ਪੱਤਰਕਾਰਾਂ ’ਤੇ ਹਮਲਾ ਕਰਨ ਵਾਲੇ ਠੇਕੇਦਾਰ ਸਣੇ 4 ’ਤੇ ਮਾਮਲਾ ਦਰਜ

Tuesday, Jul 31, 2018 - 01:02 AM (IST)

ਪੱਤਰਕਾਰਾਂ ’ਤੇ ਹਮਲਾ ਕਰਨ ਵਾਲੇ ਠੇਕੇਦਾਰ ਸਣੇ 4 ’ਤੇ ਮਾਮਲਾ ਦਰਜ

ਜਲਾਲਾਬਾਦ(ਸੇਤੀਆ, ਜਤਿੰਦਰ)–ਬੀਤੇ ਦਿਨੀਂ ਅਮੀਰ ਖਾਸ ’ਚ ਚੱਲ ਰਹੀ ਰੇਤ ਦੀ ਖੱਡ ’ਤੇ ਹੋ ਰਹੀ ਮਾਈਨਿੰਗ ਦੀ ਕਵਰੇਜ ਲਈ ਗਈ ਪੱਤਰਕਰਾਂ ਦੀ ਟੀਮ ’ਤੇ ਹਮਲਾ ਕਰਨ ਦੇ ਦੋਸ਼ ’ਚ  ਥਾਣਾ ਅਮੀਰ ਖਾਸ ਪੁਲਸ ਨੇ ਠੇਕੇਦਾਰ ਸਮੇਤ 4 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ, ਜਦ ਕਿ ਦੋਸ਼ੀ ਫਰਾਰ ਹਨ।  ਨਾਮਜ਼ਦ ਦੋਸ਼ੀਆਂ ’ਚ ਅਨਿਲ ਚੌਹਾਨ ਠੇਕੇਦਾਰ, ਗੁਰਜੰਟ ਸਿੰਘ ਸਿੱਧੂੂ, ਸ਼ਮਸ਼ੇਰ ਸਿੰਘ, ਸੁਭਾਸ਼  ਅਤੇ ਅਣਪਛਾਤੇ ਲੋਕ ਸ਼ਾਮਿਲ ਹਨ। ਪੁਲਸ ਨੂੰ ਦਿੱਤੇ ਬਿਆਨਾਂ ’ਚ ਸੰਦੀਪ ਕੁਮਾਰ ਪੁੱਤਰ ਸਤਪਾਲ ਸਿੰਘ ਵਾਸੀ ਸੈਕਟਰ-38 ਵੈਸਟ ਚੰਡੀਗਡ਼੍ਹ ਨੇ ਦੱਸਿਆ ਕਿ 29 ਜੁਲਾਈ ਸ਼ਾਮ ਕਰੀਬ 3 ਵਜੇ ਜਦ ਉਨ੍ਹਾਂ ਦੀ ਟੀਮ ਅਮੀਰ ਖਾਸ ਨਜ਼ਦੀਕ ਰੇਤ ਦੀ ਖੱਡ ਦੀ ਸ਼ੂਟਿੰਗ ਕਰਨ ਲਈ ਪਹੁੰਚੀ ਤਾਂ  ਉਥੇ ਮੌਜੂਦ ਠੇਕੇਦਾਰ ਅਤੇ ਉਸਦੇ ਕਰਿੰਦਿਆਂ ਨੇ ਉਨ੍ਹਾਂ ਦਾ ਕੈਮਰਾ ਖੋਹ ਲਿਆ ਅਤੇ ਕੁੱਟ-ਮਾਰ ਕੀਤੀ। ਜ਼ਖਮੀ ਹਾਲਤ ’ਚ ਉਨ੍ਹਾਂ ਨੂੰ ਸਰਕਾਰੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਉਧਰ ਮਾਮਲੇ ਦੀ ਜਾਂਚ ਕਰ ਰਹੇ ਹਰਨੇਕ ਸਿੰਘ ਦਾ ਕਹਿਣਾ ਹੈ ਕਿ ਦੋਸ਼ੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ ਅਤੇ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ। ਇਥੇ ਦੱਸਣਯੋਗ ਹੈ ਕਿ ਅਮੀਰ ਖਾਸ ’ਚ ਰੇਤ ਦੀ ਖੱਡ ’ਤੇ ਹੋ ਰਹੀ ਮਾਈਨਿੰਗ ਦੀ ਕਵਰੇਜ ਲਈ ਪੱਤਰਕਾਰਾਂ ਦੀ ਟੀਮ ਜਿਨ੍ਹਾਂ ’ਚ ਨੀਰਜ ਬਾਲੀ, ਸੰਦੀਪ ਕੁਮਾਰ, ਗੁਰਜੰਟ ਸਿੰਘ ਅਤੇ ਹੋਰ ਵਿਅਕਤੀ ਸ਼ਾਮਲ ਸੀ।ਕਵਰੇਜ ਕਰਨ ਲਈ ਜਦ ਪੱਤਰਕਾਰਾਂ ਦੀ ਟੀਮ ਨੇ ਕੈਮਰਾ ਆਨ ਕੀਤਾ ਤਾਂ ਉਥੇ ਮੌਜੂਦ ਠੇਕੇਦਾਰ ਅਤੇ ਉਨ੍ਹਾਂ ਦੇ ਕਰਿੰਦਿਆਂ ਨੇ ਪੱਤਰਕਾਰਾਂ ਨੂੰ ਘੇਰ ਲਿਆ ਅਤੇ ਕੁੱਟ-ਮਾਰ ਸ਼ੁਰੂ ਕਰ ਦਿੱਤੀ। ਕੁੱਟ-ਮਾਰ ’ਚ ਨੀਰਜ ਬਾਲੀ, ਸੰਦੀਪ ਕੁਮਾਰ ਅਤੇ ਗੁਰਜੰਟ ਸਿੰਘ ਜਖਮੀ ਹੋ ਗਏ ਜਦਕਿ ਇਕ ਸਾਥੀ ਭੱਜਣ ’ਚ ਕਾਮਯਾਬ ਹੋ ਗਿਆ। 
 


Related News