ਪੇਸ਼ੀ ਭੁਗਤਣ ਆਏ ਪਤੀ ਨੂੰ ਭਜਾ ਕੇ ਲਿਜਾਣ ਦਾ ਯਤਨ

Saturday, Jan 13, 2018 - 06:34 AM (IST)

ਲੁਧਿਆਣਾ(ਰਿਸ਼ੀ)-ਲੁੱਟ-ਖੋਹ ਦੇ ਕੇਸ 'ਚ ਕੇਂਦਰੀ ਜੇਲ ਵਿਚ ਸਜ਼ਾ ਕੱਟ ਰਹੇ ਦੋਸ਼ੀ ਨੂੰ ਵੀਰਵਾਰ ਨੂੰ ਪੇਸ਼ੀ 'ਤੇ ਕਚਹਿਰੀ ਕੰਪਲੈਕਸ ਲਿਆਂਦਾ ਗਿਆ, ਜਿੱਥੋਂ ਪਤਨੀ ਨੇ ਭਜਾ ਕੇ ਲਿਜਾਣ ਦਾ ਯਤਨ ਕੀਤਾ ਪਰ ਸਮੇਂ ਸਿਰ ਪੁਲਸ ਨੇ ਦੋਵਾਂ ਨੂੰ ਦਬੋਚ ਲਿਆ। ਦੋਵਾਂ ਖਿਲਾਫ ਥਾਣਾ ਡਵੀਜ਼ਨ ਨੰ. 5 ਵਿਚ ਸਰਕਾਰੀ ਡਿਊਟੀ ਵਿਚ ਵਿਘਨ ਪਾਉਣ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਪਰਚਾ ਦਰਜ ਕੀਤਾ ਗਿਆ ਹੈ। ਥਾਣਾ ਮੁਖੀ ਇੰਸ. ਜਤਿੰਦਰ ਸਿੰਘ ਨੇ ਦੱਸਿਆ ਕਿ ਫੜੇ ਗਏ ਦੋਸ਼ੀਆਂ ਦੀ ਪਛਾਣ ਹਵਾਲਾਤੀ ਅਮਨਪ੍ਰੀਤ ਸਿੰਘ ਅਤੇ ਉਸ ਦੀ ਪਤਨੀ ਅਰਚਨਾ ਨਿਵਾਸੀ ਜਨਤਾ ਨਗਰ, ਸ਼ਿਮਲਾਪੁਰੀ ਵਜੋਂ ਹੋਈ ਹੈ। ਅਮਨਪ੍ਰੀਤ ਖਿਲਾਫ 5 ਜਨਵਰੀ 2015 ਨੂੰ ਥਾਣਾ ਮਾਡਲ ਟਾਊਨ ਵਿਚ ਲੁੱਟ ਦਾ ਪਰਚਾ ਦਰਜ ਹੋਇਆ ਸੀ, ਜਿਸ ਦੇ ਤਹਿਤ ਕੇਂਦਰੀ ਜੇਲ ਵਿਚ ਸਜ਼ਾ ਕੱਟ ਰਿਹਾ ਸੀ। ਪੁਲਸ ਮੁਲਾਜ਼ਮ ਦਯਾ ਸਿੰਘ ਨੇ ਦੱਸਿਆ ਕਿ ਵੀਰਵਾਰ ਨੂੰ ਉਸ ਨੂੰ ਪੇਸ਼ੀ 'ਤੇ ਲਿਆਂਦਾ ਗਿਆ ਸੀ। ਦੁਪਹਿਰ 3.45 ਵਜੇ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ। ਬਾਹਰ ਆ ਕੇ ਉਸ ਨੂੰ ਜਦੋਂ ਹੱਥਕੜੀ ਲਾਉਣ ਲੱਗਾ ਤਾਂ ਕੋਲ ਖੜ੍ਹੀ ਉਸ ਦੀ ਪਤਨੀ ਨੇ ਉਸ ਨੂੰ ਭਜਾ ਕੇ ਲਿਜਾਣ ਦਾ ਯਤਨ ਕੀਤਾ ਪਰ ਕਚਹਿਰੀ ਕੰਪਲੈਕਸ ਵਿਚ ਮੌਜੂਦ ਹੋਰਨਾਂ ਪੁਲਸ ਮੁਲਾਜ਼ਮਾਂ ਦੀ ਮਦਦ ਨਾਲ ਕੁੱਝ ਹੀ ਦੂਰੀ 'ਤੇ ਉਨ੍ਹਾਂ ਨੂੰ ਫੜ ਲਿਆ ਗਿਆ, ਜਿਸ ਤੋਂ ਬਾਅਦ ਦੋਵਾਂ ਖਿਲਾਫ ਪਰਚਾ ਦਰਜ ਕੀਤਾ ਗਿਆ।


Related News