ਝੋਨੇ ਦੀ ਜਗ੍ਹਾ ਬੀਜੋ ਪਾਣੀ ਦੀ ਘੱਟ ਵਰਤੋਂ ਵਾਲੀਆਂ ਫ਼ਸਲਾਂ : ਡਾ. ਸੁਖਸਾਗਰ ਸਿੰਘ

Sunday, Apr 26, 2020 - 09:25 AM (IST)

ਝੋਨੇ ਦੀ ਜਗ੍ਹਾ ਬੀਜੋ ਪਾਣੀ ਦੀ ਘੱਟ ਵਰਤੋਂ ਵਾਲੀਆਂ ਫ਼ਸਲਾਂ : ਡਾ. ਸੁਖਸਾਗਰ ਸਿੰਘ

ਲੁਧਿਆਣਾ (ਸਰਬਜੀਤ ਸਿੰਘ ਸਿੱਧੂ) - ਪੰਜਾਬ ਵਿਚ ਪਾਣੀ ਦਾ ਪੱਧਰ 70 ਦੇ ਦਹਾਕੇ ਤੋਂ ਬਾਅਦ ਲਗਾਤਾਰ ਥੱਲੇ ਜਾ ਰਿਹਾ ਹੈ। ਅਜਿਹਾ ਇਸ ਕਰਕੇ ਹੋ ਰਿਹਾ ਕਿਉਂਕਿ ਬਿਜਲੀ ਦਾ ਆਗਮਨ ਹੋਣ ਕਰਕੇ ਟਿਊਵੈਲਾਂ ਦੀ ਗਿਣਤੀ ਵਿਚ ਵਾਧਾ ਹੋਇਆ, ਜਿਸ ਨਾਲ ਝੋਨੇ ਦੀ ਫਸਲ ਲੱਗਣੀ ਸ਼ੁਰੂ ਹੋ ਗਈ। ਇਸ ਤੋਂ ਪਹਿਲਾਂ ਪੰਜਾਬ ਦੇ ਲੋਕ ਪਾਣੀ ਦੀ ਘੱਟ ਵਰਤੋਂ ਵਾਲੀਆਂ ਫ਼ਸਲਾਂ ਹੀ ਬੀਜਦੇ ਸਨ। ਧਰਤੀ ਹੇਠਲੇ ਪਾਣੀ ਨੂੰ ਬਚਾਉਣ ਅਤੇ ਖੇਤੀ ਵਿਭਿੰਨਤਾ ਲਿਆਉਣ ਲਈ ਸਾਨੂੰ ਕਣਕ ਝੋਨੇ ਦੇ ਫਸਲੀ ਚੱਕਰ ਵਿਚੋਂ ਨਿਕਲਣਾ ਚਾਹੀਦਾ ਹੈ। ਇਸ ਲਈ ਸਾਨੂੰ ਪਾਣੀ ਦੀ ਘੱਟ ਵਰਤੋਂ ਵਾਲੀਆਂ ਫਸਲਾਂ ਲਗਾਉਣੀਆਂ ਚਾਹੀਦੀਆਂ ਹਨ। ਇਸ ਬਾਰੇ ਜਗਬਾਣੀ ਨਾਲ ਗੱਲ ਕਰਦਿਆਂ ਡਾ. ਸੁਖਸਾਗਰ ਸਿੰਘ ਨੇ ਉਨ੍ਹਾਂ ਫਸਲਾਂ ਦੀ ਵਿਸਥਾਰ ਵਿਚ ਜਾਣਕਾਰੀ ਦਿੱਤੀ, ਜੋ ਘੱਟ ਪਾਣੀ ਅਤੇ ਝੋਨੇ ਦੇ ਬਦਲ ਦੇ ਤੌਰ ’ਤੇ ਬੀਜੀਆਂ ਜਾ ਸਕਦੀਆਂ ਹਨ ।

