ਪੇਸ਼ੀ ''ਤੇ ਆਏ ਹਵਾਲਾਤੀਆਂ ਨੂੰ ਪਰਿਵਾਰ ਵਾਲੇ ਫੜਾਉਂਦੇ ਰਹੇ ਪੈਸੇ ਤੇ ਸਾਮਾਨ
Friday, Dec 22, 2017 - 06:13 AM (IST)
ਪੁਲਸ ਗਾਰਦ ਬਣੀ ਰਹੀ ਮੂਕ-ਦਰਸ਼ਕ
ਲੁਧਿਆਣਾ(ਸਿਆਲ)-ਜੇਲ ਤੋਂ ਪੇਸ਼ੀ ਭੁਗਤਣ ਜਾਣ ਵਾਲੇ ਕੈਦੀਆਂ ਤੇ ਹਵਾਲਾਤੀਆਂ ਨਾਲ ਮੌਜੂਦ ਪੁਲਸ ਗਾਰਦ ਆਪਣੀ ਜ਼ਿੰਮੇਵਾਰੀ ਪ੍ਰਤੀ ਕਿੰਨੀ ਗੰਭੀਰ ਹੈ, ਇਸ ਦੀ ਅੱਜ ਪ੍ਰਤੱਖ ਉਦਾਹਰਣ ਉਸ ਸਮੇਂ ਮਿਲੀ ਜਦੋਂ ਕੋਰਟ ਕੰਪਲੈਕਸ ਦੇ ਬਾਹਰ ਖੜ੍ਹੇ ਸੁਰੱਖਿਆ ਘੇਰੇ ਵਿਚ ਬੱਸ 'ਚ ਬੈਠੇ ਹਵਾਲਾਤੀਆਂ ਨੂੰ ਉਨ੍ਹਾਂ ਦੇ ਪਰਿਵਾਰ ਵਾਲੇ ਪੈਸੇ ਤੇ ਹੋਰ ਸ਼ੱਕੀ ਸਾਮਾਨ ਫੜਾਉਂਦੇ ਦਿਖਾਈ ਦਿੱਤੇ। ਇਸ ਵਾਕਿਆ ਨੂੰ 'ਜਗ ਬਾਣੀ' ਟੀਮ ਨੇ ਕੈਮਰੇ 'ਚ ਕੈਦ ਕਰ ਲਿਆ। ਹਰ ਰੋਜ਼ ਦੀ ਰੁਟੀਨ ਅਨੁਸਾਰ ਵੀਰਵਾਰ ਨੂੰ ਵੀ ਜੇਲ ਪ੍ਰਸ਼ਾਸਨ ਵਲੋਂ ਪੁਲਸ ਗਾਰਦ ਦੀ ਗੱਡੀ ਵਿਚ ਵੱਖ-ਵੱਖ ਮਾਮਲਿਆਂ ਤਹਿਤ ਕੋਰਟ 'ਚ ਪੇਸ਼ੀ ਲਈ ਹਵਾਲਾਤੀਆਂ ਨੂੰ ਭੇਜਿਆ ਗਿਆ। 'ਜਗ ਬਾਣੀ' ਟੀਮ ਨੂੰ ਸੂਚਨਾ ਮਿਲੀ ਸੀ ਕਿ ਉਕਤ ਹਵਾਲਾਤੀਆਂ ਦੇ ਪਰਿਵਾਰ ਵਾਲੇ ਨਿਯਮਾਂ ਦੇ ਉਲਟ ਕੋਰਟ ਕੰਪਲੈਕਸ ਦੇ ਬਾਹਰ ਮਿਲਣ ਦੇ ਇੰਤਜ਼ਾਰ ਵਿਚ ਬੈਠੇ ਹਨ, ਜਿਸ 'ਤੇ ਟੀਮ ਉਥੇ ਪਹੁੰਚ ਗਈ। ਦੁਪਹਿਰ ਦੇ ਸਮੇਂ ਜਿਉਂ ਹੀ ਉਕਤ ਗੱਡੀ ਕੋਰਟ ਦੇ ਬਾਹਰ ਪਹੁੰਚੀ ਤਾਂ ਪਰਿਵਾਰ ਵਾਲਿਆਂ ਦੀ ਭੀੜ ਅੱਗੇ-ਪਿੱਛੇ ਇਕੱਠੀ ਹੋ ਗਈ, ਜਿਨ੍ਹਾਂ ਨੇ ਗੱਡੀ ਵਿਚ ਸਵਾਰ ਕੈਦੀਆਂ ਨੂੰ ਪੈਸੇ, ਖਾਣ-ਪੀਣ ਦੀ ਸਮੱਗਰੀ ਸਮੇਤ ਹੋਰ ਸ਼ੱਕੀ ਸਾਮਾਨ ਫੜਾਉਣਾ ਸ਼ੁਰੂ ਕਰ ਦਿੱਤਾ। ਹੈਰਾਨੀ ਤਾਂ ਉਦੋਂ ਹੋਈ, ਜਦੋਂ ਉਕਤ ਕੈਦੀਆਂ ਦੀ ਸੁਰੱਖਿਆ ਵਿਚ ਤਾਇਨਾਤ ਪੁਲਸ ਗਾਰਦ ਮੂਕ-ਦਰਸ਼ਕ ਬਣੀ ਰਹੀ।
ਕਈ ਵਾਰਦਾਤਾਂ ਦੇ ਬਾਵਜੂਦ ਨਹੀਂ ਲਿਆ ਸਬਕ
ਦੱਸ ਦੇਈਏ ਕਿ ਕੋਰਟ ਕੰਪਲੈਕਸ 'ਚ ਜੇਲ ਤੋਂ ਪੇਸ਼ੀ ਭੁਗਤਣ ਆਏ ਕਈ ਕੈਦੀ ਤੇ ਹਵਾਲਾਤੀਆਂ ਸਮੇਤ ਖਤਰਨਾਕ ਕਿਸਮ ਦੇ ਹਵਾਲਾਤੀਆਂ ਦੇ ਭੱਜਣ ਦੀਆਂ ਘਟਨਾਵਾਂ ਹੋ ਚੁੱਕੀਆਂ ਹਨ ਪਰ ਫਿਰ ਵੀ ਸੁਰੱਖਿਆ ਵਿਵਸਥਾ 'ਚ ਢਿੱਲ ਵਰਤਣਾ ਸਮਝ ਤੋਂ ਬਾਹਰ ਹੈ। ਬੀਤੇ ਦਿਨੀਂ ਹੀ ਇਕ ਹਵਾਲਾਤੀ ਮੌਕਾ ਪਾ ਕੇ ਫਰਾਰ ਹੋ ਗਿਆ ਸੀ।
ਬਿਨਾਂ ਹੱਥਕੜੀ ਲਿਜਾ ਰਹੇ ਸਨ ਹਵਾਲਾਤੀ ਨੂੰ
ਅੱਜ ਇਕ ਸਭ ਤੋਂ ਹੈਰਾਨ ਕਰ ਦੇਣ ਵਾਲਾ ਵਾਕਿਆ ਸਾਹਮਣੇ ਆਇਆ, ਜਿਸ 'ਚ ਪੁਲਸ ਕਰਮਚਾਰੀ ਇਕ ਹਵਾਲਾਤੀ ਨੂੰ ਬਿਨਾਂ ਹੱਥਕੜੀ ਲਾਈ ਕੋਰਟ ਕੰਪਲੈਕਸ ਦੇ ਬਾਹਰ ਲਿਜਾਂਦੇ ਦਿਖਾਈ ਦਿੱਤੇ। ਸੁਰੱਖਿਆ ਦੇ ਲਿਹਾਜ਼ ਨਾਲ ਇਹ ਸਭ ਤੋਂ ਵੱਡੀ ਭੁੱਲ ਸੀ ਕਿਉਂਕਿ ਖਤਰਨਾਕ ਕਿਸਮ ਦੇ ਕੈਦੀਆਂ-ਹਵਾਲਾਤੀਆਂ ਨੂੰ ਭੱਜਣ ਦਾ ਮੌਕਾ ਮਿਲ ਜਾਂਦਾ ਹੈ।
ਬਖਸ਼ੀਖਾਨੇ ਤੋਂ ਵੀ ਦੂਰ ਰਹਿਣ ਪਰਿਵਾਰ ਵਾਲੇ
