ਦਿਹਾਤੀ ਲਾਭਪਾਤਰ ਪਰਿਵਾਰਾਂ ਨੇ ਡਿਪੂ ਮਾਲਕ ''ਤੇ ਲਾਏ ਗੰਭੀਰ ਦੋਸ਼
Thursday, Apr 05, 2018 - 06:19 AM (IST)

ਲੁਧਿਆਣਾ(ਖੁਰਾਣਾ)-ਜ਼ਿਆਦਾਤਰ ਡਿਪੂ ਮਾਲਕਾਂ ਵੱਲੋਂ ਸ਼ਹਿਰੀ ਅਤੇ ਦਿਹਾਤੀ ਇਲਾਕਿਆਂ ਵਿਚ ਵਸੇ ਗਰੀਬ ਪਰਿਵਾਰਾਂ ਵਿਚ ਆਟਾ ਦਾਲ ਯੋਜਨਾ ਦੇ ਤਹਿਤ ਸਰਕਾਰੀ ਕਣਕ ਵੰਡ ਵਿਚ ਧੱਕੇਸ਼ਾਹੀ ਦਾ ਦੌਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਤਾਜ਼ਾ ਕੇਸ ਦੀ ਗੱਲ ਕੀਤੀ ਜਾਵੇ ਤਾਂ ਰਾਹੋਂ ਰੋਡ ਸਥਿਤ ਪਿੰਡ ਮੰਗਲੀ ਟਾਂਡਾ ਦੇ ਲਾਭਪਾਤਰ ਪਰਿਵਾਰਾਂ ਨੇ ਆਪਣੇ ਹੀ ਇਲਾਕੇ ਦੇ ਡਿਪੂ ਹੋਲਡਰ ਰਜਿੰਦਰ ਸਿੰਘ 'ਤੇ ਨਾਜਾਇਜ਼ ਵਸੂਲੀ, ਕਣਕ ਘੱਟ ਦੇਣ ਸਮੇਤ ਬਦਸਲੂਕੀ ਕਰਨ ਵਰਗੇ ਸੰਗੀਨ ਦੋਸ਼ ਲਾਉਂਦੇ ਹੋਏ ਇਕ ਸ਼ਿਕਾਇਤ ਪੱਤਰ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਕੰਟ੍ਰੋਲਰ ਸੁਰਿੰਦਰ ਬੇਰੀ ਨੂੰ ਸੌਂਪਿਆ ਹੈ। ਇਸ ਵਿਚ ਸ਼ਿਕਾਇਤਕਰਤਾਵਾਂ ਨੇ ਉਕਤ ਡਿਪੂ ਹੋਲਡਰ ਖਿਲਾਫ ਵਿਭਾਗੀ ਅਤੇ ਕਾਨੂੰਨੀ ਕਾਰਵਾਈ ਕਰਨ ਸਮੇਤ ਡਿਪੂ ਦਾ ਲਾਇਸੈਂਸ ਰੱਦ ਕਰਨ ਦੀ ਮੰਗ ਕੀਤੀ ਹੈ। ਕੇਸ ਸਬੰਧੀ ਤੁਰੰਤ ਐਕਸ਼ਨ ਲੈਂਦੇ ਹੋਏ ਬੇਰੀ ਨੇ ਏ. ਐੱਫ. ਐੱਸ. ਓ. ਮੈਡਮ ਦਮਨਜੀਤ ਕੌਰ ਨੂੰ ਜਾਂਚ ਦੇ ਨਿਰਦੇਸ਼ ਦਿੱਤੇ ਹਨ। ਸ਼ਿਕਾਇਤਕਰਤਾ ਮੇਵਾ ਸਿੰਘ ਅਤੇ ਸ਼ਿੰਗਾਰਾ ਸਿੰਘ ਦੇ ਮੁਤਾਬਕ ਉਪਰੋਕਤ ਰਾਸ਼ਨ ਡਿਪੂ ਚਾਲਕ ਹਰ ਲਾਭਪਾਤਰ ਨੂੰ ਸਰਕਾਰੀ ਕਣਕ ਦਾ ਲਾਭ ਦਿੰਦੇ ਸਮੇਂ ਜਿੱਥੇ ਉਨ੍ਹਾਂ ਨਾਲ ਕਥਿਤ ਤੌਰ 'ਤੇ 20 ਰੁਪਏ ਦੀ ਵੱਖਰੇ ਤੌਰ 'ਤੇ ਵਸੂਲੀ ਕਰ ਰਿਹਾ ਹੈ, ਉੱਥੇ ਕਾਰਡਧਾਰਕਾਂ ਦੇ ਹਿੱਸੇ ਆਉਣ ਵਾਲੀ ਕਦਕ ਦਾ ਵਜ਼ਨ ਵੀ ਘੱਟ ਤੋਲਿਆ ਜਾ ਰਿਹਾ ਹੈ ਜਿਸ ਦਾ ਵਿਰੋਧ ਕਰਨ 'ਤੇ ਡਿਪੂ ਹੋਲਡਰ ਵੱਲੋਂ ਲਾਭਪਾਤਰ ਦੇ ਨਾਲ ਕਥਿਤ ਭੱਦੀ ਭਾਸ਼ਾ ਦੀ ਵਰਤੋਂ ਕੀਤੀ ਜਾਂਦੀ ਹੈ।
ਪਿੰਡ ਵਿਚ ਕਿਸੇ ਲੋੜਵੰਦ ਔਰਤ ਨੂੰ ਚਲਾਉਣ ਦਿੱਤਾ ਜਾਵੇ ਡਿਪੂ
ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਉਕਤ ਡਿਪੂ ਚਾਲਕ ਖਿਲਾਫ ਜਾਂਚ ਤੋਂ ਬਾਅਦ ਵਿਭਾਗੀ ਕਾਰਵਾਈ ਕਰਦੇ ਹੋਏ ਡਿਪੂ ਰੱਦ ਕਰ ਕੇ ਪਿੰਡ ਦੀ ਕਿਸੇ ਲੋੜਵੰਦ ਔਰਤ ਨੂੰ ਡਿਪੂ ਚਲਾਉਣ ਲਈ ਲਾਇਸੈਂਸ ਜਾਰੀ ਕੀਤਾ ਜਾਵੇ ਤਾਂਕਿ ਸਰਕਾਰ ਦੀ ਉਕਤ ਯੋਜਨਾ ਦਾ ਲਾਭ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਲਾਭਪਾਤਰ ਪਰਿਵਾਰਾਂ ਨੂੰ ਪੂਰੀ ਪਾਰਦਰਸ਼ਤਾ ਨਾਲ ਮਿਲ ਸਕੇ। ਸ਼ਿਕਾਇਤਕਰਤਾ ਵੱਲੋਂ ਡਿਪੂ ਮਾਲਕ ਖਿਲਾਫ ਲਾਏ ਗਏ ਸਾਰੇ ਦੋਸ਼ਾਂ ਦੀ ਜਾਂਚ ਪੜਤਾਲ ਬਾਰੀਕੀ ਨਾਲ ਕੀਤੀ ਜਾਵੇਗੀ। ਸਰਕਾਰ ਦੀ ਆਟਾ ਦਾਲ ਯੋਜਨਾ ਆਰਥਿਕ ਰੂਪ ਤੋਂ ਕਮਜ਼ੋਰ ਪਰਿਵਾਰਾਂ ਲਈ ਹੈ ਅਤੇ ਕਣਕ ਦਾ ਇਕ-ਇਕ ਦਾਣਾ ਲਾਭਪਾਤਰ ਪਰਿਵਾਰਾਂ ਤਕ ਪਹੁੰਚਾਇਆ ਜਾਵੇਗਾ। ਜੇਕਰ ਕੋਈ ਡਿਪੂ ਹੋਲਡਰ ਗਰੀਬ ਪਰਿਵਾਰਾਂ ਦੇ ਹੱਕਾਂ ਨਾਲ ਖੇਡਣ ਦਾ ਯਤਨ ਕਰੇਗਾ ਤਾਂ ਉਸ ਦੇ ਖਿਲਾਫ ਵਿਭਾਗੀ ਕਾਰਵਾਈ ਹੋਣੀ ਤੈਅ ਹੈ ਪਰ ਉਕਤ ਸ਼ਿਕਾਇਤ ਵਿਚ ਇਹ ਸੱਚ ਜਾਣਨਾ ਵੀ ਜ਼ਰੂਰੀ ਹੋਵੇਗਾ ਕਿ ਸ਼ਿਕਾਇਤ ਡਿਪੂ ਮਾਲਕ ਦੇ ਖਿਲਾਫ ਕੋਈ ਸਾਜ਼ਿਸ਼ ਨਾ ਹੋਵੇ, ਕਿਉਂਕਿ ਕੁਝ ਕੇਸਾਂ ਵਿਚ ਗੁਟਬਾਜ਼ੀ ਵੀ ਸਾਹਮਣੇ ਆਉਂਦੀ ਰਹਿੰਦੀ ਹੈ।