ਇਕੋ ਰਾਤ ’ਚ 3 ਦੁਕਾਨਾਂ ’ਚੋਂ ਨਕਦੀ ਚੋਰੀ, ਵਪਾਰੀ ਵਰਗ ’ਚ ਵਧਿਆ ਰੋਸ
Sunday, Jun 17, 2018 - 01:47 AM (IST)
ਫਿਰੋਜ਼ਪੁਰ(ਕੁਮਾਰ, ਮਲਹੋਤਰਾ)–ਸ਼ਹਿਰ ਦੇ ਮੇਨ ਬਾਜ਼ਾਰ ’ਚ ਬੀਤੀ ਅੱਧੀ ਰਾਤ ਨੂੰ ਚੋਰਾਂ ਨੇ ਤਿੰਨ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ। ਇਨ੍ਹਾਂ ਵਧਦੀਆਂ ਚੋਰੀਆਂ ਅਤੇ ਲੁੱਟਾਂ-ਖੋਹਾਂ ਦੀਆਂ ਘਟਨਾਵਾਂ ਸਬੰਧੀ ਫਿਰੋਜ਼ਪੁਰ ਸ਼ਹਿਰ ਦੇ ਵਪਾਰੀਆਂ ਤੇ ਆਮ ਜਨਤਾ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਅਾਂ ਫਿਰੋਜ਼ਪੁਰ ਸ਼ਹਿਰ ਵਪਾਰ ਮੰਡਲ ਦੇ ਸੀਨੀਅਰ ਉਪ ਪ੍ਰਧਾਨ ਸਤਪਾਲ ਸਿੰਘ ਬਜਾਜ, ਖੁਸ਼ਵਿੰਦਰ ਚਾਵਲਾ, ਵਿਜੇ ਤੁੱਲੀ, ਅਮਿਤ ਕੁਮਾਰ, ਮੋਨੂੰ ਗੁਪਤਾ ਤੇ ਅੰਮ੍ਰਿਤ ਲਾਲ ਕੱਕਡ਼ ਆਦਿ ਨੇ ਦੱਸਿਆ ਕਿ ਬੀਤੀ ਰਾਤ ਚੋਰ ਬਿਜਲੀ ਦੇ ਖੰਭੇ ਦੇ ਉਪਰ ਲੱਗੇ ਮੀਟਰਾਂ ’ਤੇ ਚਡ਼੍ਹ ਕੇ ਕਾਕਾ ਗਿਫਟ ਸਟੋਰ, ਦੀਪਕ ਗਿਫਟ ਹਾਊਸ ਤੇ ਮੈਸ. ਦੁੱਲਾ ਸਿੰਘ ਐਂਡ ਸੰਨਜ਼ ਦੀ ਦੁਕਾਨ ’ਚ ਦਾਖਲ ਹੋ ਗਏ। ਉਨ੍ਹਾਂ ਦੱਸਿਆ ਕਿ ਚੋਰ ਦੁੱਲਾ ਸਿੰਘ ਦੁਕਾਨ ’ਚੋਂ ਕਰੀਬ 25 ਹਜ਼ਾਰ ਰੁਪਏ ਦੀ ਨਕਦੀ, ਕਾਕਾ ਗਿਫਟ ਹਾਊਸ ’ਚੋਂ ਕਰੀਬ 7 ਹਜ਼ਾਰ ਰੁਪਏ ਦੀ ਨਕਦੀ ਤੇ ਦੀਪਕ ਗਿਫਟ ਹਾਊਸ ’ਚੋਂ ਕਰੀਬ 2500 ਰੁਪਏ ਚੋਰੀ ਕਰ ਕੇ ਫਰਾਰ ਹੋ ਗਿਆ, ਜਦਕਿ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ’ਚ ਪਏ ਸਾਮਾਨ ਦੀ ਜਾਂਚ ਕੀਤੀ ਜਾ ਰਹੀ ਹੈ। ਸਤਪਾਲ ਸਿੰਘ ਬਜਾਜ ਤੇ ਉਨ੍ਹਾਂ ਦੇ ਸਾਥੀਆਂ ਨੇ ਕਿਹਾ ਕਿ ਫਿਰੋਜ਼ਪੁਰ ਸ਼ਹਿਰ ਦੇ ਲੋਕਾਂ ਦਾ ਪੁਲਸ ਤੋਂ ਵਿਸ਼ਵਾਸ ਉਠ ਗਿਆ ਹੈ ਤੇ ਦੁਕਾਨਦਾਰ ਇਨ੍ਹਾਂ ਚੋਰੀਆਂ ਦੀ ਸੂਚਨਾ ਦੇਣ ਲਈ ਥਾਣੇ ਨਹੀਂ ਜਾ ਰਹੇ ਕਿਉਂਕਿ ਦੁਕਾਨਦਾਰਾਂ ਦਾ ਮੰਨਣਾ ਹੈ ਕਿ ਪੁਲਸ ਚੋਰ ਤਾਂ ਫਡ਼ ਨਹੀਂ ਸਕੇਗੀ ਪਰ ਉਨ੍ਹਾਂ ਨੂੰ ਥਾਣੇ ਦੇ ਵਾਰ-ਵਾਰ ਚੱਕਰ ਕੱਟਣੇ ਪੈਣਗੇ। ਦੁਕਾਨਦਾਰਾਂ ਨੇ ਕਿਹਾ ਕਿ ਫਿਰੋਜ਼ਪੁਰ ਸ਼ਹਿਰ ’ਚ ਰੋਜ਼ਾਨਾ ਸਕੂਟਰ ਤੇ ਮੋਟਰਸਾਈਕਲ ਚੋਰੀ ਹੋ ਰਹੇ ਹਨ ਤੇ ਸੀ. ਸੀ. ਟੀ. ਵੀ. ਕੈਮਰੇ ’ਚ ਫੋਟੋ ਆਉਣ ਦੇ ਬਾਵਜੂਦ ਚੋਰ ਫਡ਼ੇ ਨਹੀਂ ਜਾ ਰਹੇ। ਫਿਰੋਜ਼ਪੁਰ ਦੇ ਚੋਰਾਂ-ਲੁਟੇਰਿਆਂ ਨੂੰ ਪੁਲਸ ਦਾ ਖੋਫ ਨਹੀਂ ਰਿਹਾ।
