ਕਰਫਿਊ ਦੌਰਾਨ ਬਦਸਲੂਕੀ ''ਤੇ ਉੱਤਰੀ ਬਟਾਲਾ ਪੁਲਸ!

Sunday, May 03, 2020 - 12:09 PM (IST)

ਕਰਫਿਊ ਦੌਰਾਨ ਬਦਸਲੂਕੀ ''ਤੇ ਉੱਤਰੀ ਬਟਾਲਾ ਪੁਲਸ!

ਬਟਾਲਾ (ਬੇਰੀ): ਜਿਵੇਂ-ਜਿਵੇਂ ਕਰਫਿਊ ਅਤੇ ਲਾਕਡਾਊਨ ਵਧਦਾ ਜਾ ਰਿਹਾ ਹੈ, ਓਵੇਂ-ਓਵੇਂ ਹੀ ਬਟਾਲਾ ਪੁਲਸ ਦੇ ਕੁਝ ਮੁਲਾਜ਼ਮਾਂ ਵਲੋਂ ਸ਼ਰੇਆਮ ਕੀਤੀ ਜਾ ਰਹੀ ਬਦਸਲੂਕੀ ਦੇ ਚਲਦਿਆਂ ਪੱਤਰਕਾਰਾਂ ਨੂੰ ਵੀ ਆਪਣੀ ਲਪੇਟ ਵਿਚ ਲਿਆ ਜਾ ਰਿਹਾ ਹੈ ਜਿਸ ਨਾਲ ਮੀਡੀਆ ਵਿਚ ਬਟਾਲਾ ਪੁਲਸ ਪ੍ਰਤੀ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ।ਇਥੇ ਇਹ ਦੱਸ ਦਈਏ ਕਿ ਅੱਜ ਪੱਤਰਕਾਰਾਂ ਨਾਲ ਪਹਿਲਾਂ ਅੰਮ੍ਰਿਤਸਰ ਰੋਡ ਬਾਈਪਾਸ ਚੌਕ ਅਤੇ ਬਾਅਦ ਵਿਚ ਅੰਮ੍ਰਿਤਸਰ-ਜਲੰਧਰ ਬਾਈਪਾਸ 'ਤੇ ਲੱਗੇ ਇਕ ਨਾਕੇ ਦੌਰਾਨ ਮੀਡੀਆ ਕਰਮੀਆਂ ਨਾਲ ਬਦਸਲੂਕੀ ਕੀਤੀ ਗਈ ਅਤੇ ਜਦੋਂ ਉਨ੍ਹਾਂ ਨੂੰ ਕਿਹਾ ਗਿਆ ਕਿ ਅਸੀਂ ਪੱਤਰਕਾਰ ਹਾਂ ਤਾਂ ਕਹਿੰਦੇ ਹਨ ਕਿ ਕੋਈ ਪੱਤਰਕਾਰ ਨਹੀਂ, ਪਰਮਿਸ਼ਨ ਲੈ ਕੇ ਆਓ! ਜਿਸ ਤੋਂ ਇੰਝ ਜਾਪਦਾ ਹੈ ਕਿ ਹੇਠਲੇ ਪੱਧਰ 'ਤੇ ਡਿਊਟੀਆਂ ਦੇ ਰਹੇ ਇੰਸਪੈਕਟਰ ਲੈਵਲ ਤੱਕ ਦੇ ਪੁਲਸ ਮੁਲਾਜ਼ਮ ਜਿੰਨ੍ਹਾਂ ਨੂੰ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਬਾਰੇ ਕੋਈ ਜਾਣਕਾਰੀ ਨਹੀਂ, ਸਿਰਫ ਪੁਲਸ ਦੀ ਧੌਂਸ ਦਿਖਾਉਣ ਦੀ ਹੀ ਪਈ ਹੈ ਅਤੇ ਉਹ ਆਪਣੇ ਨਾਲ-ਨਾਲ ਬਾਕੀ ਪੁਲਸ ਅਫਸਰਾਂ ਦਾ ਅਕਸ ਵੀ ਖਰਾਬ ਕਰ ਰਹੇ ਹਨ।

