ਇਲੈਕਟ੍ਰਾਨਿਕ ਦੁਕਾਨ ਦਾ ਸ਼ਟਰ ਪੁੱਟ ਕੇ ਨਕਦੀ ਤੇ ਲੱਖਾਂ ਦਾ ਸਾਮਾਨ ਉਡਾਇਆ
Friday, Jan 26, 2018 - 05:09 AM (IST)
ਲੁਧਿਆਣਾ(ਤਰੁਣ, ਵਰਮਾ)-ਨਕਾਬਪੋਸ਼ 4 ਚੋਰਾਂ ਨੇ ਹਰਬੰਸਪੁਰਾ ਗਊਸ਼ਾਲਾ ਰੋਡ ਸਥਿਤ ਪ੍ਰੀਤ ਇਲੈਕਟ੍ਰੀਕਲਜ਼ ਨਾਮੀ ਦੁਕਾਨ ਦਾ ਸ਼ਟਰ ਪੁੱਟ ਕੇ ਲੱਖਾਂ ਦੀ ਤਾਰ ਅਤੇ ਗੱਲੇ 'ਚ ਪਈ ਨਕਦੀ ਚੋਰੀ ਕਰ ਲਈ। ਘਟਨਾ ਵੀਰਵਾਰ ਤੜਕੇ 4.30 ਵਜੇ ਦੀ ਹੈ। ਸੂਚਨਾ ਮਿਲਣ ਤੋਂ ਬਾਅਦ ਥਾਣਾ ਡਵੀਜ਼ਨ ਨੰ. 3 ਦੇ ਮੁਖੀ ਹਰਜਿੰਦਰ ਸਿੰਘ ਪੁਲਸ ਪਾਰਟੀ ਸਮੇਤ ਮੌਕੇ 'ਤੇ ਪੁੱਜੇ। ਬਾਅਦ ਦੁਪਹਿਰ ਫਿੰਗਰ ਐਕਸਪਰਟ ਅਤੇ ਡਾਗ ਸਕੂਐਡ ਦੀ ਟੀਮ ਵੀ ਮੌਕੇ 'ਤੇ ਪੁੱਜੀ। ਰਮਨਦੀਪ ਸਿੰਘ ਨੇ ਦੱਸਿਆ ਕਿ ਹਰਬੰਸਪੁਰਾ 'ਚ ਉਨ੍ਹਾਂ ਦੀ ਪ੍ਰੀਤ ਇਲੈਕਟ੍ਰੀਕਲ ਨਾਮੀ ਦੁਕਾਨ ਹੈ। ਨੇੜੇ ਹੀ ਉਸ ਦਾ ਘਰ ਹੈ। ਬੁੱਧਵਾਰ ਰਾਤ ਨੂੰ ਉਹ ਦੁਕਾਨ ਬੰਦ ਕਰ ਕੇ ਘਰ ਚਲਾ ਗਿਆ। ਵੀਰਵਾਰ ਤੜਕੇ ਪੌਣੇ 5 ਵਜੇ ਗੁਆਂਢੀ ਨੇ ਮੋਬਾਇਲ 'ਤੇ ਚੋਰੀ ਹੋਣ ਬਾਰੇ ਜਾਣਕਾਰੀ ਦਿੱਤੀ। ਗੁਆਂਢੀ ਨੇ ਦੱਸਿਆ ਕਿ 4 ਚੋਰ ਦੁਕਾਨ ਤੋਂ ਤਾਰਾਂ ਦੇ ਬੰਡਲ ਕੱਢ ਕੇ ਕਾਰ ਵਿਚ ਰੱਖ ਰਹੇ ਸਨ। ਸ਼ੱਕ ਹੋਣ 'ਤੇ ਉਸ ਨੇ ਚੋਰਾਂ ਨੂੰ ਰੋਕਣ ਦਾ ਯਤਨ ਕੀਤਾ ਪਰ ਇਕ ਚੋਰ ਨੇ ਉਸ 'ਤੇ ਇੱਟ ਨਾਲ ਹਮਲਾ ਕਰ ਦਿੱਤਾ, ਜਿਸ ਵਿਚ ਗੁਆਂਢੀ ਵਾਲ-ਵਾਲ ਬਚ ਗਿਆ। ਜਦੋਂ ਤੱਕ ਉਹ ਮੌਕੇ 'ਤੇ ਪੁੱਜਦਾ ਚੋਰ ਕਾਰ ਵਿਚ ਫਰਾਰ ਹੋ ਗਏ। ਸਾਂਭ-ਸੰਭਾਲ ਕਰਨ 'ਤੇ ਪਤਾ ਲੱਗਾ ਕਿ ਦੁਕਾਨ ਦੇ ਗੱਲੇ 'ਚ ਪਈ 42 ਹਜ਼ਾਰ ਦੀ ਨਕਦੀ ਅਤੇ ਕਰੀਬ 6 ਲੱਖ ਦੀ ਕੀਮਤ ਦੇ 270 ਤਾਰ ਦੇ ਬੰਡਲ ਚੋਰੀ ਹੋਏ ਹਨ। ਥਾਣਾ ਮੁਖੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਚੋਰਾਂ ਦੀ ਗਿਣਤੀ 4 ਹੈ। ਰਮਨਦੀਪ ਸਿੰਘ ਦੇ ਬਿਆਨ 'ਤੇ ਕੇਸ ਦਰਜ ਕਰ ਲਿਆ ਹੈ। ਸੀ. ਸੀ. ਟੀ. ਵੀ. 'ਚ ਕੈਦ ਹੋਇਆ 1 ਚੋਰ : ਚੋਰ ਇੰਡੀਗੋ ਕਾਰ ਵਿਚ ਸਵਾਰ ਹੋ ਕੇ ਆਏ ਸਨ, ਜਿਨ੍ਹਾਂ ਨੇ ਮੌਂਕੀ ਕੈਪ ਨਾਲ ਆਪਣੇ ਮੂੰਹ ਨੂੰ ਲੁਕੋ ਰੱਖਿਆ ਸੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਇਕ ਚੋਰ ਨੇ ਦੁਕਾਨ ਦੇ ਬਾਹਰ ਲੱਗੇ ਕੈਮਰੇ ਦਾ ਮੂੰਹ ਉਲਟੀ ਦਿਸ਼ਾ ਵਿਚ ਘੁਮਾ ਦਿੱਤਾ। ਦੁਕਾਨ ਦੇ ਅੰਦਰ 3 ਕੈਮਰੇ ਲੱਗੇ ਹੋਏ ਸਨ, ਜਿਨ੍ਹਾਂ ਵਿਚੋਂ ਇਕ ਕੈਮਰੇ ਬਾਰੇ ਚੋਰ ਨੂੰ ਜਾਣਕਾਰੀ ਨਹੀਂ ਸੀ, ਜਿਸ ਕਾਰਨ ਤਾਰ ਦਾ ਬੰਡਲ ਚੁੱਕ ਰਹੇ ਇਕ ਚੋਰ ਦਾ ਚਿਹਰਾ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਵਿਚ ਕੈਦ ਹੋ ਗਿਆ। ਪੁਲਸ ਨੇ ਫੁਟੇਜ ਕਬਜ਼ੇ ਵਿਚ ਲੈ ਲਈ ਹੈ।
