਦਿੱਤਾ ਜਾਂਦਾ ਹੈ, ਜਿਸ ਕਾਰਨ ਪਾਈਪਾਂ ਬੰਦ ਹੋ ਰਹੀਆਂ ਹਨ। ਇਨ੍ਹਾਂ ਵਿਚੋਂ ਗੰਦੀ ਬਦਬੂ ਆ ਰਹੀ ਹੈ। ਇਹ ਗੰਦਾ ਪਾਣੀ ਸੜਕਾਂ 'ਤੇ ਖੜ੍ਹਾ ਹੋ ਰਿਹਾ ਹੈ, ਜਿਸ ਕਾਰਨ ਕਾਲੋਨੀ ਵਾਸੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਨ੍ਹਾਂ ਕਿਹਾ ਕਿ ਨਗਰ ਕੌਂਸਲ ਅਧਿਕਾਰੀ ਸਭ ਕੁਝ ਜਾਣਦੇ ਹੋਏ ਵੀ ਡੇਅਰੀ ਮਾਲਕਾਂ ਖਿਲਾਫ ਕੋਈ ਕਾਰਵਾਈ ਨਹੀਂ ਕਰ ਰਹੇ। ਡੇਅਰੀ ਮਾਲਕ ਜਿੱਥੇ ਆਪ ਤਾਂ ਹਰ ਰੋਜ਼ ਹਜ਼ਾਰਾਂ ਰੁਪਏ ਕਮਾ ਰਹੇ ਹਨ, ਉਥੇ ਹੀ ਸੜਕਾਂ 'ਤੇ ਖੜ੍ਹੇ ਪਾਣੀ ਨਾਲ ਦਿੱਕਤ ਆਉਣ ਕਾਰਨ ਲੋਕ ਡੇਂਗੂ, ਚਿਕਨਗੁਨੀਆ ਅਤੇ ਮਲੇਰੀਆ ਵਰਗੀਆਂ ਭਿਆਨਕ ਬੀਮਾਰੀਆਂ ਦਾ ਵੀ ਸ਼ਿਕਾਰ ਹੋ ਸਕਦੇ ਹਨ। ਇਸ ਸਭ ਤੋਂ ਪ੍ਰਸ਼ਾਸਨ ਬੇਖਬਰ ਹੈ। ਸੜਕਾਂ 'ਤੇ ਖੜ੍ਹੇ ਗੋਹੇ ਵਾਲੇ ਗੰਦੇ ਪਾਣੀ ਕਾਰਨ ਗੋਹੇ ਵਿਚੋਂ ਨਿਕਲਦੀ ਬਦਬੂ ਵੀ ਮੁਹੱਲਾ ਵਾਸੀਆਂ ਦਾ ਜਿਊਣਾ ਮੁਹਾਲ ਕਰ ਰਹੀ ਹੈ। ਕਈ ਥਾਵਾਂ 'ਤੇ ਤਾਂ ਡੇਅਰੀ ਮਾਲਕਾਂ ਵੱਲੋਂ ਮੱਝਾਂ ਨੂੰ ਗਲੀਆਂ ਵਿਚ ਬੰਨ੍ਹਣ ਕਾਰਨ ਆਵਾਜਾਈ ਵੀ ਪ੍ਰਭਾਵਿਤ ਹੁੰਦੀ ਹੈ। ਸ਼ਾਮ-ਸਵੇਰ ਨੂੰ ਪਰਿਵਾਰ ਆਪਣੇ ਘਰ ਅੰਦਰ ਰੋਟੀ ਖਾਣ ਲਗਦੇ ਹਨ ਤਾਂ ਡੇਅਰੀ ਵਿਚੋਂ ਬਹੁਤ ਹੀ ਗੰਦੀ ਬਦਬੂ ਆਉਂਦੀ ਹੈ।
ਉਨ੍ਹਾਂ ਕਿਹਾ ਕਿ ਸਾਡਾ ਜਿਊਣਾ ਮੁਸ਼ਕਲ ਹੋਇਆ ਪਿਆ ਹੈ। ਜਦੋਂ ਵੀ ਡੇਅਰੀ 'ਤੇ ਤੂੜੀ ਦੀ ਟਰਾਲੀ ਆਉਂਦੀ ਹੈ, ਤੂੜੀ ਉਤਾਰਨ ਲੱਗਿਆਂ ਉੁਸ ਵੇਲੇ ਸਾਡੇ ਘਰਾਂ ਦੇ ਅੰਦਰ ਤੱਕ ਤੁੜੀ ਵੜ ਜਾਂਦੀ ਹੈ।
