ਡੀ. ਈ. ਓ. ਵੱਲੋਂ 136 ਸਕੂਲ ਮੁਖੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ
Friday, Aug 24, 2018 - 11:58 PM (IST)

ਗੁਰਦਾਸਪੁਰ, (ਹਰਮਨਪ੍ਰੀਤ/ ਦੀਪਕ)- ਜ਼ਿਲਾ ਗੁਰਦਾਸਪੁਰ ਅੰਦਰ ਇਸ ਸਾਲ ਮਨਾਏ ਗਏ ਜ਼ਿਲਾ ਪੱਧਰੀ ਆਜ਼ਾਦੀ ਦਿਵਸ ਸਮਾਗਮ ’ਚ ਸ਼ਮੂਲੀਅਤ ਨਾ ਕਰਨ ਵਾਲੇ ਕਰੀਬ 136 ਸਕੂਲਾਂ ਦੇ ਮੁਖੀਆਂ ਨੂੰ ਡੀ. ਈ. ਓ. (ਸ) ਵੱਲੋਂ ਗ਼ੈਰ ਹਾਜ਼ਰ ਕਰਾਰ ਦੇ ਕੇ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤੇ ਗਏ ਹਨ। ਇਹ ਨੋਟਿਸ ਮਿਲਣ ਕਾਰਨ ਜਿੱਥੇ ਸਬੰਧਿਤ ਅਧਿਆਪਕਾਂ ਅੰਦਰ ਪ੍ਰੇਸ਼ਾਨੀ ਦੀ ਲਹਿਰ ਦੌਡ਼ ਗਈ ਹੈ, ਉਸ ਦੇ ਨਾਲ ਹੀ ਡੈਮੋਕਰੈਟਿਕ ਟੀਚਰਜ਼ ਫਰੰਟ ਨੇ ਸਿੱਖਿਆ ਵਿਭਾਗ ਦੀ ਇਸ ਕਾਰਵਾਈ ਦੀ ਸਖ਼ਤ ਨਿੰਦਾ ਕਰਕੇ ਕਈ ਮੁੱਦੇ ਉਠਾਏ ਹਨ।
ਜ਼ਿਕਰਯੋਗ ਹੈ ਕਿ ਜ਼ਲ੍ਹਿਾ ਸਿੱਖਿਆ ਅਫ਼ਸਰ ਵੱਲੋਂ ਪੱਤਰ ਨੰਬਰ ਵੋਕ/ 2018/ 26786 ਮਿਤੀ 23/ 08/ 2018 ਜਾਰੀ ਕਰਕੇ ਬਲਾਕ ਗੁਰਦਾਸਪੁਰ-1, ਗੁਰਦਾਸਪੁਰ-2, ਧਾਰੀਵਾਲ-1, ਧਾਰੀਵਾਲ-2, ਦੀਨਾਨਗਰ, ਕਾਹਨੂੰਵਾਨ-1, ਕਾਹਨੂੰਵਾਨ-2, ਦੋਰਾਂਗਲਾ ਸਮੇਤ ਵੱਖ-ਵੱਖ ਬਲਾਕਾਂ ਦੇ ਮਿਡਲ, ਹਾਈ, ਸੀਨੀਅਰ ਸੈਕੰਡਰੀ ਸਕੂਲਾਂ ਦੇ ਮੁਖੀਆਂ ਨੂੰ ਕਿਹਾ ਹੈ ਕਿ ਆਜ਼ਾਦੀ ਦਿਵਸ ਸਮਾਗਮ ’ਚ ਉਨ੍ਹਾਂ ਨੂੰ ਆਪਣੇ ਸਟਾਫ਼ ਸਮੇਤ ਹਾਜ਼ਰ ਹੋਣ ਦੀਆਂ ਹਦਾਇਤਾਂ ਕੀਤੀਆਂ ਗਈਆਂ ਸਨ। ਪਰ ਇਸ ਦੇ ਬਾਵਜੂਦ ਇਨ੍ਹਾਂ ਸਕੂਲਾਂ ਦੇ ਸਟਾਫ਼ ਨੇ ਹਾਜ਼ਰੀ ਯਕੀਨੀ ਨਹੀਂ ਬਣਾਈ।
