''ਪਲਾਸਟਿਕ ਡੋਰ ਨਾਲ ਪਤੰਗ ਉਡਾਉਣ ਵਾਲਿਆਂ ''ਤੇ ਵੀ ਹੋਣ ਸਖ਼ਤ ਧਾਰਾਵਾਂ ਤਹਿਤ ਪਰਚੇ ਦਰਜ''

01/12/2018 5:44:42 AM

ਲੁਧਿਆਣਾ(ਵਿਪਨ)-ਪਸ਼ੂ-ਪੰਛੀਆਂ ਅਤੇ ਇਨਸਾਨਾਂ ਲਈ ਮਾਰੂ ਸਾਬਤ ਹੋਣ ਵਾਲੀ ਪਲਾਸਟਿਕ ਡੋਰ ਵੇਚਣ ਵਾਲਿਆਂ ਦੇ ਨਾਲ-ਨਾਲ ਇਸ ਨਾਲ ਪਤੰਗਬਾਜ਼ੀ ਕਰਨ ਵਾਲਿਆਂ 'ਤੇ ਵੀ ਸਖ਼ਤ ਧਾਰਾਵਾਂ ਤਹਿਤ ਕੇਸ ਦਰਜ ਕੀਤੇ ਜਾਣ ਦੀ ਮੰਗ ਸ਼ਿਵ ਸੈਨਾ ਹਿੰਦ ਦੇ ਅਹੁਦੇਦਾਰਾਂ ਨੇ ਕੀਤੀ ਹੈ। ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਪੰਜਾਬ ਪ੍ਰਧਾਨ ਸੌਰਭ ਅਰੋੜਾ ਅਤੇ ਯੂਥ ਇਕਾਈ ਦੇ ਚੇਅਰਮੈਨ ਸੰਦੀਪ ਵਰਮਾ ਨੇ ਦੱਸਿਆ ਕਿ ਪੁਲਸ ਜਿਥੇ ਪਲਾਸਟਿਕ ਦੀ ਮਾਰੂ ਡੋਰ ਵੇਚਣ ਵਾਲੇ ਦੁਕਾਨਦਾਰਾਂ ਅਤੇ ਗੋਦਾਮ ਮਾਲਕਾਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕਰ ਰਹੀ ਹੈ, ਉਥੇ ਇਸ ਨਾਲ ਪਤੰਗ ਉਡਾ ਕੇ ਲੋਕਾਂ ਦੀ ਜਾਨ ਨੂੰ ਖਤਰੇ ਵਿਚ ਪਾਉਣ ਵਾਲੇ ਲੋਕਾਂ ਨੂੰ ਵੀ ਕਾਬੂ ਕਰ ਕੇ ਉਨ੍ਹਾਂ 'ਤੇ ਕਤਲ ਦੇ ਯਤਨ ਦੀ ਧਾਰਾ 307 ਤਹਿਤ ਪਰਚੇ ਦਰਜ ਕੀਤੇ ਜਾਣ। ਉਨ੍ਹਾਂ ਕਿਹਾ ਕਿ ਉਹ ਪੁਲਸ ਕਮਿਸ਼ਨਰ ਆਰ. ਐੱਨ. ਢੋਕੇ ਨੂੰ ਮਿਲ ਕੇ ਮੰਗ ਕਰਨਗੇ ਕਿ ਲੋਹੜੀ, ਮਾਘ ਦੀ ਸੰਗਰਾਂਦ, ਗਣਤੰਤਰ ਦਿਵਸ, ਬਸੰਤ ਪੰਚਮੀ ਵਾਲੇ ਦਿਨਾਂ ਵਿਚ ਨਗਰ ਵਿਚ ਪੀ. ਸੀ. ਆਰ. ਦਸਤਿਆਂ ਅਤੇ ਥਾਣਿਆਂ ਦੀ ਪੁਲਸ ਨੂੰ ਵਿਸ਼ੇਸ਼ ਚੌਕਸੀ ਵਰਤਣ ਦੀ ਹਦਾਇਤ ਦੇ ਕੇ ਪਲਾਸਟਿਕ ਵਾਲੀ ਮਾਰੂ ਡੋਰ ਨਾਲ ਪਤੰਗ ਉਡਾਉਣ ਵਾਲੇ ਲੋਕਾਂ ਨੂੰ ਕਾਬੂ ਕਰ ਕੇ ਕੇਸ ਦਰਜ ਕਰਨ ਦੇ ਹੁਕਮ ਜਾਰੀ ਕੀਤੇ ਜਾਣ ।


Related News