ਵਿਦੇਸ਼ ਭੇਜਣ ਦੇ ਨਾਂ ''ਤੇ ਠੱਗੀ ਕਰਨ ਵਾਲਾ ਜੋੜਾ ਗ੍ਰਿਫਤਾਰ

Saturday, Nov 25, 2017 - 07:12 AM (IST)

ਵਿਦੇਸ਼ ਭੇਜਣ ਦੇ ਨਾਂ ''ਤੇ ਠੱਗੀ ਕਰਨ ਵਾਲਾ ਜੋੜਾ ਗ੍ਰਿਫਤਾਰ

ਜਲੰਧਰ, (ਮਹੇਸ਼)- ਐੱਸ. ਐੱਚ. ਓ. ਸੁਖਦੇਵ ਸਿੰਘ ਓਲਖ ਦੀ ਅਗਵਾਈ ਵਿਚ ਥਾਣਾ ਸਦਰ ਦੀ ਪੁਲਸ ਨੇ ਵਿਦੇਸ਼ ਭੇਜਣ ਦੇ ਨਾਂ 'ਤੇ 70 ਹਜ਼ਾਰ ਰੁਪਏ ਦੀ ਠੱਗੀ ਕਰਨ ਵਾਲੇ ਟ੍ਰੈਵਲ ਏਜੰਟ ਜੋੜੇ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਤੋਂ 50 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ ਹੈ। ਦੋਸ਼ੀ ਪਤੀ ਤਜਿੰਦਰ ਸਿੰਘ ਸੈਣੀ ਪੁੱਤਰ ਮਹਾ ਸਿੰਘ ਵਾਸੀ ਪਿੰਡ ਧੀਣਾ ਨੂੰ ਪੁਲਸ ਨੇ ਜਮਸ਼ੇਰ ਅਤੇ ਪਤਨੀ ਸ਼ੁਭ ਲਤਾ ਨੂੰ ਨਵਾਂਸ਼ਹਿਰ ਤੋਂ ਕਾਬੂ ਕੀਤਾ। ਦੋਵਾਂ ਖਿਲਾਫ ਥਾਣਾ ਸਦਰ 'ਚ ਆਈ. ਪੀ. ਸੀ. ਦੀ ਧਾਰਾ 406, 420 ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। 
ਇੰਸਪੈਕਟਰ ਸੁਖਦੇਵ ਸਿੰਘ ਓਲਖ ਨੇ ਦੱਸਿਆ ਕਿ ਦੋਵੇਂ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਕਿ ਉਨ੍ਹਾਂ ਤੋਂ ਪੁੱਛਗਿੱਛ ਕਰਕੇ ਠੱਗੀ ਦੇ ਹੋਰ ਮਾਮਲੇ ਸਾਹਮਣੇ ਲਿਆਂਦੇ ਜਾ ਸਕਣ। ਐੱਸ. ਐੱਚ. ਓ. ਓਲਖ ਸਿੰਘ ਨੇ ਦੱਸਿਆ ਕਿ ਪਿੰਡ ਧੀਣਾ ਵਾਸੀ ਹਰਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਕਤ ਜੋੜੇ ਨੇ ਉਸ ਨੂੰ ਦੁਬਈ ਭੇਜਣ ਲਈ 70 ਹਜ਼ਾਰ ਰੁਪਏ ਲਏ ਸਨ ਅਤੇ ਦੁਬਈ ਵਿਚ ਨੌਕਰੀ ਦਿਵਾਉਣ ਦਾ ਵੀ ਝਾਂਸਾ ਦਿੱਤਾ ਸੀ ਪਰ ਉਨ੍ਹਾਂ ਨੇ ਨਾ ਤਾਂ ਉਸ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਪੈਸੇ ਮੋੜੇ। ਪੁਲਸ ਨੇ ਜਾਂਚ ਤੋਂ ਬਾਅਦ ਦੋਵਾਂ ਦਾ ਧੋਖਾਦੇਹੀ ਦੇ ਮਾਮਲੇ 'ਚ ਨਾਂ ਦਰਜ ਕਰ ਲਿਆ।


Related News