1) ਮੱਕੀ 
ੳ)  ਬਸੰਤ ਰੁੱਤ ਦੀ ਮੱਕੀ
ਇਸ ਮੱਕੀ ਨੂੰ ਬੀਜਣ ਦਾ ਸਹੀ ਸਮਾਂ 20 ਜਨਵਰੀ ਤੋਂ 15 ਫਰਵਰੀ ਹੁੰਦਾ ਹੈ, ਜਿਸ ਵਿਚ ਬੀਜ ਦੀ ਮਾਤਰਾ ਦਾ ਉਪਯੋਗ 10 ਕਿੱਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਕਰਨਾ ਚਾਹੀਦਾ ਹੈ । 

ਅ) ਬੇਬੀ ਕੌਰਨ ਮੱਕੀ
ਇਸ ਮੱਕੀ ਨੂੰ ਬੀਜਣ ਦਾ ਸਹੀ ਸਮਾਂ 1 ਅਪ੍ਰੈਲ ਤੋਂ ਅਗਸਤ ਤੱਕ ਹੁੰਦਾ ਹੈ। ਜਿਸ ਵਿਚ ਬੀਜ ਦੀ ਮਾਤਰਾ ਦਾ ਉਪਯੋਗ 16 ਕਿੱਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਕਰਨਾ ਚਾਹੀਦਾ ਹੈ ।

ੲ) ਗਰਮ ਰੁੱਤ ਦੀ ਮੱਕੀ
ਇਸ ਮੱਕੀ ਨੂੰ ਬੀਜਣ ਦਾ ਸਹੀ ਸਮਾਂ ਅਖੀਰ ਮਈ ਤੋਂ ਅਖ਼ੀਰ ਜੂਨ ਤੱਕ ਹੁੰਦਾ ਹੈ, ਜਿਸ ਵਿਚ ਬੀਜ ਦੀ ਮਾਤਰਾ ਦਾ ਉਪਯੋਗ 8 ਕਿੱਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਕਰਨਾ ਚਾਹੀਦਾ ਹੈ ।

ਸ) ਬਰਾਨੀ ਮੱਕੀ
ਇਸ ਮੱਕੀ ਨੂੰ ਬੀਜਣ ਦਾ ਸਹੀ ਸਮਾਂ 20 ਜੂਨ ਤੋਂ 7 ਜੁਲਾਈ ਤੱਕ ਹੁੰਦਾ ਹੈ, ਜਿਸ ਵਿਚ ਬੀਜ ਦੀ ਮਾਤਰਾ ਦਾ ਉਪਯੋਗ 8 ਕਿੱਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਕਰਨਾ ਚਾਹੀਦਾ ਹੈ ।

ਹ) ਅਗਸਤ ਸਮੇਂ ਦੀ ਮੱਕੀ
ਇਸ ਮੱਕੀ ਨੂੰ ਬੀਜਣ ਦਾ ਸਮਾਂ 15 ਤੋਂ 30 ਅਗਸਤ ਤੱਕ ਹੁੰਦਾ ਹੈ, ਜਿਸ ਵਿਚ ਬੀਜ ਦੀ ਮਾਤਰਾ ਦਾ ਉਪਯੋਗ 8 ਕਿੱਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਕਰਨਾ ਚਾਹੀਦਾ ਹੈ ।

ਉਪਰੋਕਤ ਮੱਕੀ ਦੇ ਬੀਜਾਂ ਨੂੰ ਬੀਜਣ ਤੋਂ ਪਹਿਲਾਂ 3 ਗ੍ਰਾਮ ਬਾਵਿਸਟਨ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਸੋਧ ਲੈਣਾ ਜ਼ਰੂਰੀ ਹੈ ।

