ਵਿਛੀਆਂ ਫ਼ਸਲਾਂ ਵੇਖ ਕਿਸਾਨਾਂ ਦੀਆਂ ਅੱਖਾਂ 'ਚੋਂ ਵਗ ਰਿਹੈ ਨੀਰ, ਪ੍ਰਤੀ ਏਕੜ ਪਵੇਗਾ 15,000 ਦਾ ਘਾਟਾ
Monday, Mar 20, 2023 - 02:31 PM (IST)
ਮੁੱਲਾਂਪੁਰ ਦਾਖਾ (ਕਾਲੀਆ) : ਬੀਤੇ 2 ਦਿਨਾਂ ਤੋਂ ਤੇਜ਼ ਹਵਾਵਾਂ, ਮੀਂਹ, ਝੱਖੜ ਅਤੇ ਗੜੇਮਾਰੀ ਨੇ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਕਣਕ ਦੀ ਫ਼ਸਲ ਜੋ ਕਿ ਹੁਣ ਵੱਢਣ ਲਈ ਤਿਆਰ ਹੋ ਰਹੀ ਸੀ, ਖੇਤਾਂ ’ਚ ਵਿਛਾ ਦਿੱਤੀ, ਜਿਸ ਨਾਲ ਕਿਸਾਨਾਂ ਨੂੰ ਪ੍ਰਤੀ ਏਕੜ 15000 ਦਾ ਘਾਟਾ ਪੈਣਾ ਸੁਭਾਵਿਕ ਹੈ। ‘ਜੱਟ ਲੱਗ ਕੇ ਸੀਰੀ ਦੇ ਗਲ ਰੋਵੇ, ਬੋਹਲਾਂ ’ਚੋਂ ਨੀਰ ਵਗਿਆ’ ਕਹਾਵਤ ਅਨੁਸਾਰ ਕੁਦਰਤੀ ਪਈ ਮਾਰ ਨੇ ਕਿਸਾਨਾਂ ਦੀਆਂ ਅੱਖਾਂ ਨਮ ਕਰ ਕੇ ਰੱਖ ਦਿੱਤੀਆਂ ਹਨ। ਪਿੰਡ ਦਾਖਾ ਦੇ ਕਿਸਾਨ ਇਕਬਾਲ ਸਿੰਘ, ਨੰਬਰਦਾਰ ਕਰਮਜੀਤ ਸਿੰਘ ਅਤੇ ਹਰਦੀਪ ਸਿੰਘ ਸੇਖੋਂ ਨੇ ਦੱਸਿਆ ਕਿ ਇਸ ਵਾਰ ਸਾਨੂੰ ਕੁਦਰਤ ਦੀ ਐਸੀ ਮਾਰ ਪੈ ਰਹੀ ਹੈ ਕਿ ਦੱਸਦਿਆਂ ਵੀ ਰੋਣਾ ਆਉਂਦਾ ਹੈ।
ਇਹ ਵੀ ਪੜ੍ਹੋ : ਐਕਸਾਈਜ਼ ਵਿਭਾਗ ਨੇ ਮਾਈਂਡ ਗੇਮ ’ਚ ਉਲਝਾਏ ਸ਼ਰਾਬ ਠੇਕੇਦਾਰ, ਹੱਥੋਂ ਨਿਕਲ ਸਕਦੇ ਨੇ ਅਹਿਮ ਗਰੁੱਪ
ਪਹਿਲਾਂ ਤਾਂ ਸਮੇਂ ਤੋਂ ਪਹਿਲਾਂ ਪਈ ਗਰਮੀ ਨੇ ਕਣਕ ਦਾ ਦਾਣਾ ਸੁਕਾ ਦਿੱਤਾ, ਜਿਸ ਕਾਰਨ ਝਾੜ ਪ੍ਰਤੀ ਏਕੜ 2 ਕੁਇੰਟਲ ਘਟਣਾ ਸੁਭਾਵਿਕ ਸੀ ਪਰ ਬੀਤੇ 2 ਦਿਨਾਂ ਤੋਂ ਪੈ ਰਹੇ ਮੀਂਹ-ਝੱਖੜ ਨੇ ਪੱਕੀਆਂ ਕਣਕਾਂ ਵਿਛਾ ਕੇ ਰੱਖ ਦਿੱਤੀਆਂ ਹਨ, ਜਿਸ ਕਾਰਨ ਕਰੀਬ 4 ਕੁਇੰਟਲ ਕਣਕ ਪ੍ਰਤੀ ਏਕੜ ਘਟਣ ਦਾ ਖ਼ਦਸ਼ਾ ਹੈ ਅਤੇ ਕਣਕ ਵਿਛਣ ਕਾਰਨ 50 ਫ਼ੀਸਦੀ ਤੂੜੀ ਦਾ ਨੁਕਸਾਨ ਹੋ ਗਿਆ ਹੈ ਅਤੇ ਹੁਣ ਕਿਸਾਨਾਂ ਨੂੰ ਦੋਹਰੀ ਮਾਰ ਝੱਲਦਿਆਂ ਪ੍ਰਤੀ ਏਕੜ ਕਰੀਬ 15000 