ਪੁਲਸ ਅਧਿਕਾਰੀਆਂ ਤੇ ਹੇਠਲੇ ਮੁਲਾਜ਼ਮਾਂ ਵਿਚ ਤਾਲਮੇਲ ਦੀ ਭਾਰੀ ਕਮੀ: ਜਿਸ ਤਰ੍ਹਾਂ ਇਸ ਵੇਲੇ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਨੂੰ ਝਿੰਜੋੜ ਕੇ ਰੱਖ ਦਿੱਤਾ ਹੈ, ਉਸਦੇ ਚਲਦਿਆਂ ਮੀਡੀਆ ਵੀ ਆਪਣੀ ਜਾਨ ਜੋਖਮ ਵਿਚ ਪਾ ਕੇ ਪੁਲਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਕੀਤੇ ਜਾ ਰਹੇ ਕੰਮਾਂ ਨੂੰ ਆਪਣੇ ਵੱਖ-ਵੱਖ ਮਾਧਿਅਮਾਂ ਰਾਹੀਂ ਲੋਕਾਂ ਤੱਕ ਪਹੁੰਚਾ ਰਿਹਾ ਹੈ ਪਰ ਉਸਦੇ ਬਾਵਜੂਦ ਪੁਲਸ ਅਧਿਕਾਰੀਆਂ ਅਤੇ ਹੇਠਲੇ ਮੁਲਾਜ਼ਮਾਂ ਵਿਚ ਭਾਰੀ ਤਾਲਮੇਲ ਦੀ ਕਮੀ ਲਗਾਤਾਰ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਬੀਤੇ ਰੋਜ਼ ਵੀ ਕੁਝ ਪੁਲਸ ਮੁਲਾਜ਼ਮਾਂ ਵਲੋਂ ਡੇਰਾ ਰੋਡ ਸਥਿਤ ਇਕ ਕਰਿਆਨੇ ਦੀ ਦੁਕਾਨ ਕਰਦੇ ਦੁਕਾਨਦਾਰ ਜਿਸ ਨੇ ਪਰਮਿਸ਼ਨ ਵੀ ਲਈ ਸੀ, ਨੂੰ ਵੀ ਦਬਕੇ ਮਾਰੇ ਗਏ ਸਨ, ਜਿਸ ਤੋਂ ਬਾਅਦ ਕਰਿਆਨਾ ਐਸੋਸੀਏਸ਼ਨ ਉਕਤ ਦੁਕਾਨਦਾਰ ਦੇ ਪੱਖ ਵਿਚ ਉੱਤਰ ਆਈ ਅਤੇ ਪੁਲਸ ਅਫਸਰਾਂ ਵਲੋਂ ਉਕਤ ਦੁਕਾਨਦਾਰ ਤੋਂ ਮੁਆਫੀ ਮੰਗ ਕੇ ਆਪਣੀ ਜਾਨ ਛੁਡਵਾਈ ਗਈ ਪਰ ਉਧਰ ਦੂਜੇ ਪਾਸੇ ਸੀਨੀਅਰ ਅਧਿਕਾਰੀਆਂ ਨੂੰ ਨਾਕਿਆਂ 'ਤੇ ਮੌਜੂਦ ਆਪਣੇ ਅਫਸਰਾਂ ਨੂੰ ਸਾਫ ਹਦਾਇਤਾਂ ਜਾਰੀ ਕਰਨੀਆਂ ਚਾਹੀਦੀਆਂ ਹਨ ਤਾਂ ਜੋ ਉਹ ਆਪਣੀ ਡਿਊਟੀ ਨਿਭਾਉਂਦੇ ਹੋਏ ਦੂਜਿਆਂ ਦੀ ਡਿਊਟੀ ਵਿਚ ਵਿਘਨ ਨਾ ਪਾ ਸਕਣ। ਜੇਕਰ ਇਹ ਤਾਲਮੇਲ ਆਉਣ ਵਾਲੇ ਸਮੇਂ ਵਿਚ ਦੇਖਣ ਨੂੰ ਨਾ ਮਿਲਿਆ ਤਾਂ ਲੋਕਾਂ ਦੇ ਨਾਲ-ਨਾਲ ਮੀਡੀਆ ਵੀ ਪੁਲਸ ਦੇ ਖਿਲਾਫ ਸੜਕਾਂ 'ਤੇ ਉੱਤਰਨ ਲਈ ਮਜਬੂਰ ਹੋਵੇਗਾ। ਓਧਰ ਦੂਜੇ ਪਾਸੇ ਅਖਬਾਰਾਂ ਵੇਚ ਰਹੇ ਨੁਮਾਇੰਦਿਆਂ ਜਿੰਨ੍ਹਾਂ ਵਿਚ ਹਾਕਰ ਤੇ ਸਟਾਲ 'ਤੇ ਬੈਠੇ ਏਜੰਟ ਸ਼ਾਮਲ ਹਨ, ਨਾਲ ਵੀ ਲਗਾਤਾਰ ਬਦਸਲੂਕੀ ਦੀਆਂ ਘਟਨਾਵਾਂ ਹੋ ਰਹੀਆਂ ਹਨ ਜੋ ਕਿ ਕਈ ਵਾਰ ਪਹਿਲਾਂ ਵੀ ਐੱਸ.ਐੱਸ.ਪੀ ਬਟਾਲਾ ਦੇ ਧਿਆਨ ਹਿੱਤ ਲਿਆਂਦੀਆਂ ਗਈਆਂ ਹਨ ਅਤੇ ਅੱਜ ਵੀ ਜਦੋਂ ਸਰਕਾਰ ਵਲੋਂ ਸਵੇਰੇ 7 ਵਜੇ ਤੋਂ 11 ਵਜੇ ਤੱਕ ਕਰਫਿਊ ਵਿਚ ਢਿੱਲ ਦਿੱਤੀ ਗਈ ਹੈ ਤਾਂ ਉਸ ਦਰਮਿਆਨ ਵੀ ਗਾਂਧੀ ਚੌਕ ਵਿਚ ਅਖਬਾਰਾਂ ਵੇਚ ਰਹੇ ਏਜੰਟਾਂ ਨੂੰ ਲਗਭਗ 8 ਵਜੇ ਹੀ ਉਨ੍ਹਾਂ ਦੀਆਂ ਥਾਂਵਾਂ ਤੋਂ ਜ਼ਬਰਦਸਤੀ ਉਠਾ ਦਿੱਤਾ ਗਿਆ ਜਿਸ ਨਾਲ ਅਖਬਾਰਾਂ ਦੀ ਵਿਕਰੀ 'ਤੇ ਵੀ ਭਾਰੀ ਅਸਰ ਹੋਇਆ ਹੈ।