ਪੜ੍ਹੋ ਇਹ ਵੀ ਖਬਰ - ਕਣਕ ਦੀ ਵਾਢੀ ਅਤੇ ਮੰਡੀਕਰਨ ਵਿਚ ਦੇਰੀ ਦੀ ਵਜ੍ਹਾ: ਕੋਰੋਨਾ ਅਤੇ ਮੀਂਹ

2) ਮੂੰਗਫ਼ਲੀ 
ੳ) ਬਸੰਤ ਰੁੱਤ ਦੀ ਮੂੰਗਫਲੀ
ਇਸ ਨੂੰ ਬੀਜਣ ਦਾ ਸਹੀ ਸਮਾਂ 15 ਤੋਂ 28 ਫਰਵਰੀ ਹੈ ।

ਅ) ਸਾਉਣੀ ਰੁੱਤ ਦੀ ਮੂੰਗਫਲੀ
ਇਸ ਨੂੰ ਬੀਜਣ ਦਾ ਸਮਾਂ ਅਪ੍ਰੈਲ ਦੇ ਅਖੀਰ ਅਤੇ ਮਈ ਦੇ ਅਖੀਰ ਤੱਕ ਦਾ ਹੈ ।

ੲ) ਬਰਾਨੀ ਮੂੰਗਫਲੀ- ਇਸ ਰੁੱਤ ਦੀ ਮੂੰਗਫਲੀ ਮੌਨਸੂਨ ਦੇ ਸ਼ੁਰੂ ਹੋਣ ਤੇ ਬੀਜਣੀ ਚਾਹੀਦੀ ਹੈ । 

ਉਪਰੋਕਤ ਤਿੰਨੇ ਪ੍ਰਕਾਰ ਦੀ ਮੂੰਗਫਲੀ ਵਿੱਚ ਬੀਜ ਦੀ ਮਾਤਰਾ ਦਾ ਵੀ ਉਪਯੋਗ 32 ਤੋਂ 40 ਕਿੱਲੋ ਪ੍ਰਤੀ ਏਕੜ ਪੰਜ ਗ੍ਰਾਮ ਥੀਰਮ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਸੋਧ ਕੇ ਕਰੋ ।

3) ਨਰਮੇ ਦੀ ਫ਼ਸਲ
ਨਰਮੇ ਨੂੰ ਬੀਜਣ ਦਾ ਸਹੀ ਸਮਾਂ 1 ਅਪ੍ਰੈਲ ਤੋਂ 15 ਮਈ ਤੱਕ ਦਾ ਹੈ। ਬੀਟੀ ਹਾਈਬ੍ਰੇਡ ਕਿਸਮ ਵਿਚ ਬੀਜ ਦੀ ਮਾਤਰਾ 1140 (900 ਗ੍ਰਾਮ ਬੀਟੀ + 240 ਗ੍ਰਾਮ ਬਿਨਾਂ ਬੀਟੀ ) ਗ੍ਰਾਮ ਅਤੇ ਬਿਨਾਂ ਹਾਈਬ੍ਰਿਡ ਬੀਟੀ ਵਿਚ ਬੀਜ ਦੀ ਮਾਤਰਾ 5 (4 ਕਿੱਲੋ ਬੀਟੀ + 1 ਕਿੱਲੋ ਬਿਨਾਂ ਬੀਟੀ ) ਕਿੱਲੋ ਹੋਣੀ ਚਾਹੀਦੀ ਹੈ। ਨਰਮੇ ਦੇ ਬੀਜ ਨੂੰ ਸੋਧਣ ਲਈ 5 ਗ੍ਰਾਮ ਗਾਚੋ ਜਾਂ 7 ਗ੍ਰਾਮ ਕਰੂਜ਼ਰ ਪ੍ਰਤੀ ਕਿੱਲੋ ਬੀਜ ਦੇ ਹਿਸਾਬ ਨਾਲ ਵਰਤੋਂ ਕਰੋ । 

