ਦਲਿਤ ਪਰਿਵਾਰ ਦੀ ਲੜਕੀ ਨਾਲ ਛੇੜਛਾੜ ਕਰਨ ''ਤੇ ਉਸਦੇ ਮਾਂ-ਬਾਪ ਦੀ ਕੁੱਟਮਾਰ ਕਰਨ ਦਾ ਮਾਮਲਾ ਗਰਮਾਇਆ
Sunday, Jun 11, 2017 - 02:01 AM (IST)
ਬੁਢਲਾਡਾ(ਬਾਂਸਲ, ਨਿਰੰਜਣ)-ਮੇਲੇ ਦੌਰਾਨ ਗੁਰੂ-ਘਰ ਮੱਥਾ ਟੇਕਣ ਜਾਂਦੀ ਦਲਿਤ ਔਰਤ ਅਤੇ ਉਸਦੀਆਂ ਲੜਕੀਆਂ ਨਾਲ ਛੇੜਛਾੜ ਦੇ ਮਾਮਲੇ ਵਿਚ ਐੱਸ. ਸੀ. ਕਮਿਸ਼ਨ ਪੰਜਾਬ ਵੱਲੋਂ ਸਖਤ ਨੋਟਿਸ ਲਿਆ ਗਿਆ ਹੈ ਅਤੇ ਐੱਸ. ਐੱਸ. ਪੀ. ਮਾਨਸਾ ਨੂੰ 15 ਦਿਨਾਂ ਦੇ ਅੰਦਰ-ਅੰਦਰ ਮਾਮਲੇ ਦੀ ਪੂਰੀ ਰਿਪੋਰਟ ਭੇਜਣ ਦੀ ਹਦਾਇਤ ਕੀਤੀ ਗਈ ਹੈ। ਇਸ ਦੌਰਾਨ ਡੀ. ਐੱਸ. ਪੀ. ਬੁਢਲਾਡਾ ਨੂੰ ਤੁਰੰਤ ਤਲਬ ਕੀਤਾ ਗਿਆ ਹੈ। ਦਲਿਤ ਪਰਿਵਾਰ ਦੇ ਘਰ ਨਾਲ ਸਾਂਝੀ ਇਕ ਦੁਕਾਨ ਉੱਪਰ ਰਾਤ ਸਮੇਂ ਰੋਜ਼ਾਨਾ ਅਕਸਰ ਸਪੀਕਰ ਉੱਚੀ ਕਰਕੇ ਗੰਦੇ ਗਾਣੇ ਬਜਾਉਣ ਅਤੇ ਹੁਲੜਬਾਜ਼ੀ ਤੋਂ ਰੋਕਣ ਦਾ ਵਿਰੋਧ ਕਰਨ ਵਾਲੇ ਦਲਿਤ ਪਰਿਵਾਰ ਨੂੰ ਕੁੱਟਮਾਰ ਦਾ ਸ਼ਿਕਾਰ ਹੋਣਾ ਪਿਆ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪਿੰਡ ਬਰ੍ਹੇ ਵਿਖੇ ਲੱਗੇ ਇਤਿਹਾਸਕ ਜੋੜ ਮੇਲੇ ਦੇ ਮੌਕੇ 'ਤੇ ਦਲਿਤ ਪਰਿਵਾਰ ਦੀ ਔਰਤ ਜਸਵਿੰਦਰ ਕੌਰ ਆਪਣੀ ਧੀਆਂ ਨਾਲ ਗੁਰੂ-ਘਰ ਮੱਥਾ ਟੇਕਣ ਜਾ ਰਹੀਆਂ ਸਨ ਕਿ ਪਿੰਡ ਦੇ ਕੁਝ ਮਨਚਲੇ ਨੌਜਵਾਨਾਂ ਵਲੋਂ ਕੀਤੀ ਕੁੱਟਮਾਰ ਅਤੇ ਛੇੜਛਾੜ ਕਰਨ ਉਪਰੰਤ ਉਨ੍ਹਾਂ ਦਾ ਵਿਰੋਧ ਕਰਨ 'ਤੇ ਆਪਸੀ ਤਕਰਾਰ ਹੋ ਗਿਆ। ਉਕਤ ਮਹਿਲਾ ਦੇ ਪਤੀ ਜਗਦੇਵ ਸਿੰਘ ਨੇ ਇਸ ਘਟਨਾ ਦੀ ਸੂਚਨਾ 5 ਜੂਨ ਨੂੰ ਤੁਰੰਤ ਪੁਲਸ ਥਾਣਾ ਬੋਹਾ ਨੂੰ ਦਿੱਤੀ ਪ੍ਰੰਤੂ ਪੁਲਸ ਵੱਲੋਂ ਮੌਕੇ 'ਤੇ ਕਾਰਵਾਈ ਨਾ ਕਰਨ 