GNA ਯੂਨੀਵਰਸਿਟੀ ਨੇ ਕਰਵਾਈ ਸਾਈਕਲਿੰਗ ਮੈਰਾਥਨ
Tuesday, Feb 23, 2021 - 12:13 AM (IST)

ਫਗਵਾੜਾ (ਵਿਕਰਮ ਜਲੋਟਾ): ਜੀ.ਐੱਨ.ਏ. ਯੂਨੀਵਰਸਿਟੀ ਵੱਲੋਂ ਜੀ. ਐੱਨ. ਏ. ਗਿਅਰਸ ਦੇ ਸਹਯੋਗ ਨਾਲ ਸਿਹਤ ਅਤੇ ਤੰਦਰੁਸਤ ਸਰੀਰ ਦੇ ਉਦੇਸ਼ ਨਾਲ ਸਾਈਕਲਿੰਗ ਮੈਰਾਥਨ ਦਾ ਆਯੋਜਨ ਕੀਤਾ ਗਿਆ। ਮੈਰਾਥਨ ਯੂਨੀਵਰਸਿਟੀ ਦੇ ਕੈਂਪਸ ਤੋਂ ਸ਼ੁਰੂ ਹੋਈ ਅਤੇ ਜਲੰਧਰ ਤੋਂ ਫਗਵਾੜਾ ਸ਼ਹਿਰ ਹੁੰਦੇ ਹੋਏ ਹਵੇਲੀ ਦੇ ਨੇੜੇ ਅੰਡਰਪਾਸ ਤੋਂ ਵਾਪਸ ਕੈਂਪਸ 'ਚ ਆ ਕੇ ਸਮਾਪਤ ਹੋਈ। ਇਸ ਸਮੇਂ ਦੌਰਾਨ ਸਾਈਕਲ ਸਵਾਰਾਂ ਨੇ ਤਕਰੀਬਨ 44 ਕਿਲੋਮੀਟਰ ਦੀ ਦੂਰੀ ਤੈਅ ਕੀਤੀ।
ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਡੀ.ਐਸ.ਪੀ. ਫਗਵਾੜਾ ਪਰਮਜੀਤ ਸਿੰਘ ਨੇ ਯੂਨੀਵਰਸਿਟੀ ਦੇ ਉੱਦਮ ਦੀ ਸ਼ਲਾਘਾ ਕੀਤੀ। ਇਸਦੇ ਨਾਲ ਹੀ ਉਨ੍ਹਾਂ ਨੇ ਨੌਜਵਾਨਾਂ ਨੂੰ ਸਰੀਰਕ ਤੰਦਰੁਸਤੀ 'ਤੇ ਧਿਆਨ ਦੇਣ ਅਤੇ ਖੇਡਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ।
ਇਸ ਸਮਾਰੋਹ ਵਿੱਚ ਪੰਜਾਬ ਬਾਈਕ ਕਲੱਬ, ਫਿੱਟ ਸਾਈਕਲ ਲਾਈਫ ਗਰੁੱਪ, ਫਗਵਾੜਾ ਪੇਡਲਰਜ਼, ਫਗਵਾੜਾ ਬਾਈਕਰਜ਼, ਜਲੰਧਰ ਬਾਈਕਿੰਗ ਕਲੱਬ ਅਤੇ ਦਿ ਬਾਈਕ ਸਟੋਰ ਹੁਸ਼ਿਆਰਪੁਰ ਸਾਈਕਲਵਾਲ ਸਮੇਤ 100 ਦੇ ਕਰੀਬ ਸਾਈਕਲ ਸਵਾਰਾਂ ਨੇ ਸ਼ਿਰਕਤ ਕੀਤੀ।
ਇਸ ਮੈਰਾਥਨ ਵਿਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਨਵਦੀਪ ਸਿੰਘ ਨੂੰ 10 ਹਜ਼ਾਰ, ਦੂਸਰਾ ਸਥਾਨ ਪ੍ਰਾਪਤ ਕਰਨ ਵਾਲੀ ਏਕਮਪ੍ਰੀਤ ਨੂੰ 5 ਹਜ਼ਾਰ ਰੁਪਏ ਅਤੇ ਤੀਸਰਾ ਸਥਾਨ ਪ੍ਰਾਪਤ ਕਰਨ ਵਾਲੇ ਤ੍ਰਿਲੋਕ ਭਾਟੀਆ ਨੂੰ 3 ਹਜ਼ਾਰ ਰੁਪਏ ਸਨਮਾਨ ਵਜੋਂ ਦਿੱਤੇ ਗਏ।
ਯੂਨੀਵਰਸਿਟੀ ਦੇ ਪ੍ਰੋ. ਚਾਂਸਲਰ ਗੁਰਦੀਪ ਸਿੰਘ ਸਿਹਰਾ ਨੇ ਸਾਰੇ ਜੇਤੂਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਰੁੱਝੇ ਹੋਏ ਸੰਸਾਰ ਵਿੱਚ ਸਾਡੇ ਸਾਰਿਆਂ ਲਈ ਸਾਈਕਲ ਚਲਾਉਣਾ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਹ ਸਰੀਰ ਦਾ ਸੰਤੁਲਨ ਕਾਇਮ ਰੱਖਣ ਵਿੱਚ ਸਹਾਇਤਾ ਕਰਦਾ ਹੈ ਅਤੇ ਸਾਨੂੰ ਬਿਮਾਰੀਆਂ ਤੋਂ ਬਚਾਉਂਦਾ ਹੈ। ਉਪ ਕੁਲਪਤੀ ਡਾ: ਵੀ ਕੇ ਰਤਨ ਨੇ ਕਿਹਾ ਕਿ ਸਾਈਕਲਿੰਗ ਇੱਕ ਕਸਰਤ ਹੈ ਜੋ ਸਰੀਰ ਨੂੰ ਤੰਦਰੁਸਤ ਅਤੇ ਊਰਜਾਵਾਨ ਬਣਾਉਣ ਵਿੱਚ ਸਹਾਇਤਾ ਕਰਦੀ ਹੈ।
ਰਜਿਸਟਰਾਰ ਡਾ. ਆਰ ਕੇ ਮਹਾਜਨ ਨੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸਾਈਕਲ ਚਲਾਉਣ ਨਾਲ ਮਾਨਸਿਕ ਸ਼ਾਂਤੀ ਮਿਲਦੀ ਹੈ ਅਤੇ ਤੰਦਰੁਸਤ ਸਰੀਰ ਵਿਚ ਹੀ ਸਿਹਤਮੰਦ ਦਿਮਾਗ ਰਹਿੰਦਾ ਹੈ। ”