ਡੀ. ਸੀ. ਵੱਲੋਂ ਕਿਰਤਦਾਨ ਦੌਰਾਨ ਜ਼ਿਲਾ ਪ੍ਰਸ਼ਾਸਕੀ ਕੰਪਲੈਕਸ ਦੀ ਸਫਾਈ

09/18/2017 7:43:04 AM

ਜਲੰਧਰ, (ਅਮਿਤ)- ਜਲੰਧਰ ਦੇ ਡਿਪਟੀ ਕਮਿਸ਼ਨਰ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਅੱਜ ਕਿਹਾ ਕਿ ਸੂਬੇ ਵਿਚ ਚੱਲ ਰਹੀ ਸਵੱਛਤਾ ਹੀ ਸੇਵਾ ਮੁਹਿੰਮ ਪੰਜਾਬ ਨੂੰ ਸਾਫ਼ ਅਤੇ ਸਿਹਤਮੰਦ ਸੂਬਾ ਬਣਾਉਣ ਵਿਚ ਸਹਾਈ ਸਿੱਧ ਹੋਵੇਗੀ। 
ਅੱਜ ਇਥੇ ਜ਼ਿਲਾ ਪ੍ਰਸ਼ਾਸਕੀ ਕੰਪਲੈਕਸ ਵਿਚ ਸਫਾਈ ਲਈ ਕਿਰਤਦਾਨ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਮੁਹਿੰਮ ਸੂਬੇ ਅਤੇ ਜ਼ਿਲੇ ਨੂੰ ਸਾਫ਼ ਅਤੇ ਹਰਿਆ-ਭਰਿਆ ਬਣਾÀਣ ਲਈ ਲੋਕਾਂ ਨੂੰ ਜਾਗਰੂਕ ਕਰਨ ਵਿਚ ਬਹੁਤ ਪ੍ਰਭਾਵੀ ਸਿੱਧ ਹੋਵੇਗੀ। ਉਨ੍ਹਾਂ ਕਿਹਾ ਕਿ 15 ਦਿਨ ਚੱਲਣ ਵਾਲੀ ਮੁਹਿੰਮ ਲੋਕਾਂ ਨੂੰ ਸਫਾਈ ਪ੍ਰਤੀ ਸੰਜੀਦਾ ਕਰਨ ਲਈ ਇਕ ਵਧੀਆ ਉਪਰਾਲਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਦਾ ਹਿੱਸਾ ਬਣਨ ਕਿਉਂਕਿ ਕੋਈ ਵੀ ਸੰਜੀਦਾ ਕਦਮ ਉਨ੍ਹਾਂ ਦੇ ਸਹਿਯੋਗ ਤੋਂ ਬਿਨਾਂ ਨੇਪਰੇ ਨਹੀਂ ਚਾੜ੍ਹਿਆ ਜਾ ਸਕਦਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਜਲਦ ਹੀ ਪੇਂਡੂ ਅਤੇ ਸ਼ਹਿਰੀ ਖੇਤਰ ਦੇ ਲੋਕਾਂ ਨੂੰ ਸਫਾਈ ਤੋਂ ਜਾਣੂ ਕਰਵਾਉਣ ਲਈ ਸਵੱਛਤਾ ਰਥ ਚਲਾਏਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਨੂੰ ਖੁੱਲ੍ਹੇਆਮ ਪਖਾਨੇ ਤੋਂ ਮੁਕਤ ਕਰਵਾਉਣ ਲਈ ਸਰਕਾਰ ਦਾ ਸਾਥ ਦੇਣ। ਉਨ੍ਹਾਂ ਕਿਹਾ ਕਿ ਇਹ ਸਾਡੇ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਜਲੰਧਰ ਖੁੱਲ੍ਹੇਆਮ ਪਖਾਨੇ ਦੇ ਖਿਲਾਫ਼ ਮੁਹਿੰਮ ਚਲਾਉਣ ਵਾਲੇ ਪਹਿਲੇ 5 ਅਤੇ ਦੇਸ਼ ਦੇ ਪਹਿਲੇ 100 ਜ਼ਿਲਿਆਂ ਵਿਚ ਆਉਂਦਾ ਹੈ। 
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਸਹੀ ਰੱਖ-ਰਖਾਅ ਅਤੇ ਸਫਾਈ ਲਈ ਇਸ ਮੁਹਿੰਮ ਦੌਰਾਨ ਕੰਪਲੈਕਸ ਨੂੰ 5 ਜ਼ੋਨਾਂ ਵਿਚ ਵੰਡਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਜ਼ੋਨਾਂ ਦੀ ਨਿਗਰਾਨੀ ਜ਼ਿਲੇ ਦੇ ਸੀਨੀਅਰ ਅਫਸਰ ਕਰਨਗੇ।
ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਨੇ ਕਿਰਤਦਾਨ ਦੌਰਾਨ  ਜ਼ਿਲਾ ਪ੍ਰਸ਼ਾਸਕੀ ਕੰਪਲੈਕਸ ਦੀ ਮੁੱਖ ਸੜਕ ਦੀ ਸਫਾਈ ਕੀਤੀ। ਵਾਧੂ ਅਤੇ ਮਲਬਾ ਖੁਦ ਚੁੱਕਿਆ ਅਤੇ ਬੂਟਿਆਂ ਨੂੰ ਪਾਣੀ ਲਾਇਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲੇ ਦੇ ਵਧੀਕ ਡਿਪਟੀ ਕਮਿਸ਼ਨਰ ਸ. ਜਸਬੀਰ ਸਿੰਘ, ਸਹਾਇਕ ਕਮਿਸ਼ਨਰ ਡਾ. ਬੀ. ਐੱਸ. ਢਿੱਲੋਂ ਅਤੇ ਡਾ. ਜੈ ਇੰਦਰ ਸਿੰਘ, ਕਾਰਜਕਾਰੀ ਮੈਜਿਸਟ੍ਰੇਟ ਡਾ. ਹਰਮਿੰਦਰ ਸਿੰਘ, ਮਨੋਹਰ ਲਾਲ ਅਤੇ ਗੁਰਪ੍ਰੀਤ ਸਿੰਘ, ਕਾਰਜਕਾਰੀ ਇੰਜੀਨੀਅਰ ਵਾਟਰ ਸਪਲਾਈ ਕੇ. ਐੱਸ. ਸੈਣੀ, ਐੱਸ. ਡੀ. ਓ. ਗਗਨ ਸਿੰਘ ਅਤੇ ਡਿਪਟੀ ਕਮਿਸ਼ਨਰ ਦਫ਼ਤਰ ਤੇ ਸੁਪਰਡੈਂਟ ਸੁਰਜੀਤ ਸਿੰਘ ਅਤੇ ਰਜਿੰਦਰ ਸਿੰਘ ਹਾਜ਼ਰ ਸਨ।


Related News