ਭੈਣ ਨੂੰ ਸਹੁਰੇ ਛੱਡਣ ਗਏ ਭਰਾ ''ਤੇ ਤੇਜ਼ਧਾਰ ਹਥਿਆਰ ਨਾਲ ਹਮਲਾ

Thursday, Apr 12, 2018 - 03:34 AM (IST)

ਭੈਣ ਨੂੰ ਸਹੁਰੇ ਛੱਡਣ ਗਏ ਭਰਾ ''ਤੇ ਤੇਜ਼ਧਾਰ ਹਥਿਆਰ ਨਾਲ ਹਮਲਾ

ਖੰਨਾ(ਸੁਨੀਲ)-ਬੀਤੀ ਦੇਰ ਰਾਤ ਸਥਾਨਕ ਗਲੀ ਨੰ. 2 ਕ੍ਰਿਸ਼ਨਾ ਨਗਰ 'ਚ ਆਪਣੀ ਭੈਣ ਨੂੰ ਛੱਡਣ ਗਏ ਭਰਾ 'ਤੇ ਸਹੁਰਾ ਘਰ ਵਾਲਿਆਂ ਨੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ, ਜਿਸ  ਕਾਰਨ ਉਹ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ। ਜਿਵੇਂ ਹੀ ਭੈਣ ਨੇ ਆਪਣੇ ਭਰਾ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੀ ਸੱਸ ਨੇ ਆਪਣੀ ਨੂੰਹ ਨੂੰ ਵੀ ਬੁਰੀ ਤਰ੍ਹਾਂ ਕੁੱਟਿਆ।  ਹਸਪਤਾਲ 'ਚ ਜ਼ੇਰੇ ਇਲਾਜ ਜਸਵੀਰ ਸਿੰਘ  ਨੇ ਦੱਸਿਆ ਕਿ ਉਹ ਬੀਤੀ ਰਾਤ ਆਪਣੀ ਭੈਣ ਅਕਵਿੰਦਰ ਕੌਰ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਛੱਡਣ ਲਈ ਆਪਣੇ ਜੀਜਾ ਮਨਪ੍ਰੀਤ ਸਿੰਘ ਦੇ ਘਰ ਗਿਆ ਸੀ ਜਿਵੇਂ ਹੀ ਉਹ ਘਰ 'ਚ ਗਏ ਤਾਂ ਉਥੇ ਮੌਜੂਦ ਉਸ ਦੇ ਜੀਜੇ ਅਤੇ ਜੀਜੇ ਦੇ ਭਰਾਵਾਂ, ਸੱਸ ਜਸਪਾਲ ਕੌਰ ਨੇ ਉਸ ਦੀ ਭੈਣ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਜਿਵੇਂ ਹੀ ਉਸ ਨੇ ਆਪਣੇ ਜੀਜੇ ਨੂੰ ਘਰ 'ਚ ਕੱਟੀ ਬਿਜਲੀ ਨੂੰ ਫਿਰ ਤੋਂ ਲਗਵਾਉਣ ਦੀ ਗੱਲ ਕਹੀ ਤਾਂ ਉਹ ਇਸ ਗੱਲ ਨੂੰ ਲੈ ਕੇ ਭੜਕ ਗਿਆ। ਉਨ੍ਹਾਂ ਨੇ ਲੋਹੇ ਦੇ ਤੇਜ਼ਧਾਰ ਹਥਿਆਰ ਨਾਲ ਉਸ 'ਤੇ ਵਾਰ ਕਰਨਾ ਚਾਹਿਆ ਤਾਂ ਬਚਾਅ ਲਈ ਜਦੋਂ ਉਸ ਨੇ ਆਪਣਾ ਹੱਥ ਅੱਗੇ ਕੀਤਾ ਤਾਂ ਹਥਿਆਰ ਦਾ ਵਾਰ ਉਸ ਦੇ ਹੱਥ 'ਤੇ ਲੱਗਾ। ਇਸ ਦੌਰਾਨ ਜਦੋਂ ਉਸ ਦੀ ਭੈਣ ਨੇ ਆਪਣੇ ਭਰਾ ਨੂੰ ਉਨ੍ਹਾਂ ਤੋਂ ਛੁਡਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੀ ਸੱਸ ਜਸਪਾਲ ਕੌਰ ਨੇ ਉਸ ਦੀ ਭੈਣ ਨਾਲ ਵੀ ਕੁੱਟ-ਮਾਰ ਸ਼ੁਰੂ ਕਰ ਦਿੱਤੀ।
ਕੀ ਕਹਿਣਾ ਹੈ ਦੂਜੀ ਧਿਰ ਦਾ?
ਇਸ ਸਬੰਧੀ ਦੂਜੇ ਧਿਰ ਦੇ ਅਕਵਿੰਦਰ ਕੌਰ ਦੀ ਸੱਸ ਜਸਪਾਲ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਦੇ ਨਾਲ -ਨਾਲ ਪਰਿਵਾਰ ਦੇ ਮੈਂਬਰਾਂ ਨੇ ਉਪਰੋਕਤ ਸਾਰੇ ਦੋਸ਼ਾਂ ਨੂੰ ਝੂਠਾ ਅਤੇ ਬੇ-ਬੁਣਿਆਦ ਦੱਸਦੇ ਹੋਏ ਕਿਹਾ ਕਿ ਜਦੋਂ ਪਿਛਲੀ ਰਾਤ ਅਕਵਿੰਦਰ ਨੂੰ ਉਸ ਦਾ ਭਰਾ ਛੱਡਣ ਆਇਆ ਸੀ ਤਾਂ ਇਸ ਨੇ ਬਿਜਲੀ ਮੁੱਦੇ ਨੂੰ ਲੈ ਕੇ ਉਸ ਦੇ ਬੇਟੇ ਮਨਪ੍ਰੀਤ ਅਤੇ ਹੋਰਾਂ ਨੂੰ ਗਾਲਾਂ ਕੱਢਣੀਆਂ  ਸ਼ੁਰੂ ਕਰ ਦਿੱਤੀਆਂ। ਜਦੋਂ ਉਸ ਨੇ ਇਸ ਗੱਲ ਦਾ ਵਿਰੋਧ ਕੀਤਾ ਤਾਂ ਜਸਵੀਰ ਨੇ ਉਸ ਨਾਲ ਮਾੜਾ ਵਿਵਹਾਰ ਕੀਤਾ ਤੇ ਕੱਪੜੇ ਵੀ ਪਾੜ ਦਿੱਤੇ। ਪੁਲਸ ਨੇ ਦੋਨਾਂ ਧਿਰਾਂ ਦੇ ਬਿਆਨ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ।


Related News