ਕੀ ਹਨ ਕੇਂਦਰ ਅਤੇ ਪੰਜਾਬ ਸਰਕਾਰ ਦੇ ਆਰਡਰ?:
ਕੇਂਦਰ ਸਰਕਾਰ ਦੇ ਹੁਕਮਾਂ ਮੁਤਾਬਕ ਲਾਕਡਾਊਨ ਅਤੇ ਕਰਫਿਊ ਦੀ ਸਥਿਤੀ ਵਿਚ ਰੈੱਡ ਜ਼ੋਨ ਵਿਚ ਕੰਮ ਕਰਨ ਲਈ ਵੀ ਪ੍ਰਿੰਟ ਅਤੇ ਇਲੈਕਟ੍ਰੋਨਿਕ  ਮੀਡੀਆ ਕਰਮੀਆਂ ਨੂੰ ਇਜ਼ਾਜ਼ਤ ਦਿੱਤੀ ਗਈ ਹੈ ਜਦਕਿ  ਇਸਦੇ ਨਾਲ-ਨਾਲ ਬਿਜਲੀ, ਪਾਣੀ, ਸੈਨੀਟੇਸ਼ਨ, ਵੇਸਟ ਮੈਨੇਜਮੈਂਟ, ਟੈਲੀ ਕਮਿਊਨੀਕੇਸ਼ਨ, ਮਨਰੇਗਾ ਦੇ ਕੰਮ, ਫੂਡ ਪ੍ਰੋਸੈਸਿੰਗ ਯੂਨਿਟ, ਇੱਟ ਭੱਠੇ 'ਤੇ ਕੰਮ, ਬੈਂਕ, ਇੰਸ਼ੋਰੈਂਸ ਤੇ ਕੈਪੀਟਲ ਮਾਰਕੀਟ, ਇੰਟਰਨੈੱਟ ਕੋਰੀਅਰ, ਪੋਸਟਰ ਸਰਵਿਸ, ਕੋਲਡ ਸਟੋਰੇਜ, ਵੇਅਰ ਹਾਊਸ, ਪ੍ਰਾਈਵੇਟ ਸਕਿਓਰਟੀ ਤੇ ਹੋਰ ਜਿਹੜੇ ਆਪਣਾ ਬਿਜ਼ਨੈੱਸ ਚਲਾਉਂਦੇ ਹਨ, ਨੂੰ ਇਜ਼ਾਜ਼ਤ ਦਿੱਤੀ ਗਈ ਹੈ ਜੋ ਕਿ ਆਪਣੇ ਆਪ ਹੀ ਔਰੇਂਜ ਤੇ ਗਰੀਨ ਜ਼ੋਨ ਵਿਚ ਵੀ ਲਾਗੂ ਹੁੰਦੀ ਹੈ ਪਰ ਪੁਲਸ ਮੁਲਾਜ਼ਮਾਂ ਨੂੰ ਘੱਟ ਜਾਣਕਾਰੀ ਹੋਣ ਦੇ ਚਲਦਿਆਂ  ਲੋਕਾਂ ਨਾਲ ਬਦਸਲੂਕੀ ਦੀਆ ਘਟਨਾਵਾ ਦਿਨੋਂ ਦਿਨ ਵਧ ਰਹੀਆਂ ਹਨ। ਇਕ ਤਾਂ ਲੋਕ ਪਹਿਲਾਂ ਹੀ ਲਾਕਡਾਊਨ ਤੇ ਕਰਫਿਊ ਕਾਰਨ ਘਰਾਂ ਵਿਚ ਬੰਦ ਹਨ ਅਤੇ ਓਧਰ ਦੂਜੇ ਪਾਸੇ ਵੀ ਜੇਕਰ ਪੁਲਸ ਮੁਲਾਜ਼ਮ ਲੋਕਾਂ ਨਾਲ ਅਜਿਹਾ ਸਲੂਕ ਕਰਨਗੇ ਤਾਂ ਲੋਕਾਂ 'ਤੇ ਇਸ ਦਾ ਮਨੋਵਿਗਿਆਨਕ ਅਸਰ ਪਵੇਗਾ, ਜੋ ਕਿ ਇਸ ਸੰਕਟ ਦੀ ਘੜੀ ਦੌਰਾਨ ਕਿਸੇ ਲਈ ਵੀ ਚੰਗਾ ਨਹੀਂ ਹੋਵੇਗਾ। ਇਸ ਲਈ ਪੁਲਸ ਅਧਿਕਾਰੀਆਂ ਅਤੇ ਡੀ.ਜੀ.ਪੀ ਨੂੰ ਚਾਹੀਦਾ ਹੈ ਕਿ ਆਪਣੇ ਮੁਲਾਜ਼ਮਾਂ ਆਪਣੀ ਡਿਊਟੀ ਪ੍ਰਤੀ ਸੁਚੇਤ ਹੋ ਕੇ ਕੰਮ ਕਰਨ ਦੇ ਹੁਕਮ ਜਾਰੀ ਕੀਤੇ ਜਾਣ।ਨਹੀਂ ਰੁਕ ਰਿਹਾ ਨਸ਼ੇ ਦਾ ਦਰਿਆ: ਇਸ ਲਾਕਡਾਊਨ ਦੌਰਾਨ ਜਿਥੇ ਪੁਲਸ ਸਿਰਫ ਲੋਕਾਂ ਨੂੰ ਨਾਕਿਆਂ 'ਤੇ ਦਬਕੇ ਮਾਰਨ 'ਤੇ ਹੀ ਬਿਜ਼ੀ ਹੈ, ਉਧਰ ਦੂਜੇ ਪਾਸੇ ਨਸ਼ਿਆਂ ਦਾ ਦਰਿਆ ਸ਼ਹਿਰ ਦੇ ਕੋਨੇ-ਕੋਨੇ ਵਿਚ ਵਗ ਰਿਹਾ ਹੈ, ਜਿਸ 'ਤੇ ਪੁਲਸ ਅੱਖਾਂ ਬੰਦ ਕਰੀ ਬੈਠੀ ਹੈ। ਅੱਤਵਾਦ ਵੇਲੇ ਜੋ ਰੋਲ ਪੁਲਸ ਨੇ ਨਿਭਾਇਆ ਸੀ, ਉਸ ਨੇ ਅੱਤਵਾਦ ਨੂੰ ਖਤਮ ਕਰਕੇ ਰੱਖ ਦਿੱਤਾ ਸੀ ਅਤੇ ਜੇ ਹੁਣ ਵੀ ਪੁਲਸ ਚਾਹੇ ਤਾਂ ਨਸ਼ੇ ਦਾ ਕੋਹੜ ਵੀ ਸਮਾਜ ਵਿਚੋਂ ਮੁੱਕ ਸਕਦਾ ਹੈ ਪਰ ਹੁਣ ਇਹ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਵਿਚ ਪੁਲਸ ਦੀ ਕਾਰਗੁਜ਼ਾਰੀ ਕਿਸ ਪਾਸੇ ਜਾਂਦੀ ਹੈ।

