ਦੁਕਾਨ ''ਚੋਂ ਲੱਖਾਂ ਦੇ ਬੈਗ ਚੋਰੀ, 3 ਨਾਮਜ਼ਦ
Sunday, Apr 22, 2018 - 03:26 AM (IST)
ਬਠਿੰਡਾ(ਸੁਖਵਿੰਦਰ)-ਕੋਤਵਾਲੀ ਪੁਲਸ ਨੇ ਇਕ ਦੁਕਾਨ 'ਚੋਂ ਲੱਖਾਂ ਰੁਪਏ ਦੇ ਬੈਗ ਚੋਰੀ ਕਰਨ ਦੇ ਦੋਸ਼ਾਂ 'ਚ 3 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਅਸ਼ੋਕ ਕੁਮਾਰ ਵਾਸੀ ਨਵੀਂ ਬਸਤੀ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਸ਼ੁਭਮ ਕੁਮਾਰ ਵਾਸੀ ਬਠਿੰਡਾ, ਗੁਰਵਿੰਦਰ ਸਿੰਘ ਅਤੇ ਧੀਰਜ ਵਾਸੀ ਮਹਿਮਾ ਸਰਜਾ ਉਸਦੀ ਦੁਕਾਨ 'ਤੇ ਨੌਕਰੀ ਕਰਦੇ ਸਨ। ਬੀਤੇ ਦਿਨੀਂ ਮੁਲਜ਼ਮਾਂ ਨੇ ਉਸਦੀ ਗੈਰ-ਹਾਜ਼ਰੀ 'ਚ ਦੁਕਾਨ 'ਚੋਂ 1100 ਪੀਸ ਪੀਠੂ ਬੈਗ, 48 ਪੀਸ ਟੂਰਿਸਟ ਬੈਗ, 25 ਪੀਸ ਲੇਡੀ ਪਰਸ ਆਦਿ ਚੋਰੀ ਕਰ ਕੇ ਲੈ ਗਏ। ਇਸ ਤੋਂ ਬਾਅਦ ਚੋਰੀ ਕੀਤਾ ਸਾਮਾਨ ਲੱਖਾਂ ਰੁਪਏ 'ਚ ਅੱਗੇ ਵੇਚ ਦਿੱਤਾ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਅਸ਼ੋਕ ਕੁਮਾਰ ਆਪਣੀ ਦੁਕਾਨ ਵਿਚ ਲੱਗੇ ਕੈਮਰਿਆਂ ਦੀ ਵੀਡੀਓ ਰਿਕਾਰਡਿੰਗ ਚੈੱਕ ਕਰ ਰਿਹਾ ਸੀ ਤਾਂ ਉਸ ਨੂੰ ਦੁਕਾਨ 'ਚੋਂ ਬੈਗ ਚੋਰੀ ਕਰਨ ਦਾ ਪਤਾ ਲੱਗਾ। ਉਕਤ ਮੁਲਜ਼ਮ ਦੁਕਾਨ ਵਿਚੋਂ ਸਾਮਾਨ ਚੋਰੀ ਕਰ ਕੇ ਲਿਜਾ ਰਹੇ ਸਨ। ਉਨ੍ਹਾਂ ਕਿਹਾ ਕਿ ਚੋਰੀ ਕੀਤੇ ਸਾਮਾਨ ਦੀ ਕੀਮਤ ਲਗਭਗ 3 ਲੱਖ 59 ਹਜ਼ਾਰ ਦੇ ਕਰੀਬ ਹੈ। ਪੁਲਸ ਨੇ ਸ਼ਿਕਾਇਤ ਦੇ ਆਧਾਰ 'ਤੇ ਤਿੰਨੋਂ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
