CTU 'ਚ ਮੁਫ਼ਤ ਸਫ਼ਰ ਕਰਨਗੇ ਮਾਨਸਿਕ ਤੌਰ ’ਤੇ ਦਿਵਿਆਂਗ ਤੇ ਨੇਤਰਹੀਣ ਲੋਕ
Friday, Nov 11, 2022 - 04:24 PM (IST)
ਚੰਡੀਗੜ੍ਹ (ਰਜਿੰਦਰ) : ਯੂ. ਟੀ. ਪ੍ਰਸ਼ਾਸਨ ਨੇ ਗੂੰਗੇ, ਬੋਲੇ ਅਤੇ ਮਾਨਸਿਕ ਤੌਰ ’ਤੇ ਦਿਵਿਆਂਗ ਅਤੇ ਨੇਤਰਹੀਣ ਸਮੇਤ ਕੁੱਝ ਹੋਰ ਬੀਮਾਰੀਆਂ ਤੋਂ ਪੀੜਤ ਬੱਚਿਆਂ ਅਤੇ ਵੱਡਿਆਂ ਨੂੰ ਸੀ. ਟੀ. ਯੂ. ਬੱਸਾਂ 'ਚ ਮੁਫ਼ਤ ਸਫ਼ਰ ਕਰਨ ਦਾ ਤੋਹਫ਼ਾ ਦਿੱਤਾ ਹੈ। ਟਰਾਂਸਪੋਰਟ ਵਿਭਾਗ ਦੇ ਸਕੱਤਰ ਨਿਤਿਨ ਕੁਮਾਰ ਯਾਦਵ ਨੇ ਵੀਰਵਾਰ ਇਸ ਸਬੰਧੀ ਹੁਕਮ ਜਾਰੀ ਕੀਤਾ ਹੈ। ਹੁਕਮ ਅਨੁਸਾਰ ਗੂੰਗੇ, ਬੋਲੇ ਅਤੇ ਐੱਚ. ਆਈ. ਵੀ. ਏਡਜ਼, ਦਿਵਿਆਂਗਾਂ ਤੋਂ ਸੀ. ਟੀ. ਯੂ. ਦੀਆਂ ਏ. ਸੀ. ਅਤੇ ਨਾਨ-ਏ. ਸੀ. ਬੱਸਾਂ 'ਚ ਟ੍ਰਾਈਸਿਟੀ ਰੂਟ ’ਤੇ ਕੋਈ ਟਿਕਟ ਨਹੀਂ ਵਸੂਲੀ ਜਾਵੇਗੀ।
ਉਨ੍ਹਾਂ ਨੇ ਸਿਰਫ ਕੰਡਕਟਰ ਨੂੰ ਪ੍ਰਸ਼ਾਸਨ ਵੱਲੋਂ ਬਣਾਇਆ ਦਿਵਿਆਂਗ ਵਾਲਾ ਕਾਰਡ ਦਿਖਾਉਣਾ ਹੈ। ਇਸੇ ਤਰ੍ਹਾਂ ਮਾਨਸਿਕ ਦਿਵਿਆਂਗ, ਨੇਤਰਹੀਣ ਅਤੇ ਥੈਲੇਸੀਮਿਕ ਬੱਚਿਆਂ ਦੇ ਨਾਲ ਇਕ ਹੋਰ ਮੈਂਬਰ ਨੂੰ ਵੀ ਛੋਟ ਮਿਲੇਗੀ। ਇਹ ਸਹੂਲਤ ਦਾ ਲਾਭ ਸੀ. ਟੀ. ਯੂ. ਦੇ ਸਿਰਫ਼ ਟ੍ਰਾਈਸਿਟੀ ਦੇ ਰੂਟਾਂ ’ਤੇ ਹੀ ਮਿਲੇਗਾ। ਉਨ੍ਹਾਂ ਨੂੰ ਲੰਬੇ ਰੂਟ ਦੀਆਂ ਬੱਸਾਂ ਲਈ ਟਿਕਟ ਖ਼ਰੀਦਣੀ ਪਵੇਗੀ।