ਉਨ੍ਹਾਂ ਕਿਹਾ ਕਿ ਸਬੰਧਿਤ ਸਕੂਲਾਂ ਦੇ ਮੁਖੀ 2 ਦਿਨਾਂ ਦੇ ਅੰਦਰ-ਅੰਦਰ ਗੈਰ ਹਾਜ਼ਰ ਰਹੇ ਸਟਾਫ ਕੋਲ ਲਿਖਤੀ ਸਪਸ਼ਟੀਕਰਨ ਲੈ ਕੇ ਭੇਜਣ ਅਤੇ ਅਜਿਹਾ ਨਾ ਹੋਣ ’ਤੇ ਗ਼ੈਰ ਹਾਜ਼ਰ ਸਟਾਫ ਖਿਲਾਫ਼ ਕਾਰਵਾਈ ਲਈ ਡਿਪਟੀ ਕਮਿਸ਼ਨਰ ਨੂੰ ਲਿਖ ਦਿੱਤਾ ਜਾਵੇਗਾ। ਦੂਸਰੇ ਪਾਸੇ ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਗੁਰਦਾਸਪੁਰ ਦੇ ਪ੍ਰਧਾਨ ਅਮਰਜੀਤ ਸ਼ਾਸਤਰੀ ਨੇ ਡੀ. ਈ. ਓ. ਦੀ ਇਸ ਕਾਰਵਾਈ ’ਤੇ ਪ੍ਰਤੀਕਰਮ ਪ੍ਰਗਟ ਕਰਦਿਆਂ ਕਿਹਾ ਕਿ ਇਸ ਸਾਲ 15 ਅਗਸਤ ’ਤੇ ਸਭ ਤੋਂ ਵੱਧ ਗਿਣਤੀ ਸਕੂਲ ਅਧਿਆਪਕਾਂ ਦੀ ਸੀ। ਪਰ ਇਸ ਦੇ ਬਾਵਜੂਦ ਅਧਿਆਪਕਾਂ ਨੂੰ ਪ੍ਰੇਸ਼ਾਨ ਕਰਨ ਲਈ ਇਹ ਨੋਟਿਸ ਜਾਰੀ ਕੀਤਾ ਗਿਆ ਹੈ।
ਉਨ੍ਹਾਂ ਇਕ ਹੋਰ ਖੁਲਾਸਾ ਕਰਦਿਆਂ ਕਿਹਾ ਕਿ ਸਿੱਖਿਆ ਵਿਭਾਗ ਦੇ ਦਫ਼ਤਰੀ ਅਧਿਕਾਰੀ ਆਪਣੇ ਚਹੇਤਿਆਂ ਨੂੰ ਐਂਟਰੀ ਪਾਸ ਦੇਣ ਤੋਂ ਇਲਾਵਾ ਹਰ ਸਾਲ ਸਨਮਾਨਿਤ ਕਰਵਾ ਰਹੇ ਹਨ। ਪਰ ਦੂਸਰੇ ਪਾਸੇ ਜਨ੍ਹਿਾਂ ਅਧਿਆਪਕਾਂ ਦੀ ਕੋਈ ਸਿਫਾਰਸ਼ ਨਹੀਂ ਹੈ, ਉਨ੍ਹਾਂ ਦੀਆਂ ਪ੍ਰਾਪਤੀਆਂ ਨੂੰ ਹਮੇਸ਼ਾਂ ਨਜ਼ਰ ਅੰਦਾਜ਼ ਕੀਤਾ ਜਾਂਦਾ ਹੈ। ਇੱਥੋਂ ਤਕ ਕਿ ਕੁਝ ਅਜਿਹੇ ਅਧਿਕਾਰੀ/ਕਰਮਚਾਰੀ ਵੀ ਹਨ, ਜੋ ਹਰ ਸਾਲ ਹੀ ਸਨਮਾਨਤ ਹੁੰਦੇ ਹਨ। ਉਨ੍ਹਾਂ ਡਿਪਟੀ ਕਮਿਸ਼ਨਰ ਕੋਲੋਂ ਮੰਗ ਕੀਤੀ ਕਿ ਅਧਿਆਪਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਨ ਦੀ ਬਜਾਏ ਇਸ ਮਾਮਲੇ ਦੀ ਜਾਂਚ ਕੀਤੀ ਜਾਵੇ।