ਬਠਿੰਡਾ : ਰਜਬਾਹੇ ''ਚ ਪਿਆ 20 ਫੁੱਟ ਚੌੜਾ ਪਾੜ, ਫਸਲ ''ਚ ਭਰਿਆ ਪਾਣੀ
Wednesday, Mar 21, 2018 - 01:58 PM (IST)

ਸੰਗਤ ਮੰਡੀ (ਮਨਜੀਤ) : ਪਿੰਡ ਨਰੂਆਣਾ ਤੇ ਗੁਰੂਸਰ ਸੈਣੇਵਾਲਾ ਪਿੰਡਾਂ ਦੇ ਵਿਚਕਾਰ ਬੁਰਜੀ ਨੰਬਰ 61 ਤੇ 62 ਵਿਚਕਾਰ ਗੁਰੂਸਰ ਸੈਣੇਵਾਲਾ ਪਾਸੇ ਬਠਿੰਡਾ ਰਜਬਾਹੇ 'ਚ ਸਵੇਰ ਅਚਾਨਕ 20 ਫੁੱਟ ਚੌੜਾ ਪਾੜ ਪੈਣ ਕਾਰਨ ਕਿਸਾਨਾਂ ਦੀ ਬੀਜੀ ਹੋਈ ਕਣਕ ਪਾਣੀ ਨਾਲ ਭਰ ਗਈ। ਕਿਸਾਨਾਂ ਵੱਲੋਂ ਖੁਦ ਹੀ ਰਜਬਾਹੇ ਦੇ ਪਾੜ ਨੂੰ ਪੂਰਿਆ ਗਿਆ। ਮਿਲੀ ਜਾਣਕਾਰੀ ਅਨੁਸਾਰ ਕਿਸਾਨ ਸੁਖਦਰਸ਼ਨ ਸਿੰਘ ਲੋਧੀ ਦੀ ਜ਼ਮੀਨ 'ਚ ਅਚਾਨਕ ਰਜਬਾਹਾ ਟੁੱਟ ਗਿਆ। ਰਜਬਾਹੇ ਦੇ ਟੁੱਟਣ ਕਾਰਨ ਸੁਖਦਰਸ਼ਨ ਸਿੰਘ ਲੋਧੀ, ਮਨਜਿੰਦਰ ਸਿੰਘ ਉਰਫ਼ ਪੱਪੀ ਨਰੂਆਣਾ ਤੇ ਭਾਗ ਸਿੰਘ ਦੇ ਖ਼ੇਤ 'ਚ ਬੀਜੀ ਕਣਕ ਦੀ ਫਸਲ ਪਾਣੀ ਨਾਲ ਭਰ ਗਈ। ਰਜਬਾਹੇ ਟੁੱਟਣ ਦਾ ਜਦੋਂ ਦੋਵੇ ਪਿੰਡਾਂ ਦੇ ਕਿਸਾਨਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਵੱਡੀ ਗਿਣਤੀ 'ਚ ਪਹੁੰਚੇ ਕੇ ਰਜਬਾਹੇ ਦੇ ਪਾੜ ਨੂੰ ਪੂਰਿਆ। ਉਸ ਸਮੇਂ ਤੱਕ ਨਹਿਰੀ ਵਿਭਾਗ ਦਾ ਕੋਈ ਵੀ ਅਧਿਕਾਰੀ ਮੌਕੇ 'ਤੇ ਨਹੀਂ ਪਹੁੰਚਿਆ ਸੀ। ਕਿਸਾਨਾਂ ਨੇ ਭਰੇ ਮਨ ਨਾਲ ਦੱਸਿਆ ਕਿ ਜੇਕਰ ਕਣਕ 'ਚੋਂ ਜਲਦੀ ਪਾਣੀ ਬਾਹਰ ਨਾ ਕੱਢਿਆ ਗਿਆ ਤਾਂ ਕਣਕ ਦੀ ਫਸਲ ਬਰਬਾਦ ਹੋ ਜਾਵੇਗੀ।
