ਥਾਣੇਦਾਰ ''ਤੇ ਇਕ ਵਿਅਕਤੀ ਨੇ ਨਾਜਾਇਜ਼ ਕਬਜ਼ਾ ਕਰਨ ਦੇ ਲਾਏ ਦੋਸ਼

Thursday, Nov 30, 2017 - 07:18 AM (IST)

ਥਾਣੇਦਾਰ ''ਤੇ ਇਕ ਵਿਅਕਤੀ ਨੇ ਨਾਜਾਇਜ਼ ਕਬਜ਼ਾ ਕਰਨ ਦੇ ਲਾਏ ਦੋਸ਼

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ)-ਇਕ ਨੌਜਵਾਨ ਵੱਲੋਂ ਪ੍ਰੈੱਸ ਕਾਨਫਰੰਸ ਕਰ ਕੇ ਇਕ ਥਾਣੇਦਾਰ 'ਤੇ ਆਪਣੀ ਪਤਨੀ ਦੇ ਨਾਂ 'ਤੇ ਫਰਜ਼ੀ ਰਜਿਸਟਰੀ ਕਰਵਾ ਕੇ ਇਕ ਪਲਾਟ 'ਤੇ ਕਬਜ਼ਾ ਕਰਨ ਦਾ ਕਥਿਤ ਤੌਰ 'ਤੇ ਦੋਸ਼ ਲਾਇਆ ਹੈ। ਇਸ ਸਬੰਧੀ ਉਸ ਨੇ ਐੱਸ. ਐੱਸ. ਪੀ. ਬਰਨਾਲਾ, ਡੀ. ਸੀ. ਬਰਨਾਲਾ, ਮਾਨਵ ਅਧਿਕਾਰ ਆਯੋਗ, ਮਾਣਯੋਗ ਹਾਈ ਕੋਰਟ ਅਤੇ ਪੁਲਸ ਦੇ ਉਚ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤ ਦਰਜ ਕਰਵਾਈ ਹੈ। ਉਕਤ ਨੌਜਵਾਨ ਨੇ ਦੋਸ਼ ਲਾਇਆ ਕਿ ਉਕਤ ਥਾਣੇਦਾਰ ਵੱਲੋਂ ਮੈਨੂੰ ਮਾਰਨ ਦੀ ਧਮਕੀ ਦਿੱਤੀ ਜਾ ਰਹੀ ਹੈ। ਮੇਰੇ ਵੱਲੋਂ ਸ਼ਿਕਾਇਤ ਕੀਤੀ ਨੂੰ ਦੋ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ। ਇਕ ਹੋਟਲ 'ਚ ਪ੍ਰੈੱਸ ਕਾਨਫਰੰਸ ਕਰਦਿਆਂ ਅਮਨਦੀਪ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਕਚਹਿਰੀ ਚੌਕ ਬਰਨਾਲਾ ਨੇ ਜ਼ਿਲਾ ਬਰਨਾਲਾ 'ਚ ਤਾਇਨਾਤ ਏ. ਐੱਸ. ਆਈ. 'ਤੇ ਦੋਸ਼ ਲਾਇਆ ਕਿ ਉਸ ਨੇ 24 ਨਵੰਬਰ 2016 ਨੂੰ ਇਕ ਫਰਜ਼ੀ ਬੇਨਾਮਾ 3747 ਹਰਬੰਸ ਕੌਰ ਪਤਨੀ ਸਵ. ਲੱਧਾ ਸਿੰਘ ਤੋਂ ਆਪਣੀ ਪਤਨੀ ਦੇ ਨਾਂ 'ਤੇ ਤਸਦੀਕ ਕਰਵਾ ਲਈ। ਉਸ ਸਮੇਂ ਉਹ ਥਾਣਾ ਸਦਰ 'ਚ ਤਾਇਨਾਤ ਸੀ। ਉਸ ਨੇ ਰਜਿਸਟਰੀ ਕਿਸੇ ਹੋਰ ਜਗ੍ਹਾ ਦੀ ਕਰਵਾਈ ਹੈ, ਜਦੋਂਕਿ ਉਹ ਕਬਜ਼ਾ ਕਿਸੇ ਹੋਰ ਜਗ੍ਹਾ 'ਤੇ ਕਰ ਰਿਹਾ ਹੈ ਜੋ ਕਿ ਸਾਡੇ ਘਰ ਦੇ ਪਿੱਛੇ ਹੈ। ਜਦੋਂ ਮੈਂ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਉਸ ਨੇ ਮੈਨੂੰ ਗੋਲੀ ਮਾਰ ਕੇ ਮਾਰਨ ਦੀ ਧਮਕੀ ਵੀ ਦਿੱਤੀ ਅਤੇ ਕਿਹਾ ਕਿ ਮੈਂ ਤੇਰੇ 'ਤੇ ਨਾਜਾਇਜ਼ ਕੇਸ ਪੁਆ ਦੇਵਾਂਗਾ। ਉਨ੍ਹਾਂ ਕਿਹਾ ਕਿ ਜੇਕਰ ਥਾਣੇਦਾਰ ਖਿਲਾਫ ਜ਼ਿਲਾ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਮੈਂ ਸਖਤ ਕਦਮ ਚੁੱਕਣ ਲਈ ਮਜਬੂਰ ਹੋਵਾਂਗਾ। ਮੇਰੇ ਵੱਲੋਂ ਕਰਵਾਈ ਗਈ ਰਜਿਸਟਰੀ ਕਾਨੂੰਨ ਅਨੁਸਾਰ ਥਾਣੇਦਾਰ ਨੇ ਕਿਹਾ ਕਿ ਮੈਂ ਕਾਨੂੰਨ ਅਨੁਸਾਰ ਆਪਣੀ ਪਤਨੀ ਦੇ ਨਾਂ 'ਤੇ ਰਜਿਸਟਰੀ ਕਰਵਾਈ ਹੈ। ਜਗ੍ਹਾ ਖਰੀਦਣ ਦੇ ਮੈਂ ਪੈਸੇ ਅਦਾ ਕੀਤੇ ਹਨ। ਜਿਸ ਜਗ੍ਹਾ 'ਤੇ ਜਗ੍ਹਾ ਵੇਚਣ ਵਾਲੇ ਨੇ ਕਬਜ਼ਾ ਕਰਵਾਇਆ ਮੈਂ ਉਸੇ ਜਗ੍ਹਾ 'ਤੇ ਕਬਜ਼ਾ ਕਰ ਰਿਹਾ ਸੀ। ਮੇਰੀ ਇਸ ਵਿਅਕਤੀ ਵੱਲੋਂ ਜਾਣਬੁੱਝ ਕੇ ਬਦਨਾਮੀ ਕੀਤੀ ਜਾ ਰਹੀ ਹੈ ਅਤੇ ਇਸ ਵਿਅਕਤੀ ਵੱਲੋਂ ਮੈਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਇਸ ਬਾਬਤ ਮੈਂ ਕਾਨੂੰਨ ਦਾ ਸਹਾਰਾ ਵੀ ਲਵਾਂਗਾ। 
 


Related News