4) ਹਲਦੀ  
ੳ) ਗੰਢੀਆਂ ਰਾਹੀਂ ਹਲਦੀ
ਇਸ ਨੂੰ ਬੀਜਣ ਦਾ ਸਹੀ ਸਮਾਂ ਅਪਰੈਲ ਦੇ ਅਖੀਰ ਵਿਚ ਹੈ। 

ਅ) ਪਨੀਰੀ ਰਾਹੀਂ ਹਲਦੀ
ਇਸ ਨੂੰ ਬੀਜਣ ਦਾ ਸਮਾਂ 1 ਤੋਂ 15 ਜੂਨ ਤੱਕ ਹੈ । 

ਹਲਦੀ ਨੂੰ ਬੀਜਣ ਲਈ 6 ਤੋਂ 8 ਕੁਇੰਟਲ ਬੀਜ ਪ੍ਰਤੀ ਏਕੜ ਚਾਰ ਕਿੱਲੋ ਕਨਸ਼ੋਰਸ਼ੀਅਮ ਜੀਵਾਣੂੰ ਖਾਦ ਪ੍ਰਤੀ ਏਕੜ ਮਿੱਟੀ ਵਿਚ ਰਲਾ ਕੇ ਕਰੋ । 

5) ਅਰਹਰ
ਇਸ ਨੂੰ ਬੀਜਣ ਦਾ ਸਹੀ ਸਮਾਂ 15 ਤੋਂ 30 ਮਈ ਤੱਕ ਹੈ, ਜਿਸ ਵਿਚ 6 ਕਿਲੋ ਪ੍ਰਤੀ ਏਕੜ ਬੀਜ ਦੀ ਵਰਤੋਂ 3 ਗ੍ਰਾਮ ਥੀਰਮ ਪ੍ਰਤੀ ਕਿਲੋ ਬੀਜ ਅਤੇ 1 ਪੈਕੇਟ ਰਾਈਜ਼ੋਬੀਅਮ ਟੀਕਾ ਵਰਤ ਕੇ ਕਰੋ ।

6) ਸੋਇਆਬੀਨ 
ਇਸ ਨੂੰ ਬੀਜਣ ਦਾ ਸਹੀ ਸਮਾਂ 1 ਤੋਂ 15 ਜੂਨ ਹੈ। ਇਸ ਵਿਚ 25 ਤੋਂ 30 ਕਿਲੋ ਪ੍ਰਤੀ ਏਕੜ ਬੀਜ ਦੀ ਵਰਤੋਂ 3 ਗ੍ਰਾਮ ਥੀਰਮ ਪ੍ਰਤੀ ਕਿਲੋ ਬੀਜ ਅਤੇ 1 ਪੈਕਟ ਬ੍ਰੈਡੀਰਾਈਜ਼ੋਬੀਅਮ ਟੀਕਾ ਵਰਤ ਕੇ ਕਰੋ ।

7) ਤਿਲ
ਇਸ ਨੂੰ ਬੀਜਣ ਦਾ ਸਹੀ ਸਮਾਂ 1 ਤੋਂ 15 ਜੁਲਾਈ ਤੱਕ ਦਾ ਹੈ । ਇਸ ਵਿਚ 1 ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ ਅਤੇ ਇਸ ਨੂੰ ਸੋਧਣ ਦੀ ਜ਼ਰੂਰਤ ਨਹੀਂ ਹੈ ।

8) ਗੁਆਰਾ 
ਇਸ ਨੂੰ ਬੀਜਣ ਦਾ ਸਹੀ ਸਮਾਂ 1 ਤੋਂ 15 ਜੁਲਾਈ ਤੱਕ ਦਾ ਹੈ, ਜਿਸ ਵਿਚ 8 ਤੋਂ 10 ਕਿਲੋ ਬੀਜ ਦੀ ਵਰਤੋਂ ਪ੍ਰਤੀ ਏਕੜ ਦੇ ਹਿਸਾਬ ਨਾਲ ਕਰੋ ਅਤੇ ਇਸ ਨੂੰ ਸੋਧਣ ਦੀ ਜ਼ਰੂਰਤ ਨਹੀਂ ਹੈ ।