ਵਾਹ-ਵਾਹ ਖੱਟਣ 'ਚ ਲੱਗੇ ਅਫਸਰ : ਇਹ ਵੀ ਦੇਖਣ ਨੂੰ ਮਿਲ ਰਿਹਾ ਹੈ ਕਿ ਬਟਾਲਾ ਪੁਲਸ ਦੇ ਕਈ ਅਫਸਰ ਅਤੇ ਮੁਲਾਜ਼ਮ ਫੋਕੀ ਵਾਹ-ਵਾਹ ਖੱਟਣ ਲੱਗੇ ਹੋਏ ਹਨ ਜਦਕਿ ਜੋ ਕੰਮ ਸਮਾਜ ਦੀ ਬਿਹਤਰੀ ਲਈ ਉਕਤ ਮੁਲਾਜ਼ਮਾਂ ਨੂੰ ਕਰਨੇ ਚਾਹੀਦੇ ਹਨ, ਉਹ ਪੂਰੀ ਤਰ੍ਹਾਂ ਨਹੀਂ ਹੋ ਰਹੇ। ਲੋਕਾਂ ਦੀ ਡੀ.ਜੀ.ਪੀ ਪੰਜਾਬ ਤੋਂ ਮੰਗ ਹੈ ਕਿ ਡੀ.ਜੀ.ਪੀ ਬਟਾਲਾ ਪੁਲਸ ਦੀਆਂ ਆਪਹੁੱਦਰੀਆਂ ਨੂੰ ਰੋਕਣ ਲਈ ਸਖਤ ਐਕਸ਼ਨ ਲੈਣ ਅਤੇ ਪੁਲਸ ਮੁਲਾਜ਼ਮਾਂ ਨੂੰ ਪੂਰਨ ਗਾਈਡਲਾਈਨ ਜਾਰੀ ਕਰਨ।

ਕੀ ਕਹਿਣਾ ਹੈ ਐੱਸ.ਐੱਸ.ਪੀ ਬਟਾਲਾ ਦਾ?:
ਉਕਤ ਮਾਮਲਿਆਂ ਸਬੰਧੀ ਜਦੋਂ ਐੱਸ.ਐੱਸ.ਪੀ ਬਟਾਲਾ ਉਪਿੰਦਰਜੀਤ ਸਿੰਘ ਘੁੰਮਣ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਪੁਲਸ ਮੁਲਾਜ਼ਮਾਂ ਨੂੰ ਹਦਾਇਤਾਂ ਜਾਰੀ ਕਰਨਗੇ ਕਿ ਮੁਲਾਜ਼ਮ ਨਾਕਿਆਂ 'ਤੇ ਕਿਸੇ ਨਾਲ ਵੀ ਬਦਸਲੂਕੀ ਨਾ ਕਰਨ। ਪੱਤਰਕਾਰਾਂ ਨਾਲ ਹੋਈ ਬਦਸਲੂਕੀ ਬਾਰੇ ਗੱਲ ਕਰਦਿਆਂ ਐੱਸ.ਐੱਸ.ਪੀ ਨੇ ਕਿਹਾ ਕਿ ਉਹ ਇਸ ਸਬੰਧੀ ਸਬੰਧਤ ਮੁਲਾਜ਼ਮਾਂ ਨੂੰ ਬੁਲਾ ਕੇ ਸਖਤ ਹਦਾਇਤਾਂ ਦੇਣਗੇ।

