2 ਔਰਤਾਂ ਵੱਲੋਂ ਸੁਨਿਆਰੇ ਦੀ ਦੁਕਾਨ ''ਚੋਂ ਟਾਪਸਾਂ ਦੀ ਡੱਬੀ ਚੋਰੀ
Saturday, Oct 21, 2017 - 04:05 AM (IST)
ਜਗਰਾਓਂ(ਸ਼ੇਤਰਾ)-ਇਥੇ ਮੇਨ ਬਾਜ਼ਾਰ 'ਚ ਨਲਕਿਆਂ ਵਾਲੇ ਚੌਕ ਨੇੜਲੇ ਸਥਿਤ ਇਕ ਸੁਨਿਆਰੇ ਦੀ ਦੁਕਾਨ 'ਚੋਂ 2 ਸ਼ਾਤਿਰ ਔਰਤਾਂ ਵੱਲੋਂ ਬੜੀ ਚਲਾਕੀ ਨਾਲ ਗਹਿਣੇ ਦੇ ਬਹਾਨੇ ਟਾਪਸਾਂ ਦੀ ਇਕ ਡੱਬੀ ਚੋਰੀ ਕਰ ਲਈ। ਇਸ ਦਾ ਪਤਾ ਸ਼ਾਮ ਨੂੰ ਉਸ ਸਮੇਂ ਲੱਗਾ ਜਦੋਂ ਦੁਕਾਨ ਮਾਲਕ ਗਹਿਣਿਆਂ ਵਾਲੇ ਡੱਬੇ ਸੰਭਾਲ ਕੇ ਥਾਂ ਸਿਰ ਟਿਕਾ ਰਿਹਾ ਸੀ। ਇਸ ਦੌਰਾਨ ਟਾਪਸਾਂ ਦੀ ਇਕ ਡੱਬੀ ਘੱਟ ਨਜ਼ਰ ਆਈ। ਦੁਕਾਨ 'ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਦੇਖਣ ਤੋਂ ਬਾਅਦ 2 ਸ਼ੱਕੀ ਔਰਤਾਂ ਨਜ਼ਰ ਆਈਆਂ, ਜਿਨ੍ਹਾਂ ਸਬੰਧੀ ਸਮੇਤ ਇਸ ਫੁਟੇਜ ਦੇ ਪੁਲਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ। ਪਰਮਜੀਤ ਸਿੰਘ ਨੇ ਦੱਸਿਆ ਕਿ ਦੁਕਾਨ 'ਤੇ ਦੀਵਾਲੀ ਤੋਂ ਇਕ ਦਿਨ ਪਹਿਲਾਂ ਟਾਪਸਾਂ ਦੀ ਇਹ ਡੱਬੀ ਚੋਰੀ ਹੋਈ। ਉਨ੍ਹਾਂ ਦੱਸਿਆ ਕਿ ਡੱਬੀ 'ਚ 9 ਜੋੜੇ ਟਾਪਸ ਸੀ, ਜਿਨ੍ਹਾਂ ਦਾ ਵਜ਼ਨ ਕਰੀਬ ਸਾਢੇ 5 ਤੋਲੇ ਬਣਦਾ ਸੀ। ਉਨ੍ਹਾਂ ਦੱਸਿਆ ਕਿ ਟਾਪਸਾਂ ਵਾਲਾ ਇਕ ਬਾਕਸ ਘੱਟ ਨਿਕਲਣ 'ਤੇ ਉਨ੍ਹਾਂ ਆਪਣੀ ਦੁਕਾਨ 'ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਦੇਖਣ ਤੋਂ ਇਲਾਵਾ ਬਾਜ਼ਾਰ ਵਿਚਲੇ ਹੋਰਨਾਂ ਕੈਮਰਿਆਂ ਦੀ ਫੁਟੇਜ ਵੀ ਦੇਖੀ। ਇਸ 'ਚ ਉਨ੍ਹਾਂ ਨੂੰ 2 ਸ਼ੱਕੀ ਔਰਤਾਂ ਨਜ਼ਰ ਆਈਆਂ, ਜੋ ਉਸ ਦਿਨ ਦੁਕਾਨ ਅੰਦਰ ਟਾਪਸ ਦੇਖ ਰਹੀਆਂ ਸਨ। ਪਹਿਰਾਵੇ ਆਦਿ ਤੋਂ ਦੇਖਣ ਨੂੰ ਔਰਤਾਂ ਚੰਗੇ ਘਰਾਂ ਦੀਆਂ ਨਜ਼ਰ ਆਉਂਦੀਆਂ ਸਨ। ਪਰਮਜੀਤ ਸਿੰਘ ਅਨੁਸਾਰ ਸੀ. ਸੀ. ਟੀ. ਵੀ. ਫੁਟੇਜ ਤੋਂ ਟਾਪਸ ਇਨ੍ਹਾਂ ਔਰਤਾਂ ਵੱਲੋਂ ਚੋਰੀ ਕਰਨ ਦੀ ਗੱਲ ਸਾਹਮਣੇ ਆਈ ਤੇ ਇਸ ਸਬੰਧੀ ਥਾਣਾ ਸਿਟੀ 'ਚ ਪੁਲਸ ਨੂੰ ਸੂਚਨਾ ਦੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਪੁਲਸ ਨੇ ਦੀਵਾਲੀ ਵਾਲਾ ਦਿਨ ਹੋਣ ਕਰਕੇ ਅਗਲੇ ਦਿਨਾਂ 'ਚ ਬਣਦੀ ਕਾਰਵਾਈ ਦੀ ਗੱਲ ਆਖੀ ਹੈ।
