ਪਿਸਤੌਲ ਦੀ ਨੋਕ ''ਤੇ ਵਪਾਰੀ ਤੋਂ ਖੋਹੀ ਗੱਡੀ
Wednesday, Feb 14, 2018 - 06:50 AM (IST)

ਅੰਮ੍ਰਿਤਸਰ(ਸੰਜੀਵ, ਅਰੁਣ)- ਇਨਪੋਰਟ-ਐਕਸਪੋਰਟ ਦੇ ਵਪਾਰੀ ਕੁਨਾਲ ਧਵਨ ਕੋਲੋਂ ਪਿਸਤੌਲ ਦੀ ਨੋਕ 'ਤੇ ਅਣਪਛਾਤੇ ਲੁਟੇਰੇ ਉਸ ਦੀ ਗੱਡੀ ਖੋਹ ਕੇ ਲੈ ਗਏ। ਗੱਡੀ ਦੇ ਡੈਸ਼-ਬੋਰਡ 'ਚ 2.85 ਲੱਖ ਰੁਪਏ ਦੀ ਨਕਦੀ ਅਤੇ ਸੀਟ 'ਤੇ ਮਹਿੰਗੇ ਮੋਬਾਇਲ ਪਏ ਸਨ। ਘਟਨਾ ਦੇਰ ਰਾਤ 11 ਵਜੇ ਦੇ ਕਰੀਬ ਮਹਿਤਾ ਰੋਡ 'ਤੇ ਸਥਿਤ ਪਿੰਡ ਲਾਲਕਾ ਨਗਰ ਦੀ ਮੇਨ ਸੜਕ 'ਤੇ ਹੋਈ। ਪੁਲਸ ਨੇ ਵਾਰਦਾਤ ਦੇ ਕੁਝ ਘੰਟਿਆਂ ਬਾਅਦ ਗੱਡੀ ਨੂੰ ਪਿੰਡ ਸੁਲਤਾਨਵਿੰਡ ਤੋਂ ਬਰਾਮਦ ਕਰ ਲਿਆ ਕਿਉਂਕਿ ਲੁਟੇਰੇ ਉਸ ਨੂੰ ਸੜਕ ਕੰਢੇ ਖੜ੍ਹੀ ਕਰ ਕੇ ਫਰਾਰ ਹੋ ਗਏ ਸਨ। ਗੱਡੀ ਖੋਹਣ ਉਪਰੰਤ ਲੁਟੇਰਿਆਂ ਨੇ ਜਿਥੇ ਉਸ ਦੀ ਨੰਬਰ ਪਲੇਟ ਨੂੰ ਬਦਲ ਦਿੱਤਾ, ਉਥੇ ਹੀ ਗੱਡੀ ਦਾ ਕੁਝ ਹੁਲੀਆ ਵੀ ਬਦਲ ਦਿੱਤਾ ਸੀ। ਗੱਡੀ 'ਚ ਪਈ ਨਕਦੀ ਤੇ ਮੋਬਾਇਲ ਲੁਟੇਰੇ ਆਪਣੇ ਨਾਲ ਲੈ ਗਏ ਹਨ। ਘਟਨਾ ਦੀ ਜਾਣਕਾਰੀ ਮਿਲਦੇ ਹੀ ਜ਼ਿਲਾ ਅੰਮ੍ਰਿਤਸਰ ਦਿਹਾਤੀ ਦੇ ਐੱਸ. ਐੱਸ. ਪੀ. ਪਰਮਪਾਲ ਸਿੰਘ ਪੁਲਸ ਬਲ ਨਾਲ ਮੌਕੇ 'ਤੇ ਪੁੱਜੇ ਅਤੇ ਅਣਪਛਾਤਿਆਂ ਵਿਰੁੱਧ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਗੈਂਗਸਟਰ ਸਾਰਜ ਮਿੰਟੂ ਤੇ ਸ਼ੁਭਮ ਨੇ ਦਿੱਤਾ ਵਾਰਦਾਤ ਨੂੰ ਅੰਜਾਮ-ਵਪਾਰੀ ਕੁਨਾਲ ਧਵਨ ਨਾਲ ਹੋਈ ਇਸ ਲੁੱਟ ਦੀ ਵਾਰਦਾਤ ਨੂੰ ਗੈਂਗਸਟਰ ਸਾਰਜ ਮਿੰਟੂ ਤੇ ਸ਼ੁਭਮ ਨੇ ਅੰਜਾਮ ਦਿੱਤਾ, ਜਦੋਂ ਕਿ ਪੁਲਸ ਇਸ ਬਾਰੇ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹੈ ਪਰ ਸਾਰਜ ਮਿੰਟੂ ਦੇ ਸ਼ਹਿਰ 'ਚ ਹੋਣ ਦੀ ਸੂਚਨਾ ਤੋਂ ਦਿਹਾਤੀ ਪੁਲਸ ਦੀਆਂ ਕਈ ਵਿਸ਼ੇਸ਼ ਟੀਮਾਂ ਉਸ ਨੂੰ ਫੜਨ ਲਈ ਉਸ ਦੇ ਕਈ ਟਿਕਾਣਿਆਂ 'ਤੇ ਛਾਪੇ ਮਾਰ ਰਹੀਆਂ ਹਨ।