ਐਡਵੋਕੇਟ ਗਗਨਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਪੇਸ਼ੀ 'ਤੇ ਲਿਆਉਣ ਵਾਲੇ ਹਵਾਲਾਤੀਆਂ ਦੇ ਬਖਸ਼ੀਖਾਨੇ ਤੋਂ ਮਿਲਣ ਵਾਲੇ ਲੋਕਾਂ ਨੂੰ ਕਾਫੀ ਦੂਰ ਰੱਖਣਾ ਚਾਹੀਦਾ ਹੈ ਕਿਉਂਕਿ ਇਨ੍ਹਾਂ ਦੇ ਨੇੜੇ ਆਉਣ ਨਾਲ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਪੈਦਾ ਹੋ ਜਾਂਦੀਆਂ ਹਨ। ਕਈ ਵਾਰ ਖਤਰਨਾਕ ਕਿਸਮ ਦੇ ਹਵਾਲਾਤੀ ਭੜਕ ਜਾਂਦੇ ਹਨ, ਜਿਨ੍ਹਾਂ ਨੂੰ ਸੰਭਾਲਣਾ ਪੁਲਸ ਗਾਰਦ ਲਈ ਮੁਸ਼ਕਲ ਹੋ ਜਾਂਦਾ ਹੈ।
ਕੀ ਕਹਿੰਦੇ ਹਨ ਏ. ਡੀ. ਸੀ. ਪੀ.?
ਗੱਲ ਕਰਨ 'ਤੇ ਏ. ਡੀ. ਸੀ. ਪੀ. ਹੈੱਡਕੁਆਰਟਰ ਸੰਦੀਪ ਗਰਗ ਨੇ ਉਕਤ ਮਾਮਲੇ ਸਬੰੰਧੀ ਜਾਣਕਾਰੀ ਨਾ ਹੋਣ ਬਾਰੇ ਕਿਹਾ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਕੋਈ ਮਾਮਲਾ ਉਨ੍ਹਾਂ ਦੇ ਧਿਆਨ 'ਚ ਆਉਂਦਾ ਹੈ ਤਾਂ ਡਿਊਟੀ ਦੇਣ ਵਾਲੇ ਸਬੰਧਤ ਕਰਮਚਾਰੀਆਂ ਖਿਲਾਫ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਪੁਲਸ ਗਾਰਦ ਦੀ ਹੁੰਦੀ ਹੈ ਪੂਰੀ ਜ਼ਿੰਮੇਵਾਰੀ
ਸੈਂਟਰਲ ਜੇਲ ਦੇ ਵਧੀਕ ਜੇਲ ਸੁਪਰਡੈਂਟ ਅਮਰੀਕ ਸਿੰਘ ਮਾਂਗਟ ਨੇ ਗੱਲ ਕਰਨ 'ਤੇ ਕਿਹਾ ਕਿ ਪੇਸ਼ੀ 'ਤੇ ਜਾਣ ਤੋਂ ਲੈ ਕੇ ਵਾਪਸ ਜੇਲ ਪਹੁੰਚਣ ਤੱਕ ਕੈਦੀਆਂ ਤੇ ਹਵਾਲਾਤੀਆਂ ਦੀ ਸੁਰੱਖਿਆ ਸਮੇਤ ਹੋਰਨਾਂ ਗਤੀਵਿਧੀਆਂ 'ਤੇ ਨਜ਼ਰ ਰੱਖਣ ਦੀ ਜ਼ਿੰਮੇਵਾਰੀ ਪੁਲਸ ਗਾਰਦ ਦੀ ਹੁੰਦੀ ਹੈ।