9) ਮਾਂਹ  
ੳ) ਸਾਉਣੀ ਰੁੱਤ ਦੇ ਮਾਂਹ
ਇਸ ਨੂੰ ਬੀਜਣ ਦਾ ਸਹੀ ਸਮਾਂ ਅਖੀਰ ਜੂਨ ਤੋਂ 7 ਜੁਲਾਈ ਤੱਕ ਹੈ, ਜਿਸ ਵਿਚ 6 ਤੋਂ 8 ਕਿੱਲੋ ਪ੍ਰਤੀ ਏਕੜ ਬੀਜ ਦੀ ਵਰਤੋਂ ਕਰਨੀ ਚਾਹੀਦੀ ਹੈ ।

ਅ) ਗਰਮ ਰੁੱਤ ਦੇ ਮਾਂਹ
ਇਸ ਨੂੰ ਬੀਜਣ ਦਾ ਸਮਾਂ 15 ਮਾਰਚ ਤੋਂ 7 ਅਪ੍ਰੈਲ ਤੱਕ ਹੈ, ਜਿਸ ਵਿਚ ਬੀਜ ਦੀ ਮਾਤਰਾ 20 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਕਰੋ ।

ਮਾਂਹ ਦੇ ਉਪਰੋਕਤ ਬੀਜਾਂ ਨੂੰ ਬੀਜਣ ਤੋਂ ਪਹਿਲਾਂ ਸੋਧਣ ਲਈ ਇਕ ਪੈਕੇਟ ਰਾਈਜ਼ੋਬੀਅਮ ਟੀਕਾ ਵਰਤ ਕੇ ਕਰੋ ।

10) ਮੂੰਗੀ 
ੳ) ਸਾਉਣੀ ਰੁੱਤ ਦੀ ਮੂੰਗੀ
ਇਸ ਨੂੰ ਬੀਜਣ ਦਾ ਸਹੀ ਸਮਾਂ 15 ਤੋਂ 30 ਜੁਲਾਈ ਹੈ, ਜਿਸ ਵਿਚ 8 ਕਿਲੋ ਪ੍ਰਤੀ ਏਕੜ ਬੀਜ ਦੀ ਵਰਤੋਂ 3 ਗ੍ਰਾਮ ਥੀਰਮ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਸੋਧ ਕੇ ਕਰਨੀ ਚਾਹੀਦੀ ਹੈ ।

ਅ) ਗਰਮ ਰੁੱਤ ਦੀ ਮੂੰਗੀ
ਇਸ ਨੂੰ ਬੀਜਣ ਦਾ ਸਹੀ ਸਮਾਂ 20 ਮਾਰਚ ਤੋਂ 10 ਅਪਰੈਲ ਹੈ, ਜਿਸ ਵਿਚ 12 ਤੋਂ 15 ਕਿਲੋ ਪ੍ਰਤੀ ਏਕੜ ਬੀਜ ਦੀ ਵਰਤੋਂ ਕਰੋ। ਇਸ ਦੇ ਬੀਜ ਨੂੰ ਸੋਧਣ ਲਈ 1 ਪੈਕਟ ਰਾਈਜ਼ੋਬੀਅਮ ਟੀਕਾ ਵਰਤ ਕੇ ਕਰੋ ।

11) ਬਾਜਰਾ 
ਇਸ ਨੂੰ ਬੀਜਣ ਦਾ ਸਹੀ ਸਮਾਂ 1 ਤੋਂ 7 ਜੁਲਾਈ ਤੱਕ ਹੈ, ਜਿਸ ਵਿਚ 1.5 ਕਿਲੋ ਪ੍ਰਤੀ ਏਕੜ ਬੀਜ ਦੀ ਵਰਤੋਂ 3 ਗ੍ਰਾਮ ਥੀਰਮ ਪ੍ਰਤੀ ਕਿਲੋ ਬੀਜ ਨਾਲ ਸੋਧ ਕੇ ਕਰੋ ।


author

rajwinder kaur

Content Editor

Related News