ਸਾਈਬਰ ਠੱਗੀ : ਅਣਪਛਾਤੇ ਨੇ ਖਾਤੇ ’ਚੋਂ 54560 ਉਡਾਏ, ਮੁਕੱਦਮਾ ਦਰਜ
Saturday, Nov 06, 2021 - 04:59 PM (IST)
 
            
            ਫ਼ਰੀਦਕੋਟ (ਰਾਜਨ) : ਬੇਸ਼ੱਕ ਵੱਖ-ਵੱਖ ਬੈਂਕਾਂ ਵੱਲੋਂ ਸਮੇਂ-ਸਮੇਂ ’ਤੇ ਆਪਣੇ ਗਾਹਕਾਂ ਨੂੰ ਮੈਸੇਜ ਕਰਕੇ ਸਾਈਬਰ ਠੱਗੀਆਂ ਪ੍ਰਤੀ ਸੁਚੇਤ ਕਰਨ ਦਾ ਸਿਲਸਿਲਾ ਜਾਰੀ ਹੈ ਪ੍ਰੰਤੂ ਇਸਦੇ ਬਾਵਜੂਦ ਸਥਾਨਕ ਸ਼ਹਿਰ ਦੇ ਇਕ ਸਰਕਾਰੀ ਮੁਲਾਜ਼ਮ ਦੇ ਸਾਈਬਰ ਠੱਗੀ ਦਾ ਸ਼ਿਕਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਦੀਪਕ ਕੁਮਾਰ ਪੁੱਤਰ ਰਾਮ ਬਹਾਦਰ ਵਾਸੀ ਭਾਈ ਘਨੱਈਆ ਜੀ ਨਗਰ ਨੇ ਦੱਸਿਆ ਕਿ ਉਹ ਬਤੌਰ ਕਲਰਕ ਨੌਕਰੀ ਕਰਦਾ ਹੈ ਅਤੇ ਉਸਦੇ ਮੋਬਾਇਲ ’ਤੇ ਇਕ ਮੈਸੇਜ ਆਇਆ ਕਿ ਤੁਹਾਡਾ ਐੱਸ.ਬੀ.ਆਈ ਬੈਂਕ ਮਿੰਨੀ ਸਕੱਤਰੇਤ ਫ਼ਰੀਦਕੋਟ ਦਾ ਖਾਤਾ ਬੰਦ ਹੋ ਰਿਹਾ ਹੈ।
ਇਸ ਲਈ ਆਪਣਾ ਪੈਨ ਕਾਰਡ ਅੱਪਡੇਟ ਕਰ ਲਿਆ ਜਾਵੇ ਅਤੇ ਜਦੋਂ ਉਸਨੇ ਦਿੱਤੇ ਗਏ ਲਿੰਕ ’ਤੇ ਆਪਣਾ ਪੈਨ ਕਾਰਡ ਅੱਪਡੇਟ ਕਰਨ ਲਈ ਕਲਿੱਕ ਕੀਤਾ ਤਾਂ ਉਸਦੇ ਖਾਤੇ ਵਿਚੋਂ ਚਾਰ ਵਾਰ 9560 ਰੁਪਏ, 5000, 20,000 ਅਤੇ 20,000 ਰੁਪਏ ਕਰਕੇ 54560 ਰੁਪਏ ਕਿਸੇ ਨਾਮਾਲੂਮ ਵਿਅਕਤੀ ਨੇ ਕਢਵਾ ਲਏ। ਇਸ ਘਟਨਾਂ ’ਤੇ ਦੀਪਕ ਕੁਮਾਰ ਵੱਲੋਂ ਸਥਾਨਕ ਥਾਣਾ ਸਿਟੀ ਵਿਖੇ ਕੀਤੀ ਗਈ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            