ਕੀ ਕਹਿਣਾ ਹੈ ਡਿਪਟੀ ਕਮਿਸ਼ਨਰ ਗੁਰਦਾਸਪੁਰ ਦਾ?:
ਉਕਤ ਮਾਮਲੇ ਸਬੰਧੀ ਜਦੋਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਕੋਲੋਂ ਪੱਤਰਕਾਰਾਂ ਲਈ ਪੰਜਾਬ ਸਰਕਾਰ ਵਲੋਂ ਜਾਰੀ ਹਦਾਇਤਾਂ ਦੀ ਜਾਣਕਾਰੀ ਲਈ ਗਈ ਤਾਂ ਉਨ੍ਹਾਂ ਸਾਫ ਤੌਰ 'ਤੇ ਕਿਹਾ ਕਿ ਮੀਡੀਆ ਕਰਮੀ ਨੂੰ ਹਰ ਥਾਂ 'ਤੇ ਜਾਣ ਦੀ ਇਜ਼ਾਜ਼ਤ ਹੈ ਅਤੇ ਜੇਕਰ ਕਿਤੇ ਵੀ ਮੀਡੀਆ ਕਰਮੀਆਂ ਨਾਲ ਕੋਈ ਬਦਸਲੂਕੀ ਸਾਹਮਣੇ ਆਉਂਦੀ ਹੈ ਤਾਂ ਉਹ ਇਸ ਸਬੰਧੀ ਐੱਸ.ਐੱਸ.ਪੀ ਬਟਾਲਾ ਉਪਿੰਦਰਜੀਤ ਸਿੰਘ ਘੁੰਮਣ ਨਾਲ ਗੱਲ ਕਰਨਗੇ। ਉਨ੍ਹਾਂ ਕਿਹਾ ਕਿ ਜੇਕਰ ਆਉਣ ਵਾਲੇ ਦਿਨਾਂ ਵਿਚ ਵੀ ਕੋਈ ਦਿੱਕਤ ਪੇਸ਼ ਆਉਂਦੀ ਹੈ ਤਾਂ ਉਹ ਖੁਦ ਬਟਾਲਾ ਆਣ ਕੇ ਐੱਸ.ਐੱਸ.ਪੀ ਅਤੇ ਮੀਡੀਆ ਕਰਮੀਆਂ ਨਾਲ ਮੀਟਿੰਗ ਕਰਨਗੇ।


author

Shyna

Content Editor

Related News