ਪਠਾਨਕੋਟ ’ਚ ਮਸ਼ਹੂਰ ਕ੍ਰਿਕਟਰ ਸੁਰੇਸ਼ ਰੈਨਾ ਦੇ ਕਰੀਬੀ ਰਿਸ਼ਤੇਦਾਰ ਦਾ ਕਤਲ

Sunday, Aug 30, 2020 - 06:27 PM (IST)

ਪਠਾਨਕੋਟ ’ਚ ਮਸ਼ਹੂਰ ਕ੍ਰਿਕਟਰ ਸੁਰੇਸ਼ ਰੈਨਾ ਦੇ ਕਰੀਬੀ ਰਿਸ਼ਤੇਦਾਰ ਦਾ ਕਤਲ

ਪਠਾਨਕੋਟ,(ਕੰਵਲ ਰੰਧਾਵਾ): ਭਾਰਤੀ ਕ੍ਰਿਕਟਰ ਸੁਰੇਸ਼ ਰੈਨਾ ਦੇ ਪਠਾਨਕੋਟ ’ਚ ਰਹਿੰਦੇ ਕਰੀਬੀ ਰਿਸ਼ਤੇਦਾਰ ਦਾ ਲੁਟੇਰਿਆਂ ਵਲੋਂ ਕਤਲ ਕਰ ਦੇਣ ਦੀ ਖਬਰ ਸਾਹਮਣੇ ਆਈ ਹੈ। ਬੀਤੇ ਕੁੱਝ ਦਿਨਾਂ ਪਹਿਲਾਂ ਪਿੰਡ ਥਰਿਆਲ ’ਚ ਲੁਟੇਰਿਆਂ ਵਲੋਂ ਪਠਾਨਕੋਟ ’ਚ ਇਕ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਜਿਸ ਦੌਰਾਨ ਲੁਟੇਰਿਆਂ ਨੇ 5 ਲੋਕਾਂ ’ਤੇ ਹਮਲਾ ਕਰ ਉਨ੍ਹਾਂ ਨੂੰ ਜ਼ਖਮੀ ਕਰ ਦਿੱਤਾ, ਜਿਨ੍ਹਾਂ ’ਚੋਂ ਇਕ ਦੀ ਮੌਤ ਹੋ ਗਈ, ਜੋ ਕਿ ਰਿਸ਼ਤੇਦਾਰੀ ’ਚ ਅੰਤਰਰਾਸ਼ਟਰੀ ਕ੍ਰਿਕਟਰ ਸੁਰੇਸ਼ ਰੈਨਾ ਦਾ ਫੁੱਫੜ ਲੱਗਦਾ ਹੈ। 
ਜਾਣਕਾਰੀ ਮੁਤਾਬਕ ਬੀਤੀ 20 ਅਗਸਤ ਨੂੰ ਹਥਿਆਰਬੰਦ ਲੁਟੇਰਿਆਂ ਵਲੋਂ ਹਲਕਾ ਸੁਜਾਨਪੁਰ ਦੇ ਪਿੰਡ ਥਰਿਆਲ ’ਚ 5 ਵਿਅਕਤੀਆਂ ਨੂੰ ਜ਼ਖਮੀ ਕਰ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਜਿਸ ਦੇ ਚੱਲਦੇ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 4 ਲੋਕ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਦਾ ਇਲਾਜ ਨਿਜੀ ਹਸਪਤਾਲ ’ਚ ਚੱਲ ਰਿਹਾ ਹੈ। 
ਦੱਸਣਯੋਗ ਹੈ ਕਿ ਜਿਸ ਵਿਅਕਤੀ ਦੀ ਮੌਤ ਹੋਈ ਹੈ, ਉਹ ਕ੍ਰਿਕਟਰ ਸੁਰੇਸ਼ ਰੈਨਾ ਦਾ ਫੁੱਫੜ ਦੱਸਿਆ ਜਾ ਰਿਹਾ ਹੈ ਅਤੇ ਕਿਆਸ ਲਗਾਇਆ ਜਾ ਰਿਹਾ ਹੈ ਕਿ ਅਗਲੇ ਕੁੱਝ ਦਿਨਾਂ ’ਚ ਸੁਰੇਸ਼ ਰੈਨਾ ਪਠਾਨਕੋਟ ਆ ਕੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰ ਸਕਦੇ ਹਨ। ਉਥੇ ਹੀ 9 ਦਿਨ ਬੀਤ ਜਾਣ ਦੇ ਬਾਅਦ ਵੀ ਪੁਲਸ ਦੇ ਹੱਥ ਖਾਲੀ ਹਨ ਅਤੇ ਪੁਲਸ ਨੂੰ ਸ਼ੱਕ ਹੈ ਕਿ ਕਾਲਾ ਕੱਛਾ ਗਿਰੋਹ ਇਲਾਕੇ ’ਚ ਇਕ ਵਾਰ ਫਿਰ ਤੋਂ ਸਰਗਰਮ ਹੋ ਚੁਕਾ ਹੈ, ਜਿਸ ਦੇ ਚੱਲਦੇ ਪੁਲਸ ਨੇ ਸਾਰੇ ਪਿੰਡਾਂ ਦੇ ਲੋਕਾਂ ਨੂੰ ਰਾਤ ਨੂੰ ਠੀਕਰੀ ਪਹਿਰਾ ਦੇਣ ਦੇ ਹੁਕਮ ਜਾਰੀ ਕੀਤੇ ਹਨ।

ਇਸ ਸਬੰਧੀ ਜਦੋਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਮ੍ਰਿਤਕ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਕਰੀਬ 9 ਦਿਨ  ਵਾਰਦਾਤ ਨੂੰ ਹੋ ਚੁਕੇ ਹਨ ਪਰ ਪੁਲਸ ਵਲੋਂ ਅਜੇ ਤਕ ਨਾ ਤਾਂ ਕੋਈ ਕਾਰਵਾਈ ਕੀਤੀ ਗਈ ਹੈ ਅਤੇ ਨਾ ਹੀ ਕੋਈ ਗ੍ਰਿਫਤਾਰੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕ੍ਰਿਕਟਰ ਸੁਰੇਸ਼ ਰੈਨਾ ਉਨ੍ਹਾਂ ਦਾ ਰਿਸ਼ਤੇਦਾਰ ਹੈ ਅਤੇ ਮ੍ਰਿਤਕ ਉਸ ਦਾ ਫੁੱਫੜ ਲੱਗਦਾ ਹੈ ਅਤੇ ਉਹ ਪਠਾਨਕੋਟ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਆ ਸਕਦਾ ਹੈ।  


author

Deepak Kumar

Content Editor

Related News