ਜੰਗਲ ''ਚੋਂ ਸਰਕਾਰੀ ਦਰੱਖਤ ਕੱਟਣ ਵਾਲੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ
Thursday, Nov 09, 2017 - 02:46 PM (IST)
ਰਾਹੋਂ (ਪ੍ਰਭਾਕਰ)— ਪਿੰਡ ਮਲਕਪੁਰ ਦੇ ਜੰਗਲ 'ਚੋਂ ਅਣਪਛਾਤੇ ਵਿਅਕਤੀਆਂ ਵੱਲੋਂ ਜੰਗਲ 'ਚੋਂ ਸਰਕਾਰੀ ਦਰੱਖਤ ਕੱਟਣ ਦੇ ਵਿਰੋਧ 'ਚ ਮਾਮਲਾ ਦਰਜ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਥਾਣਾ ਰਾਹੋਂ ਦੇ ਐੱਸ. ਐੱਚ. ਓ. ਸੁਭਾਸ਼ ਬਾਠ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨਾਂ ਨੂੰ ਸੂਚਨਾ ਮਿਲੀ ਕਿ ਬੀਤੀ ਰਾਤ ਪਿੰਡ ਮਲਕਪੁਰ ਦੇ ਜੰਗਲ 'ਚ ਕੁਝ ਅਣਪਛਾਤੇ ਵਿਅਕਤੀ ਸਰਕਾਰੀ ਦਰੱਖਤ ਚੋਰੀ ਕੱਟ ਰਹੇ ਹਨ। ਸੂਚਨਾ ਮਿਲਦੇ ਹੀ ਰੇਡ ਪਾਰਟੀ ਦਾ ਗਠਨ ਕੀਤਾ ਗਿਆ ਜਿਸ ਵਿਚ ਨਰਿੰਦਰ ਸਿੰਘ ਫਾਰੈਸਟਰ ਰਵੀ ਦੱਤ ਫਾਰੈਸਟਰ, ਰਾਹੁਲ ਕੁਮਾਰ ਵਣ ਗਾਰਡ ਇੰਚਾਰਜ ਇਲਾਵਾ ਅਤੇ ਜਸਕਰਨ ਸਿੰਘ ਵਣ ਗਾਰਡ ਬੇਲਦਾਰਾਂ ਦੇ ਨਾਲ ਰੇਡ ਕਰਨ ਲਈ ਸਰਕਾਰੀ ਗੱਡੀ 'ਚ ਪਿੰਡ ਮਲਕਪੁਰ ਦੇ ਜੰਗਲ 'ਚ ਰਾਤ 11 ਵਜੇ ਪਹੁੰਚੇ। ਰਾਤ ਨੂੰ ਜੰਗਲ 'ਚ 7-8 ਅਣਪਛਾਤੇ ਵਿਅਕਤੀ ਪੈਟਰੋਲ ਚੈਨ ਆਰਾ ਦੀ ਮਦਦ ਨਾਲ ਦਰੱਖਤ ਕੱਟ ਰਹੇ ਸਨ। ਜਿਸ ਦੀ ਅਵਾਜ਼ ਦੂਰ-ਦੂਰ ਤੱਕ ਸੁਣਾਈ ਦੇ ਰਹੀ ਸੀ। ਫਾਰੈਸਟਰ ਟੀਮ ਨੂੰ ਆਉਂਦਾ ਦੇਖ ਕੇ ਚੋਰੀ ਦਰੱਖਤ ਕੱਟਣ ਵਾਲੇ ਧੁੰਦ ਦਾ ਫਾਇਦਾ ਉਠਾ ਫਰਾਰ ਹੋ ਗਏ। ਜਦੋਂ ਜੰਗਲ 'ਚ ਛਾਣਬੀਣ ਕੀਤੀ ਤਾ ਉਥੋਂ ਇਕ ਮੋਟਰਸਾਈਕਲ ਸਪਲੈਂਡਰ ਅਤੇ ਇਕ ਪੈਟਰੋਲ ਚੈਨ ਆਰਾ ਬਰਾਮਦ ਕੀਤਾ ਅਤੇ ਦੋਸ਼ੀਆਂ ਵੱਲੋਂ ਕੱਟੇ ਗਏ 10 ਦਰੱਖਤਾਂ ਦੇ 30 ਪੀਸ ਵੀ ਬਰਾਮਦ ਕੀਤੇ ਗਏ। ਐੱਸ. ਐੱਚ. ਓ. ਸੁਭਾਸ਼ ਬਾਠ ਨੇ ਦੱਸਿਆ ਕਿ ਏ. ਐੱਸ. ਆਈ. ਦੇਵਲ ਕ੍ਰਿਸ਼ਨ ਨੇ 7-8 ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ।
