ਸੱਟਾਂ ਮਾਰਨ ਵਾਲੇ ਲੋਕਾਂ ਵਿਰੁੱਧ ਕਾਰਵਾਈ ਨਾ ਕਰਨ ਦੇ ਪੁਲਸ ''ਤੇ ਲਾਏ ਦੋਸ਼

Saturday, Jul 22, 2017 - 07:24 AM (IST)

ਸੱਟਾਂ ਮਾਰਨ ਵਾਲੇ ਲੋਕਾਂ ਵਿਰੁੱਧ ਕਾਰਵਾਈ ਨਾ ਕਰਨ ਦੇ ਪੁਲਸ ''ਤੇ ਲਾਏ ਦੋਸ਼

ਮਾਮਲਾ ਮੋਬਾਇਲ 'ਤੇ ਅਸ਼ਲੀਲ ਐੱਸ. ਐੱਮ. ਐੱਸ. ਭੇਜਣ 'ਤੇ ਹੋਈ ਲੜਾਈ ਦਾ
ਝਬਾਲ(ਹਰਬੰਸ, ਭਾਟੀਆ)-ਥਾਣਾ ਝਬਾਲ ਦੇ ਪਿੰਡ ਛਾਪਾ ਵਾਸੀ ਚਰਨਜੀਤ ਸਿੰਘ ਅਤੇ ਬਲਵੰਤ ਸਿੰਘ ਪੁੱਤਰ ਪੂਰਨ ਸਿੰਘ ਨੇ ਪੁਲਸ 'ਤੇ ਉਨ੍ਹਾਂ ਨੂੰ ਸੱਟਾਂ ਮਾਰ ਕੇ ਜ਼ਖਮੀ ਕਰਨ ਵਾਲੇ ਕਥਿਤ ਲੋਕਾਂ ਵਿਰੁੱਧ ਕਾਰਵਾਈ ਨਾ ਕਰਨ ਦੇ ਦੋਸ਼ ਲਾਏ ਹਨ। ਸਿਵਲ ਹਸਪਤਾਲ ਵਿਖੇ ਜ਼ੇਰੇ ਇਲਾਜ ਚਰਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਲੜਕੇ ਦਲਜੀਤ ਸਿੰਘ ਦੇ ਮੋਬਾਇਲ 'ਤੇ ਪਿੰਡ ਦੇ ਹੀ ਗੁਰਜੀਤ ਸਿੰਘ ਵੱਲੋਂ ਜਿਥੇ ਅਸ਼ਲੀਲ ਮੈਸੇਜ ਭੇਜੇ ਜਾਂਦੇ ਸਨ, ਉੱਥੇ ਹੀ ਉਸ ਨੂੰ ਲੜਾਈ ਲਈ ਵੀ ਵੰਗਾਰਿਆ ਜਾਂਦਾ ਸੀ।  ਉਸ ਦੱਸਿਆ ਕਿ 17 ਜੁਲਾਈ ਨੂੰ ਇਸੇ ਰੰਜਿਸ਼ ਕਾਰਨ ਉਕਤ ਕੁਲਦੀਪ ਸਿੰਘ ਵੱਲੋਂ ਆਪਣੇ ਹੋਰਨਾਂ ਸਾਥੀਆਂ ਸਮੇਤ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ ਅਤੇ ਉਨ੍ਹਾਂ ਦੇ ਘਰ 'ਚ ਜਬਰੀ ਦਾਖਲ ਹੋ ਕੇ ਉਸ ਸਮੇਤ ਉਸ ਦੇ ਭਰਾ ਬਲਵੰਤ ਸਿੰਘ ਅਤੇ ਲੜਕੀ ਮਨਪ੍ਰੀਤ ਕੌਰ ਨੂੰ ਸੱਟਾਂ ਮਾਰ ਕੇ ਗੰਭੀਰ ਰੂਪ 'ਚ ਜ਼ਖਮੀ ਕਰ ਦਿੱਤਾ। ਉਸ ਨੇ ਦੱਸਿਆ ਕਿ ਪੁਲਸ ਨੂੰ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਉਣ ਦੇ 4 ਦਿਨ ਬਾਅਦ ਵੀ ਕਥਿਤ ਲੋਕਾਂ ਵਿਰੁੱਧ ਨਾ ਤਾਂ ਕੋਈ ਕਾਰਵਾਈ ਕੀਤੀ ਗਈ ਹੈ ਅਤੇ ਨਾ ਹੀ ਉਨ੍ਹਾਂ ਦੇ ਬਿਆਨ ਕਲਮਬੱਧ ਕੀਤੇ ਗਏ ਹਨ। ਦੂਜੀ ਧਿਰ ਦੇ ਗੁਰਜੀਤ ਸਿੰਘ ਨੇ ਉਨ੍ਹਾਂ ਦੇ ਵੀ ਦੋ ਲੋਕਾਂ ਨੂੰ ਗੰਭੀਰ ਸੱਟਾਂ ਲੱਗਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਮੋਬਾਇਲ ਉੱਪਰ ਮੈਸੇਜ ਦਲਜੀਤ ਸਿੰਘ ਵੱਲੋਂ ਕੁਲਦੀਪ ਸਿੰਘ ਨੂੰ ਭੇਜ ਕੇ ਪ੍ਰੇਸ਼ਾਨ ਕੀਤਾ ਜਾਂਦਾ ਸੀ, ਜੋ ਮਾਮਲਾ ਪਿੰਡ ਦੇ ਮੋਹਤਬਰ ਵਿਅਕਤੀਆਂ 'ਚ ਜਾਣ ਉਪਰੰਤ ਦੋਹਾਂ ਧਿਰਾਂ ਵਿਚਾਲੇ ਰਾਜ਼ੀਨਾਮਾ ਹੋ ਗਿਆ ਸੀ ਪਰ 17 ਜੁਲਾਈ ਨੂੰ ਉਹ ਅਤੇ ਕੁਲਦੀਪ ਸਿੰਘ ਜਦੋਂ ਪਿੰਡ ਦੋਦੇ ਤੋਂ ਘਰ ਪਰਤ ਰਹੇ ਸਨ ਤਾਂ ਪਿੰਡ ਛਾਪੇ ਦੀਆਂ ਕਾਲੋਨੀਆਂ ਨੇੜੇ ਪਹਿਲਾਂ ਤੋਂ ਹੀ ਖੜ੍ਹੇ ਉਕਤ ਲੋਕਾਂ ਨੇ ਹਮਲਾ ਕਰਕੇ ਉਨ੍ਹਾਂ ਨੂੰ ਗੰਭੀਰ ਸੱਟਾਂ ਮਾਰੀਆਂ।  ਉਸ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਵੀ ਕਥਿਤ ਲੋਕਾਂ ਵਿਰੁੱਧ ਥਾਣਾ ਝਬਾਲ 'ਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਥਾਣਾ ਝਬਾਲ ਦੇ ਮੁਖੀ ਹਰਚੰਦ ਸਿੰਘ ਸੰਧੂ ਦਾ ਕਹਿਣਾ ਹੈ ਕਿ ਦੋਵਾਂ ਧਿਰਾਂ ਦੇ ਜ਼ਖਮੀਆਂ ਨੂੰ ਵੱਖ-ਵੱਖ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਡਾਕਟਰੀ ਰਿਪੋਰਟ ਦਾ ਨਤੀਜਾ ਨਹੀਂ ਆਇਆ ਹੈ ਤੇ ਜਦੋਂ ਵੀ ਨਤੀਜਾ ਆ ਜਾਵੇਗਾ, ਬਣਦੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ। 


Related News