2 ਸ਼ੈਲਰ ਮਾਲਕਾਂ ''ਚ ਖੂਨੀ ਝੜਪ, ਪਿਉ-ਪੁੱਤ ਸਣੇ 8 ਗੰਭੀਰ ਜ਼ਖਮੀ
Saturday, Jan 20, 2018 - 07:32 AM (IST)
ਤਪਾ ਮੰਡੀ(ਸ਼ਾਮ, ਗਰਗ)-ਆਲੀਕੇ ਰੋਡ ਸਥਿਤ ਦੋ ਸ਼ੈਲਰ ਮਾਲਕਾਂ ਦੀ ਖੂਨੀ ਝੜਪ 'ਚ ਪਿਉ-ਪੁੱਤ ਸਮੇਤ 5 ਦੇ ਗੰਭੀਰ ਜ਼ਖਮੀ ਹੋਣ ਦੀ ਜਾਣਕਾਰੀ ਮਿਲੀ ਹੈ। ਪਤਾ ਲੱਗਾ ਹੈ ਕਿ ਨੀਲਕੰਠ ਸ਼ੈਲਰ ਮਾਲਕ ਨੇ ਆਪਣੇ ਸ਼ੈਲਰ 'ਚ ਇਕ ਨਵਾਂ ਸੋਲਵੈਕਸ ਪਲਾਂਟ ਲਾਇਆ ਸੀ ਤਾਂ ਐੱਸ. ਐੱਮ. ਏ. ਸ਼ੈਲਰ ਦਾ ਮਾਲਕ ਉਸ ਨੂੰ ਦੇਖਣ ਲਈ ਸ਼ੈਲਰ 'ਚ ਚਲਾ ਗਿਆ ਪਰ ਕਿਸੇ ਗੱਲ ਨੂੰ ਲੈ ਕੇ ਦੋਵਾਂ ਧਿਰਾਂ 'ਚ ਮਾਮੂਲੀ ਤਕਰਾਰਬਾਜ਼ੀ ਹੋ ਗਈ ਤੇ ਦੋਵਾਂ ਧਿਰਾਂ ਦੇ ਵਿਅਕਤੀਆਂ ਨੇ ਇਕ-ਦੂਜੇ 'ਤੇ ਲਾਠੀਆਂ ਅਤੇ ਹੋਰ ਹਥਿਆਰਾਂ ਨਾਲ ਵਾਰ ਕਰ ਦਿੱਤੇ, ਜਿਸ 'ਚ ਸੁਸ਼ੀਲ ਕੁਮਾਰ ਪੁੱਤਰ ਪ੍ਰਕਾਸ਼ ਚੰਦ ਅਤੇ ਉਸ ਦਾ ਪੁੱਤਰ ਮੋਹਿਤ ਕੁਮਾਰ ਤੇ ਸੰਦੀਪ ਕੁਮਾਰ ਬਾਂਸਲ ਪੁੱਤਰ ਰਮੇਸ਼ ਕੁਮਾਰ, ਗਗਨ ਬਾਂਸਲ ਪੁੱਤਰ ਸੁਰਿੰਦਰ ਕੁਮਾਰ, ਪੰਕਜ ਕੁਮਾਰ ਪੁੱਤਰ ਘਣਸ਼ਿਆਮ ਦਾਸ ਬਾਂਸਲ ਜੋ ਆਪਸ 'ਚ ਚਚੇਰੇ ਭਰਾ ਹਨ, ਸੱਟਾਂ ਲੱਗਣ ਕਾਰਨ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਸਰਕਾਰੀ ਹਸਪਤਾਲ ਤਪਾ 'ਚ ਦਾਖਲ ਕਰਵਾਇਆ ਗਿਆ। ਮੌਕੇ 'ਤੇ ਹਾਜ਼ਰ ਡਾਕਟਰਾਂ ਨੇ ਮੋਹਿਤ ਕੁਮਾਰ ਤੇ ਸੰਦੀਪ ਕੁਮਾਰ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਡੀ. ਐੱਮ. ਸੀ. ਲੁਧਿਆਣਾ ਵਿਖੇ ਰੈਫਰ ਕਰ ਦਿੱਤਾ ਗਿਆ ਹੈ। ਘਟਨਾ ਦਾ ਪਤਾ ਲੱਗਦੇ ਹੀ ਥਾਣਾ ਮੁਖੀ ਸੁਰਿੰਦਰ ਸਿੰਘ ਦੀ ਅਗਵਾਈ 'ਚ ਗੁਰਸੇਵਕ ਸਿੰਘ ਸਹਾਇਕ ਥਾਣੇਦਾਰ, ਹੌਲਦਾਰ ਲਾਭ ਸਿੰਘ ਨਾਲ ਪੁੱਜੀ ਪੁਲਸ ਪਾਰਟੀ ਨੇ ਐਮਰਜੈਂਸੀ ਵਾਰਡ 'ਚ ਖੜ੍ਹੇ ਸਾਰੇ ਵਿਅਕਤੀਆਂ ਨੂੰ ਬਾਹਰ ਜਾਣ ਲਈ ਕਿਹਾ ਅਤੇ ਸ਼ਾਂਤੀ ਦੀ ਅਪੀਲ ਕੀਤੀ। ਮੌਕੇ 'ਤੇ ਪੁੱਜੇ ਵੱਡੀ ਗਿਣਤੀ 'ਚ ਸ਼ੈਲਰ ਮਾਲਕਾਂ ਅਤੇ ਪਤਵੰਤਿਆਂ ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਸੰਜੀਵ ਕੁਮਾਰ ਟਾਂਡਾ ਅਤੇ ਨਗਰ ਕੌਂਸਲ ਦੇ ਪ੍ਰਧਾਨ ਅਸ਼ਵਨੀ ਕੁਮਾਰ ਭੂਤ ਦਾ ਕਹਿਣਾ ਹੈ ਕਿ ਉਹ ਦੋਵਾਂ ਧਿਰਾਂ ਨੂੰ ਸਮਝਾਉਣ 'ਚ ਲੱਗੇ ਹੋਏ ਹਨ। ਜਾਂਚ ਅਧਿਕਾਰੀ ਗੁਰਸੇਵਕ ਸਿੰਘ ਦਾ ਕਹਿਣਾ ਹੈ ਕਿ ਦੋਵਾਂ ਧਿਰਾਂ ਦੇ ਬਿਆਨ ਕਲਮਬੰਦ ਕਰਨ ਉਪਰੰਤ ਹੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।
