ਸਾਈਬਰ ਕ੍ਰਿਮੀਨਲਾਂ ਦਾ ਨਵਾਂ ਕਾਰਨਾਮਾ : ਡੀ. ਪੀ. ’ਤੇ ਪੁਲਸ ਕਮਿਸ਼ਨਰ ਦੀ ਫੋਟੋ ਲਗਾ ਕੇ ਮਾਰ ਰਹੇ ਠੱਗੀ

08/07/2023 2:37:17 PM

ਲੁਧਿਆਣਾ (ਰਾਜ) : ਸਾਈਬਰ ਕ੍ਰਿਮੀਨਲ ਭੋਲੇ-ਭਾਲੇ ਲੋਕਾਂ ਨੂੰ ਠੱਗਣ ਲਈ ਰੋਜ਼ਾਨਾ ਨਵੇਂ-ਨਵੇਂ ਢੰਗ-ਤਰੀਕੇ ਵਰਤਦੇ ਰਹਿੰਦੇ ਹਨ। ਸਾਈਬਰ ਠੱਗਾਂ ਦਾ ਨਵਾਂ ਕਾਰਨਾਮਾ ਸਾਹਮਣੇ ਆਇਆ ਹੈ। ਹੁਣ ਡੀ. ਪੀ. ’ਤੇ ਲੁਧਿਆਣਾ ਦੇ ਪੁਲਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਦੀ ਫੋਟੋ ਲਗਾ ਕੇ ਸਾਈਬਰ ਠੱਗ ਲੋਕਾਂ ਨਾਲ ਠੱਗੀ ਮਾਰ ਰਹੇ ਹਨ। ਇਕ ਅਜਿਹੀ ਹੀ ਵੀਡੀਓ ਦੀ ਗੱਲਬਾਤ ਅਤੇ ਚੈਟ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀ ਹੈ, ਜਿਸ ’ਚ ਠੱਗ ਕਿਸੇ ਵਿਅਕਤੀ ਦੇ ਭਰਾ ਨੂੰ ਛੱਡਣ ਬਦਲੇ ਡੇਢ ਲੱਖ ਰੁਪਏ ਮੰਗ ਰਿਹਾ ਹੈ ਅਤੇ ਜਿਸ ਵ੍ਹਟਸਐਪ ਤੋਂ ਗੱਲ ਕਰ ਰਿਹਾ ਹੈ, ਉਸ ’ਤੇ ਮਨਦੀਪ ਸਿੰਘ ਸਿੱਧੂ ਦੀ ਡੀ. ਪੀ. ਲਗਾਈ ਹੋਈ ਹੈ। ਅਸਲ ’ਚ ਅੱਜ ਕੱਲ ਰੋਜ਼ਾਨਾ ਸਾਈਬਰ ਠੱਗ ਨਵੇਂ ਢੰਗ-ਤਰੀਕਿਆਂ ਨਾਲ ਲੋਕਾਂ ਨੂੰ ਠੱਗ ਰਹੇ ਹਨ। ਕਦੇ ਏ. ਆਈ. ਵਾਈਸ ਕਲੋਨਿੰਗ ਜ਼ਰੀਏ ਰਿਸ਼ਤੇਦਾਰ ਦੀ ਹੂ-ਬ-ਹੂ ਆਵਾਜ਼ ਕਾਪੀ ਕਰ ਕੇ ਡਰਾ-ਧਮਕਾ ਕੇ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਹੈ। ਹਾਲਾਂਕਿ ਸਾਈਬਰ ਸੈੱਲ ਅਜਿਹੇ ਠੱਗਾਂ ਤੋਂ ਬਚਣ ਲਈ ਲੋਕਾਂ ਨੂੰ ਜਾਗਰੂਕ ਕਰਦੇ ਰਹੇ ਹਨ ਪਰ ਠੱਗ ਹਮੇਸ਼ਾ ਇਕ ਕਦਮ ਅੱਗੇ ਹੀ ਰਹਿੰਦੇ ਹਨ। ਐਤਵਾਰ ਨੂੰ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਵਾਇਰਲ ਹੋ ਰਹੀ ਸੀ, ਜਿਸ ’ਚ +960-790-5942 ਵ੍ਹਟਸਐਪ ਨੰਬਰ ਦਿਖਾਈ ਦੇ ਰਿਹਾ ਹੈ।

ਇਹ ਵੀ ਪੜ੍ਹੋ : ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਦਾ ਐਲਾਨ ਹੁੰਦਿਆਂ ਹੀ ਗੁਰਾਇਆ ’ਚ ਹਲਚਲ ਹੋਈ ਤੇਜ਼

ਉਸ ’ਤੇ ਲੁਧਿਆਣਾ ਦੇ ਪੁਲਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਦੀ ਡੀ. ਪੀ. ਲੱਗੀ ਹੋਈ ਹੈ। ਸਾਹਮਣੇ ਵਾਲਾ ਖੁਦ ਨੂੰ ਪੁਲਸ ਵਾਲਾ ਦੱਸ ਰਿਹਾ ਹੈ ਅਤੇ ਕਿਸੇ ਨੂੰ ਛੱਡਣ ਬਦਲੇ ਡੇਢ ਲੱਖ ਰੁਪਏ ਮੰਗ ਰਿਹਾ ਹੈ। ਉਹ ਵਿਅਕਤੀ ਨੂੰ ਕਹਿ ਰਿਹਾ ਹੈ ਕਿ ਉਹ ਪੈਸੇ ਬੈਂਕ ਅਕਾਊਂਟ ’ਚ ਜਮ੍ਹਾ ਕਰਵਾ ਦੇਵੇ। ਬਿਨਾਂ ਫੋਨ ਨੂੰ ਕੱਟੇ ਉਹ ਬੈਂਕ ਜਾਵੇ ਪਰ ਸਾਹਮਣੇ ਵਾਲਾ ਵਿਅਕਤੀ ਵੀ ਸ਼ਾਤਰ ਸੀ, ਜਿਸ ਨੂੰ ਪਤਾ ਲੱਗ ਗਿਆ ਸੀ ਕਿ ਇਹ ਕੋਈ ਪੁਲਸ ਵਾਲਾ ਜਾਂ ਅਧਿਕਾਰੀ ਨਹੀਂ ਹੈ, ਸਗੋਂ ਕੋਈ ਸਾਈਬਰ ਠੱਗ ਉਸ ਨੂੰ ਠੱਗਣ ਦਾ ਯਤਨ ਕਰ ਰਿਹਾ ਹੈ। ਉਸ ਨੇ ਠੱਗ ਨਾਲ ਹੋਈ ਸਾਰੀ ਗੱਲਬਾਤ ਨੂੰ ਰਿਕਾਰਡ ਕਰ ਲਿਆ ਅਤੇ ਉਸ ਨੂੰ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤਾ। ਇਹ ਵੀ ਪਤਾ ਲੱਗਾ ਹੈ ਕਿ ਪੁਲਸ ਅਧਿਕਾਰੀਆਂ ਨੂੰ ਇਸ ਬਾਰੇ ਪਤਾ ਲੱਗ ਗਿਆ ਹੈ ਅਤੇ ਅੰਦਰਖਾਤੇ ਇਸ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਦਿੱਲੀ ਆਰਡੀਨੈਂਸ ਬਿੱਲ ਦਾ ਮਕਸਦ ਸਿਰਫ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਰੋਕਣਾ : ‘ਆਪ’

‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8
 


Anuradha

Content Editor

Related News