ਬੀ. ਐੱਸ. ਐੱਫ. ਵੱਲੋਂ ਪੁਲਸ ਦੇ ਸਪੁਰਦ ਕੀਤੇ 2 ਕਿਸਾਨਾਂ ਖਿਲਾਫ ਕੇਸ ਦਰਜ
Tuesday, Jul 11, 2017 - 12:44 AM (IST)
ਫਿਰੋਜ਼ਪੁਰ (ਕੁਮਾਰ)—ਬੀ. ਐੱਸ. ਐੱਫ. ਦੀ 105 ਬਟਾਲੀਅਨ ਵੱਲੋਂ ਫਿਰੋਜ਼ਪੁਰ ਬਾਰਡਰ 'ਤੇ ਦੋਨਾ ਤੇਲੂ ਮੱਲ ਪੋਸਟ 'ਤੇ ਫੜ ਕੇ ਪੁਲਸ ਦੇ ਸਪੁਰਦ ਕੀਤੇ ਗਏ ਸਰਹੱਦੀ ਕਿਸਾਨ ਜੀਤ ਸਿੰਘ ਪੁੱਤਰ ਮਹਿਲ ਸਿੰਘ ਅਤੇ ਦੇਸਾ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਪਿੰਡ ਕਾਲੂ ਅਰਾਈ ਹਿਠਾੜ ਦੇ ਖਿਲਾਫ ਥਾਣਾ ਮਮਦੋਟ ਦੀ ਪੁਲਸ ਨੇ ਮੁਕੱਦਮਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏ. ਐੱਸ. ਆਈ. ਪਵਨ ਕੁਮਾਰ ਨੇ ਦੱਸਿਆ ਕਿ ਪੁਲਸ ਨੂੰ ਦਿੱਤੀ ਲਿਖਤੀ ਸ਼ਿਕਾਇਤ ਵਿਚ ਕੰਪਨੀ ਕਮਾਂਡਰ ਭੁਪਿੰਦਰ ਸਿੰਘ ਨੇ ਦੋਸ਼ ਲਾਇਆ ਹੈ ਕਿ ਜੀਤ ਸਿੰਘ ਅਤੇ ਦੇਸਾ ਸਿੰਘ ਦੀ ਜ਼ਮੀਨ ਦੋਨਾ ਤੇਲੂ ਮੱਲ ਵਿਚ ਕੰਟੀਲੀ ਤਾਰ ਦੇ ਪਾਰ ਹੈ ਅਤੇ ਉਹ ਆਪਣੀ ਜ਼ਮੀਨ ਵਿਚ ਫਸਲ ਦੀ ਬਿਜਾਈ ਦੇ ਅਨੁਸਾਰ ਨਾਮਜ਼ਦ ਵਿਅਕਤੀ ਜ਼ੀਰੋ ਲਾਈਨ ਤੋਂ ਅੱਗੇ ਨਿਕਲ ਗਏ ਅਤੇ ਕੋਸ਼ਿਸ਼ ਕਰ ਰਹੇ ਸਨ ਕਿ ਕਿਸੇ ਪਾਕਿਸਤਾਨੀ ਨਾਲ ਗੱਲ ਹੋ ਜਾਵੇ ਪਰ ਉਨ੍ਹਾਂ ਦੀ ਗੱਲ ਨਹੀਂ ਹੋ ਸਕੀ। ਬੀ. ਐੱਸ. ਐੱਫ. ਵੱਲੋਂ ਇਨ੍ਹਾਂ ਦੋਵਾਂ ਨੂੰ ਫੜ ਕੇ ਪੁਲਸ ਦੇ ਸਪੁਰਦ ਕਰ ਦਿੱਤਾ ਗਿਆ ਹੈ।
ਸਰਹੱਦੀ ਕਿਸਾਨਾਂ 'ਚ ਬੀ. ਐੱਸ. ਐੱਫ. ਦੇ ਪ੍ਰਤੀ ਰੋਸ ਵਧਿਆ
ਦੂਸਰੇ ਪਾਸੇ ਬੀ. ਐੱਸ. ਐੱਫ. ਦੀ ਇਸ ਕਾਰਵਾਈ ਨੂੰ ਲੈ ਕੇ ਬੀ. ਐੱਸ. ਐੱਫ. ਫਿਰੋਜ਼ਪੁਰ ਮਮਦੋਟ ਹੈੱਡਕੁਆਰਟਰ 'ਤੇ ਸਰਹੱਦੀ ਲੋਕਾਂ ਵੱਲੋਂ ਰੋਸ ਧਰਨਾ ਦੇਣ ਅਤੇ ਪ੍ਰਦਰਸ਼ਨ ਕਰਨ ਦੇ ਬਾਅਦ ਸਰਹੱਦੀ ਪਿੰਡਾਂ ਦੇ ਲੋਕਾਂ ਵਿਚ ਬੀ. ਐੱਸ. ਐੱਫ. ਦੇ ਪ੍ਰਤੀ ਰੋਸ ਵੱਧ ਗਿਆ ਹੈ। ਕਾਮਰੇਡ ਹੰਸਾ ਸਿੰਘ ਸੈਕਟਰੀ ਬਾਰਡਰ ਏਰੀਆ ਸੰਘਰਸ਼ ਕਮੇਟੀ ਪੰਜਾਬ ਅਤੇ ਉਨ੍ਹਾਂ ਦੇ ਸਾਥੀਆਂ ਨੇ ਦੋਸ਼ ਲਾਇਆ ਹੈ ਕਿ ਇਸ ਕੇਸ ਵਿਚ ਬੀ. ਐੱਸ. ਐੱਫ. ਨੇ ਸਰਾਸਰ ਜ਼ਿਆਦਤੀ ਕੀਤੀ ਹੈ ਅਤੇ ਆਪਣੇ ਨੰਬਰ ਬਣਾਉਣ ਦੇ ਲਈ ਬੀ. ਐੱਸ. ਐੱਫ. ਵਾਲੇ ਬਿਨਾਂ ਵਜ੍ਹਾ ਕਿਸਾਨਾਂ ਨੂੰ ਪ੍ਰੇਸ਼ਾਨ ਕਰਦੇ ਹਨ। ਅਸੀਂ ਵੀ ਚਾਹੁੰਦੇ ਹਾਂ ਕਿ ਸਾਡੀਆਂ ਸਰਹੱਦਾਂ ਸੁਰੱਖਿਅਤ ਹੋਣ ਅਤੇ ਸਮੱਗਲਿੰਗ ਰੁਕੇ ਪਰ ਇਸਦੀ ਆੜ ਵਿਚ ਜੇਕਰ ਬੀ. ਐੱਸ. ਐੱਫ. ਬਾਰਡਰ 'ਤੇ ਰਹਿੰਦੇ ਕਿਸਾਨਾਂ ਨੂੰ ਝੂਠੇ ਦੋਸ਼ ਲਗਾ ਕੇ ਪ੍ਰੇਸ਼ਾਨ ਕਰੇਗੀ, ਤਾਂ ਉਹ ਸਹਿਣ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਪੁਲਸ ਤੁਰੰਤ ਇਹ ਝੂਠਾ ਮੁਕੱਦਮਾ ਰੱਦ ਕਰਕੇ ਜੀਤ ਸਿੰਘ ਅਤੇ ਦੇਸਾ ਸਿੰਘ ਨੂੰ ਰਿਹਾਅ ਕਰੇ।