ਰੁਪਏ ਦਾ ਨੁਕਸਾਨ ਝੱਲਣਾ ਪਵੇਗਾ, ਜਿਸ ਕਰ ਕੇ ਕਿਸਾਨ ਹੋਰ ਕਰਜ਼ਾਈ ਹੋਵੇਗਾ। ਸੱਤਾਧਾਰੀ ਅਤੇ ਕੇਂਦਰ ਸਰਕਾਰ ਨੂੰ ਗਿਰਦਾਵਰੀ ਕਰਵਾ ਕੇ ਕਿਸਾਨਾਂ ਦੇ ਹੋਏ ਨੁਕਸਾਨ ਦੀ ਭਰਪਾਈ ਕਰਦਿਆਂ ਮੁਆਵਜ਼ਾ ਦੇਣਾ ਚਾਹੀਦਾ ਹੈ ।
ਇਹ ਵੀ ਪੜ੍ਹੋ : ਪੰਜਾਬੀਆਂ ਨਾਲ ਕੀਤਾ ਇਕ ਹੋਰ ਵਾਅਦਾ ਪੂਰਾ ਕਰਨ ਜਾ ਰਹੀ ਹੈ ਮਾਨ ਸਰਕਾਰ
ਕਿਸਾਨ ਇਕਬਾਲ ਸਿੰਘ ਦਾਖਾ ਅਤੇ ਕੁਲਜਿੰਦਰ ਸਿੰਘ ਬਾਸੀਆਂ ਬੇਟ ਨੇ ਦੱਸਿਆ ਕਿ ਕਿਸਾਨ ਆਲੂਆਂ ਦੀ ਪੁਟਾਈ ’ਚ ਰੁੱਝਿਆ ਹੋਇਆ ਸੀ ਅਤੇ 20 ਫ਼ੀਸਦੀ ਆਲੂ ਅਜੇ ਖੇਤਾਂ ’ਚ ਪੁੱਟਣ ਵਾਲਾ ਪਿਆ ਹੈ। ਮੀਂਹ ਕਾਰਨ ਪੁਟਾਈ ਬੰਦ ਹੋ ਗਈ ਹੈ, ਜਿਸ ਕਾਰਨ ਆਲੂਆਂ ਦਾ ਰੰਗ ਬਦਰੰਗ ਹੋ ਸਕਦਾ ਹੈ। ਜੇਕਰ ਮੀਂਹ ਲਗਾਤਾਰ ਪੈਂਦਾ ਹੈ ਤਾਂ ਆਲੂਆਂ ਦੇ ਧਰਤੀ ’ਚ ਗਲਣ ਦਾ ਖ਼ਤਰਾ ਪੈਦਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ‘ਜੱਟ ਦੀ ਜੂਨ ਬੁਰੀ ਤੜਫ-ਤੜਫ ਮਰ ਜਾਣਾ’, ਇਹ ਸਤਰਾਂ ਕਿਸਾਨਾਂ ’ਤੇ ਬਿਲਕੁਲ ਸਹੀ ਢੁੱਕਦੀਆਂ ਹਨ ਕਿਉਂਕਿ ਮਹਿੰਗੇ ਭਾਅ ਠੇਕੇ ’ਤੇ ਲੈ ਕੇ ਕੀਤੀ ਫ਼ਸਲਾਂ ਦੀ ਕਾਸ਼ਤ ਦਾ ਮੁੱਲ ਪੂਰਾ ਨਾ ਪੈਣ ਕਾਰਨ ਕਿਸਾਨ ਕਰਜ਼ੇ ਦੀ ਪੰਡ ਥੱਲੇ ਹੋਰ ਦੱਬੇ ਜਾਣਗੇ। ਇਸ ਲਈ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਕਿਸਾਨਾਂ ਦਾ ਹਮਦਰਦ ਬਣ ਕੇ ਕਿਸਾਨਾਂ ਦੀ ਬਾਂਹ ਫੜਨੀ ਚਾਹੀਦੀ ਹੈ ਕਿਉਂਕਿ ਕੁਦਰਤ ਦੀ ਮਾਰ ਕਾਰਨ ਇਸ ਵਾਰ ਠੇਕਾ ਚੁਕਾਉਣਾ ਵੀ ਮੁਸ਼ਕਿਲ ਹੋ ਜਾਵੇਗਾ।
ਇਹ ਵੀ ਪੜ੍ਹੋ : 28 ਲੱਖ ਖ਼ਰਚ ਵਿਦੇਸ਼ ਭੇਜੀ ਪਤਨੀ, ਜਦੋਂ ਪਤੀ ਪੁੱਜਾ ਕੈਨੇਡਾ ਤਾਂ ਸੱਚ ਜਾਣ ਰਹਿ ਗਿਆ ਹੱਕਾ-ਬੱਕਾ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