100 ਮੀਟਰ ਦੇ ਵਕਫ਼ੇ 'ਚ 13 ਵਾਰ ਟੁੱਟ ਚੁੱਕਾ ਰਜਬਾਹਾ
ਕਿਸਾਨਾਂ ਨੇ ਦੱਸਿਆ ਕਿ ਰਜਬਾਹਾ ਲਗਭਗ 40 ਸਾਲ ਪਹਿਲਾਂ ਬਣਿਆ ਸੀ। ਬੁਰਜੀ ਨੰਬਰ 61 ਤੇ 62 ਵਿਚਕਾਰ ਰਜਬਾਹੇ ਦੀ ਲਾਈਨਿੰਗ ਇਸ ਕਦਰ ਖਸਤਾ ਹੋ ਚੁੱਕੀ ਹੈ ਕਿ 100 ਮੀਟਰ ਦੇ ਵਕਫ਼ੇ 'ਚ 13 ਵਾਰ ਟੁੱਟ ਕੇ ਕਿਸਾਨਾਂ ਦੀਆਂ ਫਸਲਾਂ ਖ਼ਰਾਬ ਕਰ 'ਚੁੱਕਿਆ ਹੈ। ਅੱਧੀ ਦਰਜਨ ਦੇ ਕਰੀਬ ਤਾਂ ਰਜਬਾਹਾ ਕਾਂਗਰਸ ਦੇ ਸਮੇਂ 'ਚ ਹੀ ਟੁੱਟ ਚੁੱਕਾ ਹੈ ਪ੍ਰੰਤੂ ਵਿਭਾਗ ਵੱਲੋਂ ਲਾਈਨਿੰਗ ਦੀ ਮੁਰੰਮਤ ਕਰਵਾਉਣ ਦੀ ਜਹਿਮਤ ਤੱਕ ਨਹੀਂ ਉਠਾਈ ਗਈ।
ਕੀ ਕਹਿੰਦੇ ਨੇ ਵਿਭਾਗ ਦੇ ਜੇ. ਈ ਧਿੰਗੜਾ
ਇਸ ਸਬੰਧੀ ਜਦ ਵਿਭਾਗ ਦੇ ਜੇ.ਈ ਕੁੰਨਾਲ ਧਿੰਗੜਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਰਜਬਾਹੇ ਦੀ ਬਹੁਤ ਜ਼ਿਆਦਾ ਖਸਤਾ ਹਾਲਤ ਹੋ ਚੁੱਕੀ ਹੈ ਜਿਹੜੀ ਕਿ ਟੁੱਟਣ ਦੀ ਵਜ੍ਹਾ ਬਣੀ। ਉਨ੍ਹਾਂ ਦੱਸਿਆ ਕਿ ਮੌਸਮ ਖ਼ਰਾਬ ਹੋਣ ਕਾਰਨ ਕਿਸਾਨਾਂ ਵੱਲੋਂ ਕਣਕ ਦੀ ਫਸਲ ਨੂੰ ਪਾਣੀ ਲਗਾਉਣ ਦੀ ਬਜਾਏ ਮੋਘੇ ਬੰਦ ਕਰ ਦਿੱਤੇ ਜਾਂਦੇ ਹਨ ਜਿਸ ਕਾਰਨ ਰਜਬਾਹੇ 'ਚ ਪਾਣੀ ਦਾ ਵਹਾਅ ਵੱਧ ਹੈ ਜੋ ਕਿ ਰਜਬਾਹੇ ਦੇ ਟੁੱਟਣ ਦਾ ਕਾਰਨ ਬਣਦੀ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਨੂੰ ਇਸ ਦੇ ਨਵੀਨੀਕਰਨ ਲਈ ਪ੍ਰਪੋਜ਼ਲ ਭੇਜੀ ਹੋਈ ਹੈ।