ਭਾਗੀਵਾਂਦਰ ਵਾਂਗ ਜਗਰਾਓਂ ''ਚ ਵੀ ਜੇਬ ਕਤਰੇ ਨੂੰ ''ਸਜ਼ਾ''
Sunday, Jun 11, 2017 - 07:47 AM (IST)
ਜਗਰਾਓਂ(ਜਸਬੀਰ ਸ਼ੇਤਰਾ)–ਨਸ਼ਾ ਸਮੱਗਲਿੰਗ, ਲੁਟੇਰਿਆਂ ਤੇ ਚੋਰਾਂ ਤੋਂ ਅੱਕੇ ਲੋਕ ਹੁਣ ਮੌਕੇ 'ਤੇ ਹੀ ਫ਼ੈਸਲਾ ਸੁਣਾਉਣ ਤੋਂ ਲੈ ਕੇ 'ਸਜ਼ਾ' ਦੇਣ ਤਕ ਦੀ ਕਾਰਵਾਈ ਲਈ ਕਾਨੂੰਨ ਵੀ ਹੱਥ 'ਚ ਲੈਣ ਲੱਗੇ ਹਨ। ਤਲਵੰਡੀ ਸਾਬੋ ਦੇ ਪਿੰਡ ਭਾਗੀਵਾਂਦਰ 'ਚ ਵੀਰਵਾਰ ਨੂੰ ਕਥਿਤ ਨਸ਼ਾ ਸਮੱਗਲਰ ਦੀ ਲੱਤ ਅਤੇ ਬਾਂਹ ਵੱਢਣ ਤੋਂ ਬਾਅਦ ਸ਼ੁੱਕਰਵਾਰ ਨੂੰ ਲੁਧਿਆਣਾ ਦੇ ਇਕ ਘਰ 'ਚ ਦਾਖਲ ਹੋਏ ਲੁਟੇਰਿਆਂ 'ਚੋਂ ਇਕ ਨੂੰ ਕਾਬੂ ਕਰਕੇ ਭੁਗਤ ਸੰਵਾਰਨ ਤੋਂ ਬਾਅਦ ਲਗਾਤਾਰ ਤੀਸਰੇ ਦਿਨ ਅੱਜ ਸ਼ਨੀਵਾਰ ਨੂੰ ਜਗਰਾਓਂ 'ਚ ਲੋਕਾਂ ਨੇ ਇਕ ਜੇਬ ਕਤਰੇ ਨੂੰ ਇੰਝ ਹੀ ਸਰੇ-ਬਾਜ਼ਾਰ 'ਸਜ਼ਾ' ਦਿੱਤੀ। ਜਿਵੇਂ ਹੀ ਜੇਬ ਕਤਰੇ ਨੇ ਇਕ ਕਿਸਾਨ ਦੀ ਜੇਬ 'ਤੇ ਹੱਥ ਸਾਫ਼ ਕਰਨ ਲੱਗਾ ਤਾਂ ਲੋਕਾਂ ਨੇ ਫੜ ਲਿਆ।
ਲੋਕਾਂ ਨੇ ਉਸ ਨੂੰ ਰੱਸੀਆਂ ਨਾਲ ਬੰਨ੍ਹਣ ਪਿੱਛੋਂ ਸੜਕ 'ਤੇ ਲੰਮਾ ਪਾ ਕੇ ਚੰਗਾ ਕੁਟਾਪਾ ਚਾੜ੍ਹਿਆ। ਉਹ ਰੋਂਦਾ ਤੇ ਚੀਕਦਾ ਰਿਹਾ ਪਰ ਗੁੱਸੇ ਵਿਚ ਆਏ ਲੋਕਾਂ ਨੇ 'ਤਸੱਲੀ' ਕਰਕੇ ਹੀ ਪੁਲਸ ਹਵਾਲੇ ਕੀਤਾ।
