ਪਤੀ ਨੇ ਪਤਨੀ ''ਤੇ ਤੇਜ਼ਧਾਰ ਹਥਿਆਰ ਨਾਲ ਕੀਤਾ ਹਮਲਾ, ਜ਼ਖਮੀ
Friday, Sep 01, 2017 - 03:07 AM (IST)

ਪਾਇਲ(ਬਿੱਟੂ, ਵਿਨਾਇਕ)-ਪਿੰਡ ਘੁਡਾਣੀ ਖੁਰਦ ਦੇ ਬੱਸ ਅੱਡੇ ਨੇੜੇ ਪਤੀ ਵੱਲੋਂ ਆਪਣੀ ਪਤਨੀ ਹਰਪ੍ਰੀਤ ਕੌਰ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਨ ਦੀ ਖਬਰ ਹੈ। ਜਾਣਕਾਰੀ ਅਨੁਸਾਰ ਥਾਣਾ ਪਾਇਲ ਦੇ ਪਿੰਡ ਝੰਮਟ ਦੀ ਵਸਨੀਕ ਹਰਪ੍ਰੀਤ ਕੌਰ ਪੁੱਤਰੀ ਸਵ. ਮਲਕੀਤ ਸਿੰਘ ਦਾ ਕਰੀਬ 10 ਸਾਲ ਪਹਿਲਾਂ ਦਿਆ ਸਿੰਘ ਵਾਸੀ ਪੰਜ ਗਰਾਈਆਂ ਸੰਗਰੂਰ ਨਾਲ ਵਿਆਹ ਹੋਇਆ ਸੀ, ਜਿਸ ਦਾ ਕਈ ਸਾਲਾਂ ਤੋਂ ਘਰੇਲੂ ਝਗੜਾ ਹੋਣ ਕਰਕੇ ਵੱਖ-ਵੱਖ ਅਦਾਲਤਾਂ 'ਚ ਕੇਸ ਚੱਲਦਾ ਸੀ। ਦਿਆ ਸਿੰਘ ਨੇ ਆਪਣੀ ਪਤਨੀ ਹਰਪ੍ਰੀਤ ਕੌਰ ਤੇ ਸੰਗਰੂਰ ਤੇ ਹਰਪ੍ਰੀਤ ਕੌਰ ਨੇ ਪਾਇਲ ਅਦਾਲਤ 'ਚ ਕੇਸ ਕੀਤਾ ਹੋਇਆ ਸੀ। ਪਿੰਡ ਝੰਮਟ ਦੇ ਮੋਹਤਵਰ ਵਿਅਕਤੀਆਂ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਦਿਆ ਸਿੰਘ ਤੇ ਹਰਪ੍ਰੀਤ ਕੌਰ ਦਾ ਬੁੱਧਵਾਰ ਨੂੰ ਇਕ ਗੁਰਦੁਆਰੇ 'ਚ ਬੈਠ ਕੇ ਮੋਹਵਤਰ ਸੱਜਣਾਂ 'ਚ ਇਹ ਫੈਸਲਾ ਹੋ ਗਿਆ ਸੀ ਕਿ ਹਰਪ੍ਰੀਤ ਕੌਰ ਪਾਇਲ ਅਦਾਲਤ ਤੋਂ ਕੇਸ ਵਾਪਸ ਲਵੇਗੀ ਤੇ ਦਿਆ ਸਿੰਘ ਦੇ ਘਰੋਂ ਆਪਣਾ ਸਾਮਾਨ ਚੁੱਕ ਲਵੇਗੀ। ਇਹ ਵੀ ਪਤਾ ਲੱਗਾ ਹੈ ਕਿ ਹਰਪ੍ਰੀਤ ਕੌਰ ਖੁਦ ਆਪਣੀ ਐਕਟਵਾ 'ਤੇ ਦਿਆ ਸਿੰਘ ਨੂੰ ਪਾਇਲ ਨੂੰ ਲੈ ਕੇ ਆ ਰਹੀ ਸੀ ਅਤੇ ਘੁਡਾਣੀ ਖੁਰਦ ਨੇੜੇ ਦਿਆ ਸਿੰਘ ਨੇ ਆਪਣੀ ਪਤਨੀ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ, ਜਿਸ ਨੂੰ ਮੌਕੇ 'ਤੇ ਰਾਹਗੀਰਾਂ ਨੇ ਦਬੋਚ ਲਿਆ ਤੇ ਥਾਣਾ ਪਾਇਲ ਨੂੰ ਫੋਨ ਕਰ ਦਿੱਤਾ। ਪੀ. ਸੀ. ਆਰ. ਦੇ ਮੁਲਾਜ਼ਮ ਹੌਲਦਾਰ ਪਰਮਿੰਦਰ ਸਿੰਘ ਤੇ ਹੌਲਦਾਰ ਬਲਵੀਰ ਸਿੰਘ ਨੇ ਘਟਨਾ ਸਥਾਨ 'ਤੇ ਜਾ ਕੇ ਫੱਟੜ ਹਰਪ੍ਰੀਤ ਕੌਰ ਨੂੰ ਤੁਰੰਤ ਸਿਵਲ ਹਸਪਤਾਲ ਪਾਇਲ ਵਿਖੇ ਦਾਖਲ ਕਰਵਾਇਆ ਤੇ ਉਸਦੇ ਪਤੀ ਦਿਆ ਸਿੰਘ ਨੂੰ ਪਾਇਲ ਪੁਲਸ ਦੇ ਹਵਾਲੇ ਕਰ ਦਿੱਤਾ।