'ਤੇ ਉਕਤ ਮੁਲਜ਼ਮਾਂ ਦੇ ਹੌਸਲੇ ਬੁਲੰਦ ਹੋ ਗਏ ਅਤੇ ਇਸ ਮਾਮਲੇ ਦਾ ਵਿਰੋਧ ਕਰਨ 'ਤੇ ਉਨ੍ਹਾਂ ਦੇ ਘਰ 'ਚ 7 ਜੂਨ ਨੂੰ ਦਾਖਲ ਹੋ ਕੇ ਔਰਤ ਅਤੇ ਉਸਦੇ ਪਤੀ ਦੀ ਕੁੱਟਮਾਰ ਕਰਕੇ ਗੰਭੀਰ ਰੂਪ ਵਿਚ ਜ਼ਖਮੀ ਕਰ ਦਿੱਤਾ। ਜ਼ਖਮੀ ਜੋੜੇ ਨੂੰ ਸਰਕਾਰੀ ਹਸਪਤਾਲ ਬੁਢਲਾਡਾ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਹਾਲਤ ਗੰਭੀਰ ਹੋਣ ਕਾਰਨ ਔਰਤ ਨੂੰ ਮਾਨਸਾ ਅਤੇ ਉਸਦੇ ਪਤੀ ਨੂੰ ਪੀ. ਜੀ. ਆਈ. ਚੰਡੀਗੜ੍ਹ ਰੈਫਰ ਕਰ ਦਿੱਤਾ। ਔਰਤ ਦੇ ਪਤੀ ਦੀ ਅੱਖ ਬੁਰੀ ਤਰ੍ਹਾਂ ਨੁਕਸਾਨੀ ਗਈ, ਜਿਥੇ ਅੱਜ ਪੀ. ਜੀ. ਆਈ. ਚੰਡੀਗੜ੍ਹ ਦੇ ਡਾਕਟਰਾਂ ਵੱਲੋਂ ਆਪਰੇਸ਼ਨ ਕੀਤਾ ਗਿਆ। ਦੂਸਰੇ ਪਾਸੇ ਇਸ ਘਟਨਾ 'ਚ ਜ਼ਖਮੀ ਹੋਏ ਸ਼ਗਨਦੀਪ ਸਿੰਘ ਦਾ ਕਹਿਣਾ ਸੀ ਕਿ ਘਰ ਦੇ ਰਸਤੇ 'ਚ ਪਈਆਂ ਛਟੀਆਂ ਨੂੰ ਪਾਸੇ ਕਰਨ ਲਈ ਕਿਹਾ ਗਿਆ ਸੀ ਪਰ ਉਕਤ ਦਲਿਤ ਔਰਤ ਨੇ ਆਪਣੀ ਧੀਆਂ ਨਾਲ ਮੇਰੀ ਮੇਲੇ 'ਚ ਕੁੱਟਮਾਰ ਕਰ ਦਿੱਤੀ ਅਤੇ ਉਸ ਤੋਂ ਬਾਅਦ ਬਿੰਦਰ ਮੋਟਰਾਂ ਵਾਲੇ ਦੀ ਦੁਕਾਨ 'ਤੇ ਜਿੱਥੇ ਦਲਿਤ ਔਰਤ ਅਤੇ ਉਸਦੇ ਪਤੀ ਵੱਲੋਂ ਰੋੜਿਆਂ ਦਾ ਪਥਰਾਅ ਕਰ ਦਿੱਤਾ, ਇਸ ਦੌਰਾਨ ਅਸੀਂ ਆਪਣਾ ਬਚਾਓ ਕੀਤਾ ਤਾਂ ਦਲਿਤ ਔਰਤ ਦਾ ਪਤੀ ਨਜ਼ਦੀਕ ਪਈ ਖਰਾਬ ਮੋਟਰ ਤੋਂ ਪੈਰ ਫਿਸਲਣ ਕਾਰਨ ਡਿੱਗ ਗਿਆ ਅਤੇ ਜ਼ਖਮੀ ਹੋ ਗਿਆ। ਉਨ੍ਹਾਂ ਛੇੜਛਾੜ ਦੀਆਂ ਘਟਨਾਵਾਂ ਤੋਂ ਮੁੱਢੋਂ ਹੀ ਇਨਕਾਰ ਕਰ ਦਿੱਤਾ। ਦੂਸਰੇ ਪਾਸੇ ਛੇੜਛਾੜ ਦੀ ਘਟਨਾ ਨੂੰ ਲੈ ਕੇ ਪੁਲਸ ਦੀ ਢਿੱਲੀ ਕਾਰਗੁਜ਼ਾਰੀ 'ਤੇ ਟਿੱਪਣੀ ਕਰਦਿਆਂ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਆਗੂ ਸ਼ੇਰ ਸਿੰਘ ਸ਼ੇਰ, ਜਗਸੀਰ ਸਿੰਘ ਜ਼ਿਲਾ ਪ੍ਰਧਾਨ ਦਲਿਤ ਦਾਸਤਾ ਵਿਰੋਧੀ ਅੰਦੋਲਨ ਨੇ ਐਲਾਨ ਕੀਤਾ ਕਿ ਐੱਸ. ਐੱਚ. ਓ. ਬੋਹਾ ਨੂੰ ਮੁਅੱਤਲ ਕਰਨ ਅਤੇ ਦੋਸ਼ੀਆਂ ਖਿਲਾਫ ਕਾਰਵਾਈ ਨੂੰ ਲੈ ਕੇ ਐੱਸ. ਐੱਸ. ਪੀ. ਮਾਨਸਾ ਦੇ ਦਫਤਰ ਅੱਗੇ 12 ਨੂੰ ਧਰਨਾ ਦੇਣ ਦਾ ਐਲਾਨ ਕੀਤਾ ਹੈ ਅਤੇ ਪੁਲਸ ਦੀ ਕਾਰਗੁਜ਼ਾਰੀ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਗਈ। ਇਸ ਮੌਕੇ ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾ ਪ੍ਰਧਾਨ ਕਾਮਰੇਡ ਭਗਵੰਤ ਸਿੰਘ ਸਮਾਓ ਦਾ ਕਹਿਣਾ ਹੈ ਕਿ ਜੇਕਰ ਪ੍ਰਸ਼ਾਸਨ ਵੱਲੋਂ ਗੁੰਡਿਆਂ ਖਿਲਾਫ ਕਾਰਵਾਈ ਨਾ ਕੀਤੀ ਗਈ ਤਾਂ ਮਜ਼ਦੂਰ ਮੁਕਤੀ ਮੋਰਚਾ ਸਮੁੱਚੇ ਦਲਿਤ ਪਰਿਵਾਰਾਂ ਨੂੰ ਨਾਲ ਲੈ ਕੇ ਸੰਘਰਸ਼ ਆਰੰਭੇਗਾ। ਉਨ੍ਹਾਂ ਇਸ ਘਟਨਾ ਦੀ ਘੋਰ ਨਿੰਦਿਆ ਕੀਤੀ।
ਕੀ ਕਹਿਣਾ ਹੈ ਐੱਸ. ਐੱਚ. ਓ. ਬੋਹਾ ਦਾ : ਐੱਸ. ਐੱਚ. ਓ. ਜਰਨੈਲ ਸਿੰਘ ਨੇ ਛੇੜਛਾੜ ਦੀ ਘਟਨਾ ਨੂੰ ਮਨਘੜਤ ਦੱਸਿਆ। ਉਨ੍ਹਾਂ ਕਿਹਾ ਕਿ ਦੋਵਾਂ ਧਿਰਾਂ ਵਿਚਕਾਰ ਝਗੜਾ ਜ਼ਰੂਰ ਹੋਇਆ ਹੈ। ਦਲਿਤ ਔਰਤ ਜਸਵਿੰਦਰ ਕੌਰ ਦੇ ਬਿਆਨ ਤੇ ਸ਼ਗਨਦੀਪ ਅਤੇ ਬਿੰਦਰ ਸਿੰਘ ਦੇ ਖਿਲਾਫ ਧਾਰਾ 341, 323, 506 ਆਈ. ਪੀ. ਸੀ. ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਡਾਕਟਰ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ, ਜਦੋਂ ਕਿ ਸ਼ਗਨਦੀਪ ਦੇ ਬਿਆਨ 'ਤੇ ਜਸਵਿੰਦਰ ਕੌਰ, ਜਗਦੇਵ ਸਿੰਘ ਅਤੇ ਇਕ ਹੋਰ ਵਿਅਕਤੀ ਖਿਲਾਫ ਧਾਰਾ 323 ਮਾਮਲਾ ਦਰਜ ਕੀਤਾ ਹੈ।