ਨੌਜਵਾਨ ਇਥੇ ਲਾਜਪਤ ਰਾਏ ਰੋਡ 'ਤੇ ਸਥਿਤ ਨਹਿਰੂ ਮਾਰਕੀਟ ਦੇ ਭੀੜ ਵਾਲੇ ਬਾਜ਼ਾਰ 'ਚ ਅੱਜ ਸਵੇਰੇ ਪਿੰਡ ਪੋਨਾ ਤੋਂ ਕਿਸਾਨ ਜੋਗਿੰਦਰ ਸਿੰਘ ਦੀ ਜੇਬ ਕੱਟਣ ਲੱਗਾ ਸੀ। ਕਿਸਾਨ ਮੰਡੀ 'ਚੋਂ ਆੜ੍ਹਤੀ ਤੋਂ ਦਸ ਹਜ਼ਾਰ ਰੁਪਏ ਘਰੇਲੂ ਵਰਤੋਂ ਲਈ ਲੈ ਕੇ ਆ ਰਿਹਾ ਸੀ। ਲੋਕ ਨੌਜਵਾਨ ਨੂੰ ਫੜ ਕੇ ਨਹਿਰੂ ਮਾਰਕੀਟ ਚੌਕ ਵਿਚ ਲੈ ਆਏ ਅਤੇ ਰੱਸੀਆਂ ਨਾਲ ਇਕ ਮੋਟਰਸਾਈਕਲ ਨਾਲ ਬੰਨ੍ਹ ਲਿਆ। ਅੱਤ ਦੀ ਗਰਮੀ ਵਿਚ ਤਪਦੀ ਸੜਕ 'ਤੇ ਲੰਮਾ ਪਾ ਕੇ ਲੋਕਾਂ ਨੇ ਇਸ ਜੇਬ ਕਤਰੇ ਨੂੰ ਲੰਮਾ ਪਾ ਲਿਆ। ਮੁਲਜ਼ਮ ਚੀਕਦਾ ਰਿਹਾ ਪਰ ਲੋਕਾਂ ਨੇ ਉਸ ਦੀਆਂ ਚੀਕਾਂ ਵੱਲ ਬਿਨਾਂ ਕੋਈ ਧਿਆਨ ਦਿੱਤੇ ਹੋਏ ਉਸ ਦੀ ਚੰਗੀ ਕੁੱਟਮਾਰ ਕੀਤੀ। ਇਸ ਤਰ੍ਹਾਂ ਭੀੜ ਨੇ ਮੌਕੇ 'ਤੇ ਹੀ ਆਪਣਾ 'ਫ਼ੈਸਲਾ' ਸੁਣਾ ਦਿੱਤਾ।
ਲੋਕਾਂ ਵੱਲੋਂ ਕੀਤੀ ਕੁੱਟਮਾਰ ਤੋਂ ਪੁਲਸ ਜ਼ਿਲਾ ਲੁਧਿਆਣਾ ਦਿਹਾਤੀ ਦੇ ਸੀਨੀਅਰ ਪੁਲਸ ਕਪਤਾਨ ਸੁਰਜੀਤ ਸਿੰਘ ਆਈ. ਪੀ. ਐੱਸ. ਨੂੰ ਇਸ ਦੀ ਜਾਣਕਾਰੀ ਦਿੱਤੀ ਗਈ। ਕਰੀਬ ਅੱਧਾ ਘੰਟਾ ਬਾਅਦ ਪੀ. ਸੀ. ਆਰ. ਮੁਲਾਜ਼ਮ ਆ ਕੇ ਮੁਲਜ਼ਮ ਨੂੰ ਥਾਣਾ ਸਿਟੀ 'ਚ ਲੈ ਗਏ। ਥਾਣਾ ਸਿਟੀ ਇੰਚਾਰਜ ਇੰਦਰਜੀਤ ਸਿੰਘ ਬੋਪਾਰਾਏ ਨੇ ਸੰਪਰਕ ਕਰਨ 'ਤੇ ਕਿਹਾ ਕਿ ਕਿਸਾਨ ਜੋਗਿੰਦਰ ਸਿੰਘ ਨੂੰ ਬਿਆਨ ਦੇਣ ਲਈ ਸੱਦਿਆ ਗਿਆ ਹੈ। ਕਿਸਾਨ ਵੱਲੋਂ ਦਿੱਤੇ ਜਾਣ ਵਾਲੇ ਬਿਆਨਾਂ ਅਨੁਸਾਰ ਹੀ ਪੁਲਸ ਵੱਲੋਂ ਅਗਲੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਆਪਣਾ ਨਾਂ ਚੰਦਰ ਦੱਸਦਾ ਹੈ, ਜੋ ਮੂਲ ਰੂਪ 'ਚ ਉਤਰ ਪ੍ਰਦੇਸ਼ ਨਾਲ ਸਬੰਧਤ ਹੈ।
