ਪਸ਼ੂ ਚਰਾਉਣ ਤੋਂ ਰੋਕਣਾ ਪਿਆ ਮਹਿੰਗਾ : ਡੇਢ ਦਰਜਨ ਵਿਅਕਤੀਆਂ ਵੱਲੋਂ ਜੰਗਲਾਤ ਵਿਭਾਗ ਦੀ ਟੀਮ 'ਤੇ ਹਮਲਾ
Tuesday, Jul 24, 2018 - 05:28 AM (IST)
ਪਟਿਆਲਾ(ਬਲਜਿੰਦਰ)-ਪਸ਼ੂ ਚਰਾਉਣ ਤੋਂ ਰੋਕਣ 'ਤੇ ਭਾਖੜਾ ਮੇਨ ਲਾਈਨ ਕੋਲ ਡੇਢ ਦਰਜਨ ਵਿਅਕਤੀਆਂ ਨੇ ਜੰਗਲਾਤ ਵਿਭਾਗ ਦੀ ਟੀਮ 'ਤੇ ਹਮਲਾ ਕਰ ਦਿੱਤਾ। ਇਸ ਮਾਮਲੇ ਵਿਚ ਵਣ ਰੇਂਜ ਅਫਸਰ ਦੀ ਸ਼ਿਕਾਇਤ 'ਤੇ ਥਾਣਾ ਪਸਿਆਣਾ ਦੀ ਪੁਲਸ ਨੇ ਜਸਕੇਵਲ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਪਿੰਡ ਕੋਰਜੀਵਾਲਾ ਅਤੇ 15-16 ਅਣਪਛਾਤੇ ਵਿਅਕਤੀਆਂ ਖਿਲਾਫ 353, 186, 506, 148 ਅਤੇ 149 ਆਈ. ਪੀ. ਸੀ. ਤਹਿਤ ਕੇਸ ਦਰਜ ਕਰ ਕੇ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸਬੰਧ ਵਿਚ ਜੰਗਲਾਤ ਟੀਮ ਦੀ ਅਗਵਾਈ ਕਰ ਰਹੇ ਬੀਟ ਇੰਚਾਰਜ ਅਮਨ ਅਰੋੜਾ ਨੇ ਦੱਸਿਆ ਕਿ ਉਹ ਆਪਣੀ ਟੀਮ ਨਾਲ ਆਰ. ਡੀ. 267 ਤੋਂ 268 ਤੋਂ ਖੱਬੇ ਪਾਸੇ ਚੈਕਿੰਗ ਕਰ ਰਿਹਾ ਸੀ ਕਿ ਜਿਥੇ 40 ਦੇ ਕਰੀਬ ਮੱਝਾਂ ਵਣ ਰਕਬੇ ਵਿਚ ਚਰਾਈਆਂ ਜਾ ਰਹੀਆਂ ਸਨ। ਬੀਟ ਇੰਚਾਰਜ ਅਮਨ ਅਰੋੜਾ ਨੇ ਆਪਣੇ ਬੇਲਦਾਰ ਭੁਪਿੰਦਰ ਸਿੰਘ ਅਤੇ ਕਰਮ ਸਿੰਘ ਦੀ ਮਦਦ ਨਾਲ ਸਾਰੀਆਂ ਮੱਝਾਂ ਨੂੰ ਇਕ ਥਾਂ 'ਤੇ ਇਕੱਠਾ ਕਰ ਲਿਆ। ਲਗਭਗ ਇਕ ਘੰਟਾ ਇੰਤਜ਼ਾਰ ਕਰਨ ਤੋਂ ਬਾਅਦ ਕੋਈ ਵਾਰਸ ਨਾ ਆਇਆ। ਪਤਾ ਲੱਗਾ ਕਿ ਪਸ਼ੂ ਮਾਲਕ ਆਸ-ਪਾਸ ਹੀ ਘੁੰਮ ਰਹੇ ਹਨ। ਜਦੋਂ ਉਨ੍ਹਾਂ ਤੋਂ ਪਸ਼ੂ ਨਾ ਸੰਭਲੇ ਤਾਂ ਉਨ੍ਹਾਂ 2 ਮੱਝਾਂ ਰੋਕ ਕੇ ਬਾਕੀ ਛੱਡ ਦਿੱਤੀਆਂ। ਇਕ ਟੈਂਪੂ ਮੰਗਵਾ ਕੇ ਦੋਵਾਂ ਮੱਝਾਂ ਰੱਸਾ ਪਾ ਕੇ ਚੜ੍ਹਾਉਣ ਲੱਗੇ ਤਾਂ ਡੇਢ ਦਰਜਨ ਵਿਅਕਤੀਆਂ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਪੱਥਰ ਮਾਰਨੇ ਸ਼ੁਰੂ ਕਰ ਦਿੱਤੇ। ਉਨ੍ਹਾਂ ਦੀ ਕੁੱਟ-ਮਾਰ ਕੀਤੀ। ਚਾਕੂ ਨਾਲ ਮਾਰਨ ਦੀ ਧਮਕੀ ਦਿੱਤੀ ਅਤੇ ਪਸ਼ੂ ਛੁਡਾ ਕੇ ਲੈ ਗਏ। ਹਮਲਾਵਰਾਂ ਦੀ ਅਗਵਾਈ ਜਸਕੇਵਲ ਸਿੰਘ ਕਰ ਰਿਹਾ ਸੀ। ਜਸਕੇਵਲ ਸਿੰਘ ਨੇ ਧਮਕੀ ਦਿੱਤੀ ਕਿ ਉਨ੍ਹਾਂ ਦੇ ਚੇਲੇ ਇਸੇ ਤਰ੍ਹਾਂ ਹੀ ਮੱਝਾਂ ਚੁਰਾਉਣਗੇ। ਜੇਕਰ ਵਣ ਅਧਿਕਾਰੀਆਂ ਰੋਕਿਆ ਤਾਂ ਲੱਤਾਂ-ਬਾਂਹਾਂ ਤੋੜ ਦਿੱਤੀਆਂ ਜਾਣਗੀਆਂ। ਬੀਟ ਇੰਚਾਰਜ ਅਮਨ ਅਰੋੜਾ ਨੇ ਦੱਸਿਆ ਕਿ ਪੜਤਾਲ ਕਰਨ 'ਤੇ ਪਾਇਆ ਗਿਆ ਕਿ ਜਸਕੇਵਲ ਸਿੰਘ ਮੱਝਾਂ ਦਾ ਮਾਲਕ ਨਹੀਂ ਹੈ। ਉਸ ਦੀ ਜ਼ਮੀਨ ਭਾਖੜਾ ਨਾਲ ਲਗਦੀ ਹੈ। ਪਿੰਡ ਪਸਿਆਣਾ ਦੇ ਪਸ਼ੂ ਚਾਲਕਾਂ ਨੂੰ ਮੱਝਾਂ ਚਰਾਉਣ ਲਈ ਉਤਸ਼ਾਹਿਤ ਕਰਦਾ ਹੈ। ਬਦਲੇ ਵਿਚ ਉਨ੍ਹਾਂ ਤੋਂ ਸ਼ਰਾਬ ਅਤੇ ਪੈਸੇ ਲੈਂਦਾ ਹੈ। ਅਮਨ ਅਰੋੜਾ ਮੁਤਾਬਕ ਪਸ਼ੂ ਮਾਲਕਾਂ ਦੀ ਪੂਰੀ ਜਾਣਕਾਰੀ ਜਸਕੇਵਲ ਸਿੰਘ ਨੂੰ ਹੀ